ਦਿਲੀ ਹਾਈ ਕੋਰਟ ਵਾਂਗਚੁਕ ਅਤੇ ਹੋਰਾਂ ਵੱਲੋਂ ਪ੍ਰਦਰਸ਼ਨ ਦੀ ਇਜਾਜ਼ਤ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਕਰੇਗਾ
ਨਵੀਂ ਦਿੱਲੀ, 8 ਅਕਤੂਬਰ
ਦਿੱਲੀ ਹਾਈਕੋਰਟ ਨੇ ਵਾਤਾਵਰਨ ਕਾਰਕੂਨ ਸੋਨਮ ਵਾਂਗਚੁਕ ਅਤੇ ਹੋਰਾਂ ਨੂੰ ਜੰਤਰ-ਮੰਤਰ ਜਾਂ ਰਾਸ਼ਟਰੀ ਰਾਜਧਾਨੀ ਦੇ ਕਿਸੇ ਹੋਰ ਢੁਕਵੇਂ ਸਥਾਨ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕਰਦੀ ਪਟੀਟਸ਼ਨ ਨੂੰ ਸੁਣਵਾਈ ਲਈ ਬੁੱਧਵਾਰ ਲਈ ਸੂਚੀਬੱਧ ਕੀਤਾ ਹੈ।
ਪਟੀਸ਼ਨਕਰਤਾ ਐਪੈਕਸ ਬਾਡੀ ਲੇਹ ਨੇ ਕਿਹਾ ਕਿ ਉਸਨੇ ਵਾਂਗਚੁਕ ਅਤੇ ਲਗਭਗ 200 ਹੋਰਾਂ ਦੇ ਨਾਲ ਲੇਹ, ਲੱਦਾਖ ਤੋਂ ਦਿੱਲੀ ਤੱਕ ਸ਼ਾਂਤਮਈ ਰੋਸ ਮਾਰਚ ਸ਼ੁਰੂ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਲੱਦਾਖ ਅਤੇ ਵਿਸ਼ਾਲ ਹਿਮਾਲਿਅਨ ਖੇਤਰ ਦੇ ਵਾਤਾਵਰਣ ਅਤੇ ਸੱਭਿਆਚਾਰਕ ਪਤਨ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਾਰਚ ਨੇ 30 ਦਿਨਾਂ ਵਿਚ 900 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪਟੀਸ਼ਨਕਰਤਾ ਸੰਗਠਨ ਜੰਤਰ-ਮੰਤਰ ਜਾਂ ਦਿੱਲੀ ਵਿੱਚ ਕਿਸੇ ਹੋਰ ਢੁਕਵੀਂ ਥਾਂ ’ਤੇ ਇੱਕ ਜਾਗਰੂਕਤਾ ਮੁਹਿੰਮ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਉਨ੍ਹਾਂ ਦਲੀਲ ਦਿੱਤੀ ਕਿ ਦਿੱਲੀ ਪੁਲਿਸ ਨੇ 5 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਬੇਨਤੀ ਨੂੰ ਰੱਦ ਕਰਦੇ ਹੋਏ ਸੰਗਠਨ ਨੂੰ ਇੱਕ ਪੱਤਰ ਭੇਜ ਦਿੱਤਾ ਸੀ।
ਲੱਦਾਖ ਦੇ ਵਾਂਗਚੁਕ ਅਤੇ ਉਸਦੇ ਸਾਥੀਆਂ ਨੂੰ 30 ਸਤੰਬਰ ਨੂੰ ਸਥਾਨਕ ਪੁਲਿਸ ਨੇ ਦਿੱਲੀ ਦੀ ਸਰਹੱਦ ’ਤੇ ਕਥਿਤ ਤੌਰ 'ਤੇ ਹਿਰਾਸਤ ਵਿੱਚ ਲਿਆ ਸੀ ਜਦੋਂ ਉਹ ਸੰਵਿਧਾਨ ਦੀ ਛੇਵੀਂ ਅਨੁਸੂਚੀ ਦੇ ਤਹਿਤ ਲੱਦਾਖ ਨੂੰ ਸ਼ਾਮਲ ਕਰਨ ਦੀ ਮੰਗ ਲਈ ਰਾਸ਼ਟਰੀ ਰਾਜਧਾਨੀ ਵੱਲ ਮਾਰਚ ਕਰ ਰਹੇ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪੀਟੀਆਈ