ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ’ਚ ਲਾਏ 8.5 ਲੱਖ ਪੌਦੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਦਿੱਲੀ ਸਰਕਾਰ ਵੱਲੋਂ ‘ਪੌਦੇ ਲਾਓ, ਵਾਤਾਵਰਨ ਬਚਾਓ’ ਮੁਹਿੰਮ ਤਹਿਤ ਹੁਣ ਤੱਕ 8.5 ਲੱਖ ਪੌਦੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਸਥਾਵਾਂ ਦੇ ਸਹਿਯੋਗ ਨਾਲ ਲਾਏ ਹਨ। ਦਿੱਲੀ ਸਰਕਾਰ ਵੱਲੋਂ 31 ਮਾਰਚ 2021 ਤੱਕ ਕੁੱਲ 31 ਲੱਖ ਪੌਦੇ ਲਾ ਕੇ ਦਿੱਲੀ ਅੰਦਰ ਹਰਿਆਲੀ ਵਧਾਉਣ ਦਾ ਟੀਚਾ ਮਿੱਥਿਆ ਹੈ।
ਵੱਖ-ਵੱਖ ਵਿਭਾਗਾਂ ਨੇ 6 ਲੱਖ ਪੌਦੇ ਲਾਏ ਹਨ, ਜਦੋਂਕਿ ਦਿੱਲੀ ਦੇ ਲੋਕਾਂ ਨੇ ਸੰਸਥਾਵਾਂ ਨਾਲ ਮਿਲ ਕੇ ਹੁਣ ਤੱਕ ਢਾਈ ਲੱਖ ਪੌਦੇ ਲਾਏ ਹਨ। ਅੱਜ ਉਪਰੋਕਤ ਮੁਹਿੰਮ ਦੇ ਆਖ਼ਰੀ ਪੜਾਅ ਵਿੱਚ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਸਥਾਨਕ ਵਿਧਾਇਕਾਂ ਨੇ ਪੌਦੇ ਲਾਉਣ ਦਾ ਕਾਰਜ ਕੀਤਾ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਵੱਲੋਂ ਯਮੁਨਾ ਕਨਿਾਰੇ ਲੋਕ ਨਿਰਮਾਣ ਮਹਿਕਮੇ ਦੇ ਦਫ਼ਤਰ ਕੋਲ ਪੌਦੇ ਲਾਉਣ ਦੀ ਰਸਮ ਨਿਭਾਈ ਗਈ। ਸ੍ਰੀ ਰਾਏ ਨੇ ਦੱਸਿਆ ਕਿ ਲਾਏ ਗਏ ਪੌਦੇ ਅੱਗੇ ਜਾ ਕੇ ਦਰੱਖ਼ਤ ਵੀ ਬਣਨ ਇਸ ਲਈ ਸਾਰੇ ਲਾਏ ਪੌਦਿਆਂ ਦਾ ਤੀਜੀ ਧਿਰ ਵੱਲੋਂ ਆਡਿਟ ਵੀ ਕਰਵਾਇਆ ਜਾਵੇਗਾ ਤੇ ਦਿੱਲੀ ਸਰਕਾਰ ਇਸ ਮੁਹਿੰਮ ਦੌਰਾਨ ਸਭ ਤੋਂ ਵਧੀਆ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਜਨਤਕ ਪੱਧਰ ਉਪਰ ‘ਵਾਤਾਵਰਨ ਮਿੱਤਰ’ ਦਾ ਸਨਮਾਨ ਵੀ ਦੇਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਦੀ ਜ਼ਮੀਨ ਦੀਆਂ ਹਕੀਕਤਾਂ ਦੇਖਦੇ ਹੋਏ ਉਹੀ ਪੌਦੇ ਲਾਏ ਗਏ ਹਨ ਜੋ ਉੱਥੋਂ ਦੀ ਮਿੱਟੀ ਦੇ ਅਨਕੂਲ ਹੋਣ ਜਿਸ ਕਰਕੇ ਪੌਦਿਆਂ ਦੇ ਸੁੱਕਣ ਦੀ ਗੁੰਜ਼ਾਇਸ਼ ਨਾ ਰਹੇ। ਵਾਤਾਵਰਣ ਮੰਤਰੀ ਸ੍ਰੀ ਰਾਏ ਨੇ ਖੁਸ਼ੀ ਪ੍ਰਗਟਾਈ ਕਿ ਕਰੋਨਾ ਸੰਕਟ ਦੌਰਾਨ ਵੀ ਦਿੱਲੀ ਵਾਸੀਆਂ ਨੇ ਪੌਦੇ ਲਾ ਕੇ ਹਰਿਆਲੀ ਵਧਾਉਣ ਵਿੱਚ ਰੁਚੀ ਦਿਖਾਈ ਕਿਉਂਕਿ ਦਿੱਲੀ ਨੂੰ ਸ਼ੁੱਧ ਵਾਤਾਵਰਣ ਦੀ ਸਖ਼ਤ ਲੋੜ ਹੈ ਕਿ ਦੇਸ਼ ਦੀ ਰਾਜਧਾਨੀ ਪ੍ਰਦੂਸ਼ਣ ਵਾਲੇ ਸ਼ਹਿਰਾਂ ਵਿੱਚ ਸ਼ੁਮਾਰ ਹੈ। ਉਨ੍ਹਾਂ ਲੋਕਾਂ ਨੂੰ ਪੌਦੇ ਵੀ ਵੰਡੇ ।