ਦਿੱਲੀ ਨਿਗਮ ਤੇ ਵਿਕਾਸ ਅਥਾਰਟੀ ਨੇ ਝੁੱਗੀਆਂ ਢਾਹੀਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਐੱਮਸੀਡੀ ਤੇ ਦਿੱਲੀ ਵਿਕਾਸ ਅਥਾਰਟੀ ਸਮੇਤ ਹੋਰ ਏਜੰਸੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਦੱਖਣ-ਪੂਰਬੀ ਦਿੱਲੀ ਦੇ ਓਖਲਾ ਫੇਜ਼-2 ਜੇਜੇ ਕਲੱਸਟਰ ਵਿੱਚ ਅੱਜ ਅਧਿਕਾਰੀਆਂ ਵੱਲੋਂ ਝੁੱਗੀਆਂ-ਝੌਂਪੜੀਆਂ ਢਾਹੁਣ ਦੀ ਮੁਹਿੰਮ ਚਲਾਈ ਗਈ। ਹਾਲਾਂਕਿ, ਸਥਾਨਕ ਵਾਸੀਆਂ ਨੇ ਦੋਸ਼ ਲਾਇਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਸਾਮਾਨ ਬਾਹਰ ਕੱਢਣ ਲਈ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ।
ਇਲਾਕਾ ਨਿਵਾਸੀ ਧੀਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਭੰਨ-ਤੋੜ ਦੀ ਕਰਵਾਈ ਸਬੰਧੀ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਉਹ ਸਵੇਰੇ 10 ਵਜੇ ਦੇ ਕਰੀਬ ਆਪਣਾ ਬੁਲਡੋਜ਼ਰ ਲੈ ਕੇ ਇੱਥੇ ਆਏ ਸਨ। ਉਨ੍ਹਾਂ ਨੇ ਸਾਨੂੰ ਆਪਣੇ ਘਰਾਂ ਤੋਂ ਆਪਣਾ ਸਾਮਾਨ ਚੁੱਕਣ ਦਾ ਸਮਾਂ ਨਹੀਂ ਦਿੱਤਾ।
ਇੱਥੇ 50 ਦੇ ਕਰੀਬ ਝੁੱਗੀਆਂ ਨੂੰ ਢਾਹਿਆ ਜਾ ਰਿਹਾ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਇਲਾਕੇ ਵਿੱਚ ਰਹਿ ਰਹੇ ਹਾਂ।’’ ਇੱਕ ਹੋਰ ਨਿਵਾਸੀ ਅਨਿਲ ਕੁਮਾਰ ਨੇ ਕਿਹਾ, ‘‘ਕਈ ਪਰਿਵਾਰ ਪਿਛਲੇ 40 ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਸਾਡੇ ਕੋਲ ਜਾਣ ਲਈ ਕਿਤੇ ਕੋਈ ਥਾਂ ਨਹੀਂ ਹੈ। ਸਾਨੂੰ ਬਦਲਵੀਂ ਜਗ੍ਹਾ ਦਾ ਇੰਤਜ਼ਾਮ ਕਰਨ ਦਾ ਸਮਾਂ ਨਹੀਂ ਮਿਲਿਆ ਜਿੱਥੇ ਅਸੀਂ ਆਪਣਾ ਸਾਮਾਨ ਸ਼ਿਫਟ ਕਰ ਸਕਦੇ ਹਾਂ।’’ ਪੁਲੀਸ ਅਨੁਸਾਰ ਨਾਜਾਇਜ਼ ਕਬਜ਼ੇ ਹਟਾਉਣ ਦੌਰਾਨ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਲੋੜੀਂਦੇ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਗਏ ਹਨ। ਭੰਨ-ਤੋੜ ਦੀ ਕਾਰਵਾਈ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।