ਦਿੱਲੀ ਕਮੇਟੀ ਵੱਲੋਂ ਉਲਾਸਨਗਰ ਘਟਨਾ ਦੀ ਨਿੰਦਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਉਲਾਸਨਗਰ ਵਿੱਚ ਕਿਸੇ ਵਿਅਕਤੀ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਇਸ ਸਬੰਧੀ ਸਿੱਖ ਪ੍ਰਚਾਰਕਾਂ ਅਤੇ ਰਾਗੀ ਜਥਿਆਂ ਨੂੰ ਵੀ ਨਸੀਹਤ ਦਿੱਤੀ। ਉਨ੍ਹਾਂ ਨੇ ਪ੍ਰਚਾਰਕਾਂ ਨੂੰ ਕਿਹਾ, ਕਿ ਕਿਤੇ ਨਾ ਕਿਤੇ ਸਾਡੇ ਪ੍ਰਚਾਰ ਵਿੱਚ ਘਾਟ ਹੈ ਜਿਸ ਕਰਕੇ ਅਸੀਂ ਅੱਜ ਤੱਕ ਲੋਕਾਂ ਨੂੰ ਗੁਰੂ ਸਾਹਿਬਾਂ ਦੇ ਆਦਰਸ਼ਾਂ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਉਣ ’ਚ ਅਸਫਲ ਰਹੇ ਹਾਂ।
ਉਨ੍ਹਾਂ ਕਿਹਾ ਕਿ ਉਲਾਸਨਗਰ ਦੀ ਘਟਨਾ ਵੀ ਸ਼ਾਇਦ ਇਸੇ ਲਈ ਹੋਈ ਹੈ ਕਿਉਂਕਿ ਉਥੇ ਸਿੰਧੀ ਭਾਈਚਾਰਾ ਵੱਧ ਗਿਣਤੀ ਵਿੱਚ ਵਸਦਾ ਹੈ, ਜੋ ਗੁਰੂ ਨਾਨਕ ਦੇਵ ਨੂੰ ਆਪਣਾ ਇਸ਼ਟ ਤਾਂ ਮੰਨਦੇ ਹਨ ਪਰ ਉਹ ਗੁਰੂ ਸਾਹਿਬ ਦੇ ਆਦਰਸ਼ਾਂ ਅਤੇ ਸਿੱਖ ਮਰਿਆਦਾ ਤੋਂ ਅਣਜਾਣ ਹਨ। ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ 555 ਸਾਲ ਬਾਅਦ ਵੀ ਅਸੀਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਦੇ ਉਪਦੇਸ਼ਾਂ ਅਤੇ ਸਿੱਖ ਮਰਿਆਦਾ ਸਹੀ ਢੰਗ ਨਾਲ ਨਹੀਂ ਦੱਸ ਸਕੇ। ਕਰਮਸਰ ਨੇ ਕਿਹਾ, ‘‘ਪ੍ਰਚਾਰਕਾਂ ਅਤੇ ਰਾਗੀ ਜਥਿਆਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਵੀ, ਖਾਸਕਰ ਕਰਕੇ ਜਦੋਂ ਗੈਰ-ਸਿੱਖਾਂ ਦੇ ਪ੍ਰੋਗਰਾਮਾਂ ’ਚ ਜਾਣ ਤਾਂ ਸਿੱਖ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਮਰਿਆਦਾ ਸਹੀ ਢੰਗ ਨਾਲ ਸਮਝਾਈ ਜਾਵੇ।’’
ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਏਗੀ ਕਮੇਟੀ
ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਹਾਲਾਂਕਿ ਮੁੰਬਈ ਦੇ ਸਿੱਖਾਂ ਨੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਲਈ ਪੁਲੀਸ ਵਿੱਚ ਸ਼ਿਕਾਇਤ ਕੀਤੀ ਹੈ, ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਵੱਖਰੇ ਤੌਰ ’ਤੇ ਸ਼ਿਕਾਇਤ ਦਰਜ ਕਰਵਾਏਗੀ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।