ਪਰਵਾਸੀਆਂ ਵੱਲੋਂ ਸ਼ਰਾਬ ਦੇ ਠੇਕੇ ’ਤੇ ਹੰਗਾਮਾ
ਸਰਬਜੀਤ ਸਿੰਘ ਭੱਟੀ
ਲਾਲੜੂ, 27 ਨਵੰਬਰ
ਥਾਣਾ ਹੰਡੇਸਰਾ ਨੇੜੇ ਸ਼ਰਾਬ ਦੇ ਨਸ਼ੇ ਵਿੱਚ ਬੀਤੀ ਰਾਤ ਕਰੀਬ 10.30 ਵਜੇ 10-12 ਪਰਵਾਸੀਆਂ ਨੇ ਪਿੰਡ ਤਸਿੰਬਲੀ ਸਥਿਤ ਸ਼ਰਾਬ ਦੇ ਠੇਕੇ ’ਤੇ ਹੰਗਾਮਾ ਕਰ ਠੇਕੇ ਨੂੰ ਨੁਕਸਾਨ ਪਹੁੰਚਾਇਆ ਅਤੇ ਠੇਕੇ ਦੇ ਅੰਦਰੋਂ ਸ਼ਰਾਬ ਦੀ ਬੋਤਲ ਲੈ ਕੇ ਫ਼ਰਾਰ ਹੋ ਗਏ|
ਠੇਕਾ ਇੰਚਾਰਜ ਜਸਬੀਰ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਸੱਤ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਠੇਕੇ ਦੇ ਇੰਚਾਰਜ ਨੇ ਦੱਸਿਆ ਕਿ ਉਸ ਦਾ ਤਸਿੰਬਲੀ ਨੇੜੇ ਸ਼ਰਾਬ ਦਾ ਠੇਕਾ ਹੈ। ਰਾਤ ਕਰੀਬ 10.30 ਵਜੇ ਕਰੀਬ 10-12 ਪਰਵਾਸੀ ਆਏ ਸਨ। ਉਹ ਦੁਕਾਨ ਨੇੜੇ ਬੈਠੇ ਸ਼ਰਾਬ ਪੀ ਰਹੇ ਸਨ ਅਤੇ ਉੱਥੇ ਠੇਕੇ ’ਤੇ ਦੋ ਸਥਾਨਕ ਨੌਜਵਾਨ ਵੀ ਬੈਠੇ ਸਨ। ਪਰਵਾਸੀਆਂ ਦੀ ਨੌਜਵਾਨਾਂ ਨਾਲ ਬਹਿਸ ਹੋ ਗਈ ਅਤੇ ਸਥਾਨਕ ਨੌਜਵਾਨਾਂ ਦੇ ਜਾਣ ਤੋਂ ਬਾਅਦ ਪਰਵਾਸੀਆਂ ਨੇ ਹੰਗਾਮਾ ਕੀਤਾ ਅਤੇ ਇੱਟਾਂ-ਪੱਥਰਾਂ ਨਾਲ ਠੇਕੇ ਦੀ ਭੰਨ-ਤੋੜ ਕੀਤੀ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਇਸ ਕਾਰਨ ਕਰੀਬ 35 ਤੋਂ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਜਾਂਦੇ ਸਮੇਂ ਪਰਵਾਸੀ ਦੁਕਾਨ ਦੇ ਅੰਦਰੋਂ ਇੱਕ ਸ਼ਰਾਬ ਦੀ ਬੋਤਲ ਵੀ ਚੋਰੀ ਕਰ ਕੇ ਲੈ ਗਏ। ਪੁਲੀਸ ਨੇ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਹਰਨਾਮ ਸਿੰਘ ਨੇ ਦੱਸਿਆ ਕਿ ਸੱਤ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।