ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਫ਼ਦ ਸਹਾਇਕ ਕਮਿਸ਼ਨਰ ਨੂੰ ਮਿਲਿਆ
08:50 AM Jul 05, 2023 IST
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜੁਲਾਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਫ਼ਦ ਪਿੰਡ ਸੰਗਤੀਵਾਲਾ ਦੇ ਖੇਤ ਮਜ਼ਦੂਰਾਂ ਨੂੰ ਦਵਾਈ ਚੜ੍ਹਨ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਦੀ ਮੰਗ ਲਈ ਸਹਾਇਕ ਕਮਿਸ਼ਨਰ ਨੂੰ ਮਿਲਿਆ ਅਤੇ ਲਿਖਤੀ ਪੱਤਰ ਸੌਂਪਿਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਗ਼ਰੀਬ ਪਰਿਵਾਰਾਂ ਨੂੰ ਝੋਨੇ ਦੀ ਲਵਾਈ ਦੇ ਸੀਜਨ ’ਤੇ ਵੱਡੀਆਂ ਉਮੀਦਾਂ ਹੁੰਦੀਆਂ ਹਨ ਕਿਉਂਕਿ ਇਹ ਸੀਜਨ ਮਜ਼ਦੂਰਾਂ ਨੂੰ ਵੱਡਾ ਆਰਥਿਕ ਹੁਲਾਰਾ ਦਿੰਦਾ ਹੈ। ਪਰ ਦਵਾਈ ਚੜ੍ਹਨ ਨਾਲ ਖ਼ਰਾਬ ਹੋਈ ਸਿਹਤ ਕਾਰਨ ਇਨ੍ਹਾਂ ਮਜ਼ਦੂਰਾਂ ਦਾ ਸੀਜਨ ਖ਼ਰਾਬ ਹੋ ਗਿਆ ਹੈ ਅਤੇ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਰਸ ਦੇ ਆਧਾਰ ’ਤੇ ਮਜ਼ਦੂਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਰਬਜੀਤ ਕੌਰ ਗੁਰਪਾਲ ਕੌਰ, ਜਸਵਿੰਦਰ ਕੌਰ, ਹਰਜੀਤ ਕੌਰ, ਅਰਸ਼ਦੀਪ ਕੌਰ, ਕੁਲਵਿੰਦਰ ਕੌਰ, ਅਮਨਦੀਪ, ਗੁਰਪ੍ਰੀਤ ਕੌਰ, ਪ੍ਰਵੀਨ ਦੇਵੀ, ਮਨਦੀਪ ਕੌਰ ਆਦਿ ਹਾਜ਼ਰ ਸਨ।
Advertisement
Advertisement