ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ
ਪੱਤਰ ਪ੍ਰੇਰਕ
ਬਠਿੰਡਾ, 4 ਜੁਲਾਈ
ਕਿਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਇੱਕ ਵਫ਼ਦ ਅੱਜ ਪਿੰਡ ਪਹੂਲੀ ਦੇ ਇੱਕ ਕਿਸਾਨ ਆਗੂ ਨੂੰ ਮਿਲ ਰਹੀਆਂ ਧਮਕੀਆਂ ਮਾਮਲੇ ਵਿੱਚ ਐੱਸਐੱਸਪੀ ਬਠਿੰਡਾ ਨੂੰ ਮਿਲਿਆ। ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਕਨਵੀਨਰ, ਸਵਰਨ ਸਿੰਘ ਪੂਹਲੀ ਅਤੇ ਰਜਿੰਦਰ ਸਿੰਘ ਢਿੱਲਵਾਂ ਨੇ ਐੱਸਐੱਸਪੀ ਸ੍ਰੀ ਦੀਪਕ ਪਾਰਿਕ ਨੂੰ ਦੱਸਿਆ ਕਿ ਬਠਿੰਡਾ ਦੇ ਪਿੰਡ ਪੂਹਲੀ ਵਿਖੇ 2016 ਵਿੱਚ ਹਾਕੀ ਖਿਡਾਰੀ ਮਨਜੀਤ ਸਿੰਘ ਦਾ ਕਤਲ ਹੋ ਗਿਆ ਸੀ। ਇਸ ਮਾਮਲੇ ਵਿੱਚ ਪਿੰਡ ਦੇ ਮੁੱਖ ਮੁਲਜ਼ਮ ਅਜੈਪਾਲ ਸਿੰਘ ਪੱਕੀ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆ ਗਿਆ ਅਤੇ ਮ੍ਰਿਤਕ ਹਾਕੀ ਖਿਡਾਰੀ ਮਨਜੀਤ ਸਿੰਘ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਕਿਸਾਨ ਆਗੂਆਂ ਨੇ ਐੱਸਐੱਸਪੀ ਬਠਿੰਡਾ ਤੋਂ ਮੰਗ ਕੀਤੀ ਕਿ ਅਜੈਪਾਲ ਸਿੰਘ ਦੀ ਜ਼ਮਾਨਤ ਰੱਦ ਕਰਕੇ ਉਸ ’ਤੇ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐੱਸਐੱਸਪੀ ਬਠਿੰਡਾ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਡੀਐਸਪੀ ਭੁੱਚੋ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਜੋ 10 ਤੱਕ ਐੱਸਐੱਸਪੀ ਨੂੰ ਰਿਪੋਰਟ ਕਰਨਗੇ। ਆਗੂਆਂ ਨੇ ਕਿਹਾ ਕਿ ਦੋਸ਼ੀ ਤੇ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਤੇ ਜਸਵੰਤ ਸਿੰਘ, ਸੁਖਪਾਲ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਦੇ ਮਾਮਲੇ ਨੂੰ ਅਣਗੌਲਿਆ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਪੁਲੀਸ ਨੇ ਮਾਮਲੇ ਵਿਚ ਕਾਰਵਾਈ ਦਾ ਭਰੋਸਾ ਦਿੱਤਾ ਹੈ।