ਵਫ਼ਦ ਵੱਲੋਂ ਮੁੰਡੀਆਂ ਨਾਲ ਮੁਲਾਕਾਤ
ਖੰਨਾ (ਨਿੱਜੀ ਪੱਤਰ ਪ੍ਰੇਰਕ): ਸਮਾਜ ਸੇਵੀ ਅਮਰਿੰਦਰ ਸਿੰਘ ਚਹਿਲ, ਨੈਸ਼ਨਲ ਐਵਾਰਡੀ ਡਾ. ਬਲਰਾਮ ਸ਼ਰਮਾ ਅਤੇ ਬਲਜੀਤ ਸਿੰਘ ਰਾਮਗੜ੍ਹ ਦੇ ਵਫ਼ਦ ਨੇ ਜਲ ਸਰੋਤ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਨੇ ਪੀਣ ਵਾਲੇ ਸਾਫ਼ ਪਾਣੀ ਦੀ ਉਪਲੱਬਧਤਾ, ਸੈਨੀਟੇਸ਼ਨ ਸੇਵਾਵਾਂ ਯਕੀਨੀ ਬਣਾਉਣ, ਨਿੱਜੀ ਜਲ ਸਰੋਤਧਾਰਕਾਂ ਨੂੰ ਸਰਕਾਰੀ ਜਲ ਸਪਲਾਈ ਸਰੋਤਾਂ ਨਾਲ ਜੋੜਨ, ਰਹਿੰਦੇ ਨਹਿਰੀ ਪ੍ਰਾਜੈਕਟ ਮੁਕੰਮਲ ਕਰਨ, ਪਾਣੀ ਦਾ ਪ੍ਰ੍ਦੂਸ਼ਣ ਰੋਕਣ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਸਬੰਧੀ ਕੈਬਨਿਟ ਮੰਤਰੀ ਸ੍ਰੀ ਮੁੰਡੀਆਂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਪਾਣੀ ਪ੍ਰਬੰਧਨ ਅਤੇ ਇਸ ਦੀ ਸੰਭਾਲ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਕੁੱਲ 35 ਲੱਖ ਵਿੱਚੋਂ 12 ਲੱਖ ਰਹਿੰਦੇ ਨਿੱਜੀ ਜਲ ਸਰੋਤਧਾਰਕ ਪਰਿਵਾਰਾਂ ਨੂੰ ਸਰਕਾਰੀ ਜਲ ਸਪਲਾਈ ਨਾਲ ਜੋੜ ਰਹੀ ਹੈ। ਉਨ੍ਹਾਂ ਕਿਹਾ ਕਿ 2174 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰ ਕੀਤੇ ਗਏ 15 ਵੱਡੀ ਪੱਧਰ ’ਤੇ ਨਹਿਰੀ ਜਲ ਸਪਲਾਈ ਪ੍ਰਾਜੈਕਟਾਂ ਨੂੰ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮੌਜੂਦਾ ਸਮੇਂ ਵਿੱਚ 153 ਬਲਾਕਾਂ ਦੀਆਂ 11467 ਗ੍ਰਾਮ ਪੰਚਾਇਤਾਂ ’ਚ ਕੁੱਲ 9492 ਸਕੀਮਾਂ ਚੱਲ ਰਹੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਪਾਣੀ ਦੇ ਪ੍ਰਦੂਸ਼ਣ ਅਤੇ ਇਸਦੀ ਦੁਰਵਰਤੋਂ ਰੋਕਣ ਸਬੰਧੀ ਵਾਟਰ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।