ਕਿਸਾਨੀ ਮੰਗਾਂ ਸਬੰਧੀ ਵਫ਼ਦ ਡੀਸੀ ਤੇ ਐੱਸਐੱਸਪੀ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਡੀਸੀ ਅਤੇ ਐੱਸਐੱਸਪੀ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਇਲਾਵਾ ਕਿਸਾਨੀ ਮੰਗਾਂ ਸਬੰਧੀ ਪੱਤਰ ਵੀ ਡੀਸੀ ਨੂੰ ਸੌਂਪਿਆ ਗਿਆ। ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਪਹਿਲੀ ਮੰਗ ਇਸ ਵਾਰ ਝੋਨੇ ਦੇ ਸੀਜ਼ਨ ਮੌਕੇ ਮੰਡੀਆਂ ’ਚ ਫ਼ਸਲ ਨੂੰ ਰੁਲਣ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧਾਂ ਨੂੰ ਮੁਕੰਮਲ ਕਰਾਉਣ ਲਈ ਸੀ। ਦੂਜੀ ਮੰਗ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀਂ ਮਸ਼ੀਨਰੀ ਦੇਣ ਅਤੇ ਪਰਾਲੀ ਨੂੰ ਖੇਤਾਂ ’ਚੋਂ ਛੇਤੀ ਚੁੱਕਣ ਦੀ ਸੀ। ਉਨ੍ਹਾਂ ਸੂਬਾ ਸਰਕਾਰ ’ਤੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਮੌਕੇ ਡੀਏਪੀ ਖਾਦ ਦੇ ਨਾਲ ਨੈਨੋ ਡੀਏਪੀ ਖਾਦ ‘ਧੱਕੇ’ ਨਾਲ ਦੇਣ ਦਾ ਦੋਸ਼ ਲਾਉਂਦਿਆਂ ਇਸ ਕਵਾਇਦ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਖਜ਼ਾਨਚੀ ਕਰਮਜੀਤ ਭਗਤਾ, ਜਥੇਬੰਦਕ ਸਕੱਤਰ ਗੋਰਾ ਡਿੱਖ, ਮੀਤ ਪ੍ਰਧਾਨ ਦਰਸ਼ਨ ਢਿੱਲੋਂ, ਜ਼ਿਲ੍ਹਾ ਸਹਾਇਕ ਮੀਤ ਪ੍ਰਧਾਨ ਬੂਟਾ ਬਾਜਵਾ, ਬਲਾਕ ਭਗਤਾ ਦੇ ਪ੍ਰਧਾਨ ਗੋਰਾ ਸਿੰਘ, ਬਲਾਕ ਫੂਲ਼ ਦੇ ਪ੍ਰਧਾਨ ਗੁਰਪ੍ਰੀਤ ਢਿਪਾਲੀ, ਬਲਾਕ ਰਾਮਪੁਰਾ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਬਲਾਕ ਬਠਿੰਡਾ ਦੇ ਪ੍ਰਧਾਨ ਦਰਸ਼ਨ ਬਰਕੰਦੀ ਸਮੇਤ ਬਹੁਤ ਸਾਰੇ ਅਹੁਦੇਦਾਰ ਅਤੇ ਕਿਸਾਨ ਹਾਜ਼ਰ ਸਨ।