ਬ੍ਰਿਜ ਭੂਸ਼ਨ ਖ਼ਿਲਾਫ਼ ਦੋਸ਼ ਤੈਅ ਕਰਨ ਸਬੰਧੀ ਫ਼ੈਸਲਾ ਰਾਖਵਾਂ
ਨਵੀਂ ਦਿੱਲੀ, 18 ਅਪਰੈਲ
ਦਿੱਲੀ ਦੀ ਇੱਕ ਅਦਾਲਤ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕਰਵਾਏ ਜਿਨਸੀ ਸ਼ੋਸ਼ਣ ਦੇ ਕੇਸ ’ਚ ਉਸ ਖ਼ਿਲਾਫ਼ ਦੋਸ਼ ਆਇਦ ਕਰਨ ਸਬੰਧੀ ਫ਼ੈਸਲਾ 26 ਅਪਰੈਲ ਨੂੰ ਸੁਣਾ ਸਕਦੀ ਹੈ।
ਵਧੀਕ ਮੈਟਰੋਪੌਲੀਟਿਨ ਮੈਜਿਸਟਰੇਟ ਪ੍ਰਿਯੰਕਾ ਰਾਜਪੂਤ ਜਿਨ੍ਹਾਂ ਨੇ ਅੱਜ ਮਾਮਲੇ ’ਤੇ ਹੁਕਮ ਪਾਸ ਕਰਨਾ ਸੀ, ਬ੍ਰਿਜ ਭੂਸ਼ਨ ਵੱਲੋਂ ਮਾਮਲੇ ਦੀ ਜਾਂਚ ਦੀ ਮੰਗ ਕਰਦੀ ਪਟੀਸ਼ਨ ਦਾਇਰ ਕਰਨ ਮਗਰੋਂ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ।
ਬ੍ਰਿਜ ਭੂਸ਼ਨ ਨੇ ਆਪਣੀ ਅਰਜ਼ੀ ’ਚ ਦੋਸ਼ਾਂ ’ਤੇ ਜਵਾਬ ਦੇਣ ਲਈ ਹੋਰ ਸਮਾਂ ਦਿੱਤੇ ਜਾਣ ਅਤੇ ਜਾਂਚ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਘਟਨਾਵਾਂ ’ਚੋਂ ਇੱਕ ਘਟਨਾ ਦੀ ਤਰੀਕ ’ਤੇ ਉਹ ਭਾਰਤ ਵਿੱਚ ਮੌਜੂਦ ਨਹੀਂ ਸੀ ਜਿਸ ਸਬੰਧੀ ਇੱਕ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਦਿਨ ਡਬਲਿਊਐੱਫਆਈ ਦਫ਼ਤਰ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਬ੍ਰਿਜ ਭੂਸ਼ਣ ਦੇ ਵਕੀਲ ਨੇ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ’ਚ 7 ਸਤੰਬਰ 2022 ਨੂੰ ਡਬਲਿਊਐੱਫਆਈ ਦਫ਼ਤਰ ਵਿੱਚ ਜਿਨਸੀ ਸ਼ੋਸ਼ਣ ਦੀ ਗੱਲ ਆਖੀ ਗਈ ਹੈ। ਵਕੀਲ ਨੇ ਦਾਅਵਾ ਕੀਤਾ ਕਿ ਇਸ ਕਥਿਤ ਅਪਰਾਧ ਵਾਲੇ ਦਿਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇਸ਼ ਵਿੱਚ ਨਹੀਂ ਸੀ ਅਤੇ ਇਸ ਘਟਨਾ ਦੀ ਜਾਂਚ ਮੰਗ ਕੀਤੀ। ਹਾਲਾਂਕਿ ਸਰਕਾਰੀ ਵਕੀਲ ਨੇ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਇਹ ਬਚਾਅ ਧਿਰ ਵੱਲੋਂ ਮੁਕੱਦਮੇ ਨੂੰ ਲਟਕਾਉਣ ਦਾ ਹੱਥਕੰਡਾ ਹੈ। -ਪੀਟੀਆਈ