ਦਿੱਲੀ ਕਮੇਟੀ ਵੱਲੋਂ ਸਿੰਘ ਸਾਹਿਬਾਨ ਦੇ ਫ਼ੈਸਲੇ ਦਾ ਸਵਾਗਤ
ਕੁਲਵਿੰਦਰ ਕੌਰ ਦਿਓਲ
ਨਵੀਂ ਦਿੱਲੀ, 3 ਦਸੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਸਮੇਤ ਕਮੇਟੀ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਹੋਰ ਆਗੂਆਂ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮਾਮਲੇ ਵਿੱਚ ਧਾਰਮਿਕ ਸਜ਼ਾ ਸੁਣਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਦਿੱਲੀ ਕਮੇਟੀ ਨੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੋਂ ਮਨਜੀਤ ਸਿੰਘ ਜੀਕੇ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਤਨਖਿਆਹੀਆ ਕਰਾਰ ਦੇਣ ਦੇ ਫ਼ੈਸਲੇ ਦੇ ਮੱਦੇਨਜ਼ਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ।
ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜਦੋਂ ਡੇਰਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ ਸੀ, ਉਸ ਸਮੇਂ ਮਨਜੀਤ ਸਿੰਘ ਜੀਕੇ ਦਿੱਲੀ ਕਮੇਟੀ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਨ। ਉਸ ਸਮੇਂ ਉਨ੍ਹਾਂ ਨੇ ਉਸ ਮੁਆਫ਼ੀਨਾਮੇ ਦਾ ਸਵਾਗਤ ਕਰਦਿਆਂ ਨਾ ਸਿਰਫ਼ ਮੀਡੀਆ ਵਿੱਚ ਬਿਆਨਬਾਜ਼ੀ ਕੀਤੀ ਸੀ, ਸਗੋਂ ਬਹੁਤ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਕਮੇਟੀ ਦੇ ਖ਼ਰਚੇ ’ਤੇ ਸ੍ਰੀ ਅੰਮ੍ਰਿਤਸਰ ਵੀ ਗਏ ਸਨ। ਕਾਲਕਾ ਅਤੇ ਕਾਹਲੋਂ ਨੇ ਦੱਸਿਆ ਕਿ ਮਨਜੀਤ ਸਿੰਘ ਜੀਕੇ ਨੇ ਉਸ ਸਮੇਂ ਪਰਮਜੀਤ ਸਿੰਘ ਸਰਨਾ ਨੂੰ ਕਥਿਤ ਦੋਸ਼ੀ ਠਹਿਰਾਉਂਦਿਆਂ ਕਿਹਾ ਸੀ ਕਿ ਇਹ ਸਾਜਿਸ਼ ਸਰਨਾ ਦੇ ਦੋਸ਼ਾਂ ਨਾਲ ਜੁੜੀ ਹੈ। ਉਨ੍ਹਾਂ ਇਸ ਅਧਾਰ ’ਤੇ ਪਰਮਜੀਤ ਸਿੰਘ ਸਰਨਾ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਸਰਨਾ ਨੂੰ ਜਥੇਦਾਰ ਸਾਹਿਬਾਨ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਦਾ ਫ਼ੈਸਲਾ ਸਵਾਗਤਯੋਗ ਹੈ। ਉਨ੍ਹਾਂ ਮੁਤਾਬਕ ਇਸ ਫ਼ੈਸਲੇ ਕਾਰਨ ਹੁਣ ਕੋਈ ਵੀ ਬੇਵਜ੍ਹਾ ਜਥੇਦਾਰ ਸਾਹਿਬਾਨ ਉੱਤੇ ਸ਼ੱਕ-ਸ਼ੁਭਾ ਕਰਨ ਤੋਂ ਬਚੇਗਾ। ਦੋਵਾਂ ਆਗੂਆਂ ਨੇ ਸਰਨਾ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਤੁਰੰਤ ਦਿੱਲੀ ਕਮੇਟੀ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ। ਕਾਲਕਾ ਤੇ ਕਾਹਲੋਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਖ਼ਰ-ਏ-ਕੌਮ’ ਦਾ ਖਿਤਾਬ ਵਾਪਸ ਲੈਣ ਦੇ ਫ਼ੈਸਲੇ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪੰਥ ਲਈ ਇੱਕ ਸਬਕ ਹੋਵੇਗਾ ਕਿ ਚੰਗੇ ਕੰਮਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਮਿਲ ਸਕਦਾ ਹੈ, ਪਰ ਪੰਥ ਵਿਰੋਧੀ ਕੰਮਾਂ ਲਈ ਇਹ ਵਾਪਸ ਵੀ ਲਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਨੂੰ ਤਲਬ ਕਰਕੇ ਧਾਰਮਿਕ ਸਜ਼ਾ ਦੇਣ ਲਈ ਪੱਤਰ ਲਿਖਿਆ ਗਿਆ ਹੈ।