ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਤੇਜ਼ ਕਰਨ ਦਾ ਫ਼ੈਸਲਾ

08:19 AM Jun 09, 2024 IST
ਮੀਟਿੰਗ ਵਿੱਚ ਹਾਜ਼ਰ ਹਰਜਿੰਦਰ ਸਿੰਘ ਧਾਮੀ ਅਤੇ ਅੰਤ੍ਰਿੰਗ ਕਮੇਟੀ ਮੈਂਬਰ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਜੂਨ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਹਲਕਾ ਪੱਧਰ ’ਤੇ ਗੁਰਮਤਿ ਸਮਾਗਮ ਕਰਨ ਅਤੇ ਅੰਮ੍ਰਿਤ ਸੰਚਾਰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਪ੍ਰਚਾਰਕ ਜਥੇ ਹਰ ਪਿੰਡ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਗੇ ਅਤੇ ਹਲਕੇ ਵਿੱਚ ਹੋਣ ਵਾਲੇ ਅੰਮ੍ਰਿਤ ਸੰਚਾਰ ਲਈ ਸੰਗਤਾਂ ਨੂੰ ਤਿਆਰ ਕਰਨਗੇ। ਇਹ ਜਾਣਕਾਰੀ ਸ਼੍ੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਇਸ ਫ਼ੈਸਲੇ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ। ਸ੍ਰੀ ਧਾਮੀ ਨੇ ਕਿਹਾ ਕਿ ਇਹ ਗੁਰਮਤਿ ਪ੍ਰਚਾਰ ਵਹੀਰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸਤੰਬਰ ਮਹੀਨੇ ਵਿੱਚ ਇਹ ਸ਼ਤਾਬਦੀ ਦਿਹਾੜੇ ਸਿੱਖ ਕੌਮ ਵੱਲੋਂ ਕੌਮੀ ਜਾਹੋ-ਜਲਾਲ ਨਾਲ ਮਨਾਏ ਜਾਣਗੇ। ਇਨ੍ਹਾਂ ਸ਼ਤਾਬਦੀਆਂ ਦੇ ਸਬੰਧ ਵਿੱਚ 13 ਅਤੇ 14 ਸਤੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਮੁੱਖ ਸਮਾਗਮ ਹੋਣਗੇ ਜਦਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ 15 ਤੋਂ 18 ਸਤੰਬਰ ਤੱਕ ਗੁਰਮਤਿ ਸਮਾਗਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਜ਼ਿਲ੍ਹਾ ਤਰਨ ਤਾਰਨ, ਅੰਮ੍ਰਿਤਸਰ ਅਤੇ ਕਪੂਰਥਲਾ ਦੇ ਪਿੰਡਾਂ ਵਿੱਚ ਪ੍ਰਚਾਰਕ ਜਥੇ ਕਾਰਜਸ਼ੀਲ ਹਨ, ਜਦਕਿ ਹੁਣ ਪੂਰੇ ਪੰਜਾਬ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਸਮਾਗਮ ਅਤੇ ਨਗਰ ਕੀਰਤਨ ਸਜਾਉਣ ਦਾ ਵੀ ਪ੍ਰੋਗਰਾਮ ਹੈ। ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਨਾਲ ਸਬੰਧਤ ਮਾਮਲੇ ਵੀ ਵਿਚਾਰੇ ਗਏ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਅੰਤ੍ਰਿੰਗ ਕਮੇਟੀ ਮੈਂਬਰ ਅਤੇ ਅਧਿਕਾਰੀ ਸ਼ਾਮਲ ਸਨ।

Advertisement

Advertisement
Advertisement