ਵਿਆਹ ਸਮਾਗਮ ਵਿੱਚ ਆਏ ਨੌਜਵਾਨ ਦੀ ਮੌਤ
ਜਲੰਧਰ (ਹਤਿੰਦਰ ਮਹਿਤਾ):
ਇੱਥੇ ਵਿਆਹ ਸਮਾਗਮ ਦੌਰਾਨ ਲੜਕੇ ਦੇ ਮਾਸੀ ਦੇ ਪੁੱਤ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਥਾਣਾ-1 ਦੇ ਥਾਣੇਦਾਰ ਜਸਵਿੰਦਰ ਸਿੰਘ ਅਨੁਸਾਰ ਮ੍ਰਿਤਕ ਨੌਜਵਾਨ ਓਮਸੀ ਕੈਲੇ (18) ਦੇ ਪਿਤਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੀਆਂ ਭੈਣਾਂ ਤੇ ਮਾਂ ਨਾਲ ਗੁਰੂ ਰਵਿਦਾਸ ਨਗਰ, ਮਕਸੂਦਾਂ, ਜਲੰਧਰ ਵਿੱਚ ਆਪਣੀ ਮਾਸੀ ਦੇ ਘਰ ਵਿਆਹ ਸਮਾਗਮ ’ਚ ਸ਼ਾਮਲ ਹੋਣ ਆਇਆ ਸੀ। ਸ਼ਾਮ ਵੇਲੇ ਬਾਕੀ ਪਰਿਵਾਰ ਘਰ ਵਾਪਸ ਆ ਗਿਆ ਪਰ ਓਮਸੀ ਉੱਥੇ ਹੀ ਰੁਕ ਗਿਆ। ਸਵੇਰੇ ਫੋਨ ’ਤੇ ਦੱਸਿਆ ਗਿਆ ਓਮਸੀ ਬਿਮਾਰ ਹੋ ਗਿਆ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਨੌਜਵਾਨ ਰਾਤ ਤਕਰੀਬਨ ਦੋ ਵਜੇ ਸੁੱਤਾ ਸੀ ਤੇ ਸਵੇਰੇ ਉਹ ਬੇਸੁੱਧ ਸੀ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਪਿਤਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਓਮਸੀ ਕੈਲੇ ਨੂੰ ਪਹਿਲਾਂ ਇਕ ਵਾਰ ਦਿਲ ਦਾ ਦੌਰਾ ਪੈ ਚੁੱਕਿਆ ਹੈ। ਥਾਣਾ-1 ਦੀ ਪੁਲੀਸ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਓਮਸੀ ਕੈਲੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।