ਟਰੱਕ ਹੇਠ ਆ ਕੇ ਸਕੂਟੀ ਚਾਲਕ ਲੜਕੀ ਦੀ ਮੌਤ
10:09 AM Sep 25, 2024 IST
ਪੱਤਰ ਪ੍ਰੇਰਕ
ਬਠਿੰਡਾ, 24 ਸਤੰਬਰ
ਬਰਨਾਲਾ-ਬਾਈਪਾਸ ਰੋਡ ’ਤੇ ਬੱਲਾ ਰਾਮ ਨਗਰ ਚੌਕ ’ਤੇ ਈ-ਸਕੂਟੀ ਚਾਲਕ ਦੀ ਲੜਕੀ ਦੀ ਟਰੱਕ ਹੇਠਾਂ ਆ ਕੇ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਾਲੰਟੀਅਰ ਸਾਹਿਬ ਸਿੰਘ ਅਤੇ ਵਿਸ਼ਾਲ ਚੌਹਾਨ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ ਅਤੇ ਪੁਲੀਸ ਨੇ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਲੜਕੀ ਦੀ ਪਛਾਣ ਰਜਨੀ (24 ਸਾਲ) ਪੁੱਤਰੀ ਰਮੇਸ਼ ਕੁਮਾਰ ਵਾਸੀ ਖੇਤਾ ਸਿੰਘ ਬਸਤੀ ਵਜੋਂ ਹੋਈ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਗੁੱਸੇ ਵਿੱਚ ਬੱਲਾ ਰਾਮ ਨਗਰ ਚੌਕ ਵਿੱਚ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਕਾਰਨ ਚੌਕ ਵਿਚ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਪੁੱਜ ਕੇ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ।
Advertisement
Advertisement