For the best experience, open
https://m.punjabitribuneonline.com
on your mobile browser.
Advertisement

ਨਿੱਜੀ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਹੋਈ ਸੀ ਮਰੀਜ਼ ਦੀ ਮੌਤ

08:07 AM Jul 11, 2024 IST
ਨਿੱਜੀ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਹੋਈ ਸੀ ਮਰੀਜ਼ ਦੀ ਮੌਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਇੱਥੋਂ ਦੇ ਸੈਕਟਰ-33 ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਦੀ ਅਣਗਹਿਲੀ ਕਾਰਨ ਮਰੀਜ਼ ਦੀ ਮੌਤ ਹੋਈ ਸੀ। ਇਹ ਖੁਲਾਸਾ ਯੂਟੀ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੇ ਡਾਇਰੈਕਟਰ ਪ੍ਰਿੰਸੀਪਲ ਦੀ ਅਗਵਾਈ ਹੇਠ ਮੈਡੀਕਲ ਬੋਰਡ ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ ਕੀਤਾ ਗਿਆ ਹੈ। ਪੰਜ ਮੈਂਬਰੀ ਬੋਰਡ ਨੇ ਇਸ ਸਬੰਧੀ ਮਾਹਿਰਾਂ ਤੋਂ ਵੀ ਸੁਝਾਅ ਮੰਗੇ ਸਨ ਜਿਸ ਵਿਚ ਸਪਸ਼ਟ ਹੋਇਆ ਹੈ ਕਿ ਜੇ ਹਸਪਤਾਲ ਸਮੇਂ ਸਿਰ ਮਰੀਜ਼ ਦਾ ਇਲਾਜ ਕਰਦਾ ਤਾਂ ਮਰੀਜ਼ ਦੀ ਜਾਨ ਬਚ ਸਕਦੀ ਸੀ।
ਇਸ ਸਬੰਧੀ ਸ਼ਿਕਾਇਤਕਰਤਾ ਨੇ ਪ੍ਰਸ਼ਾਸਕ ਦੇ ਸਲਾਹਕਾਰ, ਸਿਹਤ ਸਕੱਤਰ ਤੇ ਡਾਇਰੈਕਟਰ ਹੈਲਥ ਨੂੰ ਸ਼ਿਕਾਇਤ ਸੌਂਪੀ ਸੀ। ‘ਲੈਂਡਮਾਰਕ’ ਹਸਪਤਾਲ ’ਤੇ ਦੋਸ਼ ਲਾਏ ਗਏ ਸਨ ਕਿ ਉਨ੍ਹਾਂ ਮਰੀਜ਼ ਦੀ ਗੰਭੀਰ ਹਾਲਤ ਹੋਣ ਦੇ ਬਾਵਜੂਦ ਦਵਾਈ ਦੇ ਕੇ ਘਰ ਭੇਜ ਦਿੱਤਾ ਤੇ ਮਰੀਜ਼ ਦੇ ਐਮਰਜੈਂਸੀ ਵਿਚ ਸਰਕਾਰੀ ਹਸਪਤਾਲ ਵਿਚ ਭਰਤੀ ਹੋਣ ਵੇਲੇ ਫੈਮਰ ਬੋਨ ਦੇ ਪਾਏ ਇੰਪਲਾਂਟ ਦਾ ਰਿਕਾਰਡ ਨਹੀਂ ਦਿੱਤਾ ਜਿਸ ਕਾਰਨ ਬਜ਼ੁਰਗ ਔਰਤ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋਇਆ ਤੇ ਬਾਅਦ ਵਿਚ ਮੌਤ ਹੋ ਗਈ। ਇਹ ਜਾਂਚ ਡਾਇਰੈਕਟਰ ਪ੍ਰਿੰਸੀਪਲ ਏ ਕੇ ਅਤਰੀ, ਡਾਇਰੈਕਟਰ ਹੈਲਥ ਚੰਡੀਗੜ੍ਹ ਸੁਮਨ ਸਿੰਘ, ਸਰਕਾਰੀ ਹਸਪਤਾਲ ਸੈਕਟਰ 16 ਦੇ ਮੈਡੀਕਲ ਸੁਪਰਡੈਂਟ ਡਾ. ਸੁਸ਼ੀਲ ਮਾਹੀ, ਐਸੋਸੀਏਟ ਪ੍ਰੋਫੈਸਰ ਡਾ. ਨਵੀਨ ਪਾਂਡੇ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਡਾ. ਪਵਨ ਬਾਂਸਲ ਵੱਲੋਂ ਕੀਤੀ ਗਈ ਤੇ ਇਸ ਵਿਚ ਸਰਕਾਰੀ ਹਸਪਤਾਲ ਸੈਕਟਰ-32 ਦੇ ਮੈਡੀਕਲ ਵਿੰਗ ਦੇ ਇੰਚਾਰਜ ਸੰਜੈ ਡਿਕਰੂਜ਼, ਪ੍ਰੋ. ਪੀਐੱਨ ਗੁਪਤਾ, ਪ੍ਰੋ. ਰੋਹਿਤ ਜਿੰਦਲ ਤੇ ਐਸੋਸੀਏਟ ਪ੍ਰੋ. ਅਸ਼ਵਨੀ ਸੋਨੀ (ਮਾਹਿਰਾਂ) ਦੀ ਰਾਏ ਲਈ ਗਈ।
ਜਾਣਕਾਰੀ ਅਨੁਸਾਰ ਮੁਹਾਲੀ ਦੇ ਫੇਜ਼-9 ਵਾਸੀ ਅਮਰਜੀਤ ਕੌਰ 16 ਮਾਰਚ ਨੂੰ ਘਰ ਵਿਚ ਡਿੱਗ ਗਏ ਸਨ ਤੇ ਪਰਿਵਾਰ ਵਾਲੇ ਬਜ਼ੁਰਗ ਔਰਤ ਨੂੰ ਲੈਂਡਮਾਰਕ ਹਸਪਤਾਲ ਇਲਾਜ ਲਈ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਨ੍ਹਾਂ ਦੇ ਇੱਕ ਪਾਸੇ ਦਾ ਚੂਲਾ ਪਾਇਆ ਤੇ ਮੁੜ ਤਿੰਨ ਅਪਰੈਲ ਨੂੰ ਸੱਦਿਆ। ਇਸ ਤੋਂ ਪਹਿਲਾਂ ਹੀ ਬਜ਼ੁਰਗ ਦੀ ਹਾਲਤ ਖਰਾਬ ਹੋ ਗਈ। ਪਰਿਵਾਰ ਵਾਲੇ ਸੋਡੀਅਮ ਦਾ ਤਿੰਨ ਅਪਰੈਲ ਨੂੰ ਟੈਸਟ ਕਰਵਾ ਕੇ ਹਸਪਤਾਲ ਪੁੱਜੇ ਤੇ ਸੋਡੀਅਮ ਲੈਵਲ 120 ਹੋਣ ਦੀ ਜਾਣਕਾਰੀ ਦਿੱਤੀ ਜੋ ਬਹੁਤ ਹੀ ਘੱਟ ਸੀ, ਪਰ ਹਸਪਤਾਲ ਨੇ ਮਰੀਜ਼ ਨੂੰ ਐਮਰਜੈਂਸੀ ਵਿਚ ਭਰਤੀ ਕਰਨ ਦੀ ਥਾਂ ਤਿੰਨ ਦਿਨ ਦਵਾਈ ਖਾ ਕੇ ਮੁੜ ਆਉਣ ਲਈ ਕਿਹਾ। ਅਗਲੇ ਹੀ ਦਿਨ ਚਾਰ ਅਪਰੈਲ ਨੂੰ ਮਰੀਜ਼ ਨੂੰ ਦੌਰੇ ਪੈਣ ਲੱਗੇ ਤੇ ਸਰਕਾਰੀ ਹਸਪਤਾਲ ਸੈਕਟਰ-32 ਦੀ ਐਮਰਜੈਂਸੀ ਵਿਚ 12 ਦਿਨ ਰਹਿਣ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ 7 ਅਪਰੈਲ ਨੂੰ ਸਰਕਾਰੀ ਹਸਪਤਾਲ ਨੇ ਐੱਮਆਈਆਰ ਕਰਵਾਉਣ ਲਈ ਕਿਹਾ ਅਤੇ ਨਾਲ ਹੀ ਨਿੱਜੀ ਹਸਪਤਾਲ ਤੋਂ ਲਿਖਤੀ ਲਿਆਉਣ ਲਈ ਕਿਹਾ ਕਿ ਜਿਹੜਾ ਪਾਰਟ ਮਰੀਜ਼ ਦੇ ਪਾਇਆ ਗਿਆ ਹੈ ਕਿ ਕੀ ਉਹ ਐੱਮਆਈਆਰ ਮਸ਼ੀਨ ਵਿਚ ਚੱਲ ਸਕਦਾ ਹੈ ਕਿ ਨਹੀਂ ਪਰ ਹਸਪਤਾਲ ਨੇ ਲਿਖਤੀ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ।

Advertisement

ਮਰੀਜ਼ ਨੂੰ ਸਹੀ ਇਲਾਜ ਦੇਣ ਸਬੰਧੀ ਰਿਕਾਰਡ ਨਾ ਪੇਸ਼ ਕਰ ਸਕਿਆ ਹਸਪਤਾਲ

ਜਾਂਚ ਰਿਪੋਰਟ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਨਿੱਜੀ ਹਸਪਤਾਲ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਉਸ ਨੇ ਮਰੀਜ਼ ਨੂੰ ਸੋਡੀਅਮ ਦਾ ਪੱਧਰ ਘੱਟ ਹੋਣ ’ਤੇ ਇਲਾਜ ਦੇਣ ਲਈ ਪੇਸ਼ਕਸ਼ ਕੀਤੀ ਸੀ ਪਰ ਮਰੀਜ਼ ਦੇ ਰਿਸ਼ਤੇਦਾਰਾਂ ਨੇ ਮਨ੍ਹਾ ਕਰ ਦਿੱਤਾ। ਜਾਂਚ ਵਿਚ ਉਕਤ ਨਿੱਜੀ ਹਸਪਤਾਲ ਰਿਕਾਰਡ ਪੇਸ਼ ਨਾ ਕਰ ਸਕਿਆ ਤੇ ਨਾ ਹੀ ਮਰੀਜ਼ ਦਾ ਸੋਡੀਅਮ ਲੈਵਲ ਘੱਟ ਹੋਣ ’ਤੇ ਨਿਯਮਾਂ ਅਨੁਸਾਰ ਬਣਦਾ ਇਲਾਜ ਕੀਤਾ ਜਿਸ ਮਗਰੋਂ ਮਰੀਜ਼ ਦੀ ਸਿਹਤ ਵਿਗੜੀ ਤੇ ਹੋਰ ਪੇਚੀਦਗੀਆਂ ਆਈਆਂ। ਇਸ ਤੋਂ ਇਲਾਵਾ ਮਰੀਜ਼ ਦੇ ਸਰਕਾਰੀ ਹਸਪਤਾਲ ਸੈਕਟਰ-32 ਵਿਚ ਇਲਾਜ ਦੌਰਾਨ ਵੀ ਲੈਂਡਮਾਰਕ ਹਸਪਤਾਲ ਨੇ ਮਰੀਜ਼ ਦੇ ਪਾਏ ਗਏ ਇੰਪਲਾਂਟ ਬਾਰੇ ਮਹੱਤਵਪੂਰਨ ਤੇ ਸਪਸ਼ਟ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ। ਇਸ ਕਰ ਕੇ ਸਰਕਾਰੀ ਬੋਰਡ ਦੀ ਜਾਂਚ ਵਿਚ ਨਿੱਜੀ ਹਸਪਤਾਲ ’ਤੇ ਲਾਪ੍ਰਵਾਹੀ ਦੇ ਦੋਸ਼ ਸਿੱਧ ਹੁੰਦੇ ਹਨ। ਉਧਰ, ਇਸ ਸਬੰਧੀ ਜਦੋਂ ਪੱਖ ਲੈਣ ਲਈ ਲੈਂਡਮਾਰਕ ਹਸਪਤਾਲ ਦੇ ਡਾ. ਹਰਸਿਮਰਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਹਾਲਾਂਕਿ, ਹਸਪਤਾਲ ਵੱਲੋਂ ਆਪਣਾ ਪੱਖ ਕਮੇਟੀ ਅੱਗੇ ਮਜ਼ਬੂਤੀ ਨਾਲ ਰੱਖਿਆ ਗਿਆ ਸੀ।

Advertisement
Author Image

joginder kumar

View all posts

Advertisement
Advertisement
×