ਭਾਖੜਾ ਨਹਿਰ ’ਚ ਕਾਰ ਸਣੇ ਡਿੱਗਣ ਕਾਰਨ ਆਇਲੈਟਸ ਕੇਂਦਰ ਦੇ ਮਾਲਕ ਦੀ ਮੌਤ
ਪੱਤਰ ਪ੍ਰੇਰਕ
ਟੋਹਾਣਾ, 6 ਅਪਰੈਲ
ਇਥੇ ਭਾਖੜਾ ਨਹਿਰ ਵਿੱਚ ਰਾਤ ਦੇ ਸਮੇਂ ਕਾਰ ਸਣੇ ਡਿੱਗਣ ਕਾਰਨ ਆਇਲੈਟਸ ਕੇਂਦਰ ਦੇ ਮਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸੈਰ ਕਰ ਰਹੇ ਲੋਕਾਂ ਨੇ ਭਾਖੜਾ ਨਹਿਰ ਦੀ ਗਰਿੱਲ ਟੁੱਟੀ ਦੇਖੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪੁਲੀਸ ਨੂੰ ਦਿੱਤੀ। ਐੱਸਐੱਚਓ ਬਲਵਾਨ ਸਿੰਘ ਨੇ ਮੌਕੇ ’ਤੇ ਜਾਇਜ਼ਾ ਲਿਆ ਤੇ ਤੁਰੰਤ ਗੌਤਾਖੋਰਾਂ ਦੀ ਟੀਮ ਸੱਦ ਕੇ ਤਲਾਸ਼ੀ ਮੁਹਿੰਮ ਆਰੰਭੀ।
ਇਸ ਦੌਰਾਨ ਭਾਖੜਾ ਨਹਿਰ ’ਚੋਂ ਜੇਸੀਬੀ ਮਸ਼ੀਨ ਨਾਲ ਕਾਰ ਕੱਢੀ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ (27) ਵਾਸੀ ਵਾਰਡ-4, ਲਹਿਰਾ ਜ਼ਿਲ੍ਹਾ ਸੰਗਰੂਰ ਦੇ ਤੌਰ ’ਤੇ ਹੋਈ ਹੈ। ਮ੍ਰਿਤਕ ਬਾਰੇ ਪਰਿਵਾਰ ਨੂੰ ਜਾਣਕਾਰੀ ਦੇਣ ’ਤੇ ਮਾਂ ਸੁਖਵਿੰਦਰ ਕੌਰ, ਪਿਤਾ ਹਰਬੰਸ ਸਿੰਘ ਤੇ ਭੈਣਾਂ ਦਾ ਨਾਗਰਿਤ ਹਸਪਤਾਲ ਟੋਹਾਣਾ ’ਚ ਪੁੱਜਣ ’ਤੇ ਰੋ-ਰੋ ਕੇ ਬੁਰਾ ਹਾਲ ਸੀ।
ਪਿਤਾ ਨੇ ਦੱਸਿਆ ਕਿ ਗਗਨਦੀਪ ਸਿੰਘ ਉਸ ਦਾ ਇਕਲੌਤਾ ਬੇਟਾ ਸੀ ਅਤੇ ਟੋਹਾਣਾ ਤੇ ਬਠਿੰਡਾ ਵਿੱਚ ਆਇਲੈਟਸ ਦੇ ਸੈਂਟਰ ਚਲਾਉਂਦਾ ਸੀ। ਬੀਤੀ ਰਾਤ ਉਸ ਨੇ 10 ਵਜੇ ਫੋਨ ਕੀਤਾ ਕਿ ਉਹ ਟੋਹਾਣਾ ਜਾਵੇਗਾ।
ਅੰਦਾਜ਼ੇ ਮੁਤਾਬਕ 1 ਤੋਂ 2 ਵਜੇ ਦੇ ਦਰਮਿਆਨ ਟੋਹਾਣਾ ਪੁੱਜਣ ’ਤੇ ਭਾਖੜਾ ਨਹਿਰ ਕਲੋਨੀ ਦੇ ਕੋਲ ਹਾਦਸਾ ਵਾਪਰ ਗਿਆ। ਐੱਸ.ਐੱਚ.ਓ. ਬਲਵਾਨ ਸਿੰਘ ਮੁਤਾਬਕ ਦੋਵੇਂ ਏਅਰਬੈਗ ਖੁੱਲ੍ਹੇ ਸਨ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪਰਿਵਾਰ ਨੇ ਦੱਸਿਆ ਕਿ ਗਗਨਦੀਪ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਹੀ ਆਪਣੀ ਕਾਰ ਹੌਂਡਾ ਸਿਟੀ ਖਰੀਦੀ ਸੀ।