ਵਿਆਹੁਤਾ ਦੀ ਭੇਤ-ਭਰੀ ਹਾਲਾਤ ਵਿੱਚ ਮੌਤ
ਪੱਤਰ ਪ੍ਰੇਰਕ
ਫਗਵਾੜਾ, 18 ਨਵੰਬਰ
ਇੱਥੋਂ ਦੀ ਮਨਸਾ ਦੇਵੀ ਕਾਲੋਨੀ ਵਿੱਚ ਕਰੀਬ ਸੱਤ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕੋਮਲ (26) ਪਤਨੀ ਅਮਰਜੀਤ ਸਿੰਘ ਵਾਸੀ ਗਰੀਨ ਲੈਂਡ ਕਾਲੋਨੀ ਵਜੋਂ ਹੋਈ ਹੈ।
ਲੜਕੀ ਦੀ ਮਾਤਾ ਰਵਿੰਦਰ ਕੌਰ ਅਨੁਸਾਰ ਕੋਮਲ ਦੀ ਸ਼ਾਦੀ 12 ਮਾਰਚ 2023 ਨੂੰ ਹੋਈ ਸੀ ਅਤੇ ਉਸ ਦੇ ਸਹੁਰੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੈਲੀਫੋਨ ’ਤੇ ਗੱਲਬਾਤ ਵੀ ਨਹੀਂ ਸਨ ਕਰਵਾਉਂਦੇ। ਰਵਿੰਦਰ ਕੌਰ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਆਪਣੀ ਧੀ ਦੇ ਸਹੁਰੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਦੋੋਸ਼ ਲਾਇਆ ਕਿ ਕੋਮਲ ਦੇ ਸਹੁਰਾ ਪਰਿਵਾਰ ਨੇ ਉਸ ਦੀ ਧੀ ਨੂੰ ਗਲਾ ਘੁੱਟ ਦੇ ਕਤਲ ਕੀਤਾ ਹੈ।
ਇਸੇ ਦੌਰਾਨ ਘਟਨਾ ਦਾ ਸੂਚਨਾ ਮਿਲਦਿਆਂ ਹੀ ਡੀਐੱਸਪੀ ਜਸਪ੍ਰੀਤ ਸਿੰਘ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਪੁਲੀਸ ਟੀਮ ਦੀ ਮਦਦ ਨਾਲ ਲਾਸ਼ ਕਬਜ਼ੇ ਵਿੱਚ ਲੈਣ ਮਗਰੋਂ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ। ਇਸ ਬਾਰੇ ਉਨ੍ਹਾਂ ਦੱਸਿਆ ਕਿ ਪੁਲੀਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਦੇ ਸਹੁਰੇ ਪਰਿਵਾਰ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਪਰ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।