ਕਿਸਾਨ ਦੀ ਭੇਤ-ਭਰੀ ਹਾਲਤ ’ਚ ਮੌਤ
ਪੱਤਰ ਪ੍ਰੇਰਕ
ਲਹਿਰਾਗਾਗਾ, 20 ਅਕਤੂਬਰ
ਇੱਥੋਂ ਨੇੜਲੇ ਪਿੰਡ ਘੋੜੇਨਬ ਵਿੱਚ ਕਿਸਾਨ ਸਤਿਗੁਰ ਸਿੰਘ (40) ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਕਮਲ ਨੇ ਪੁਲੀਸ ਨੂੰ ਲਿਖਤੀ ਬਿਆਨ ਵਿੱਚ ਦੱਸਿਆ ਕਿ ਉਸ ਦਾ ਪਤੀ ਸਤਿਗੁਰ ਸਿੰਘ ਖੇਤੀਬਾੜੀ ਦੇ ਨਾਲ-ਨਾਲ ਪੋਲਟਰੀ ਫਾਰਮ ਦਾ ਕੰਮ ਕਰਦਾ ਸੀ, 17 ਅਕਤੂਬਰ ਦੀ ਸ਼ਾਮ ਨੂੰ ਉਹ ਆਪਣੇ ਖੇਤ ਬਣੇ ਪੋਲਟਰੀ ਫਾਰਮ ਵਿੱਚ ਰੋਟੀ-ਪਾਣੀ ਖਾਹ-ਪੀ ਕੇ ਗਿਆ ਸੀ। ਜਦੋਂ ਅਗਲੇ ਦਿਨ ਸਵੇਰੇ ਉਹ ਘਰ ਨਹੀਂ ਆਇਆ ਤਾਂ ਉਹ ਆਪਣੇ ਚਾਚੇ ਸਹੁਰੇ ਮਹਿੰਦਰ ਸਿੰਘ ਨਾਲ ਖੇਤ ਪੁੱਜੇ ਤਾਂ ਦੇਖਿਆ ਤਾਂ ਸਤਿਗੁਰ ਸਿੰਘ ਖੇਤ ਕਮਰੇ ਅੰਦਰ ਪਏ ਤਖਤਪੋਸ਼ ’ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਉਸ ਦੇ ਖੱਬੇ ਪੈਰ ਦੇ ਗਿੱਟੇ ’ਤੇ ਕਿਸੇ ਜ਼ਹਿਰੀਲੇ ਜਾਨਵਰ ਵੱਲੋਂ ਕੱਟੇ ਜਾਣ ਦਾ ਨਿਸ਼ਾਨ ਸੀ ਜਿਸ ਤੋਂ ਜਾਪਦਾ ਸੀ ਕਿ ਸਤਿਗੁਰ ਸਿੰਘ ਦੀ ਕਿਸੇ ਜ਼ਹਿਰੀਲੇ ਜਾਨਵਰ ਦੇ ਡੱਸਣ ਕਾਰਨ ਮੌਤ ਹੋਈ ਹੈ। ਪੁਲੀਸ ਨੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਸੀਆਰਪੀਸੀ ਤਹਿਤ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਮਾਂ, ਪਤਨੀ, ਇੱਕ ਲੜਕੇ ਨੂੰ ਛੱਡ ਗਿਆ। ਸਰਪੰਚ ਲਖਬੀਰ ਸਿੰਘ ਲੱਖਾ ਪੂਨੀਆ, ਸਾਬਕਾ ਸਰਪੰਚ ਬੀਰਬਲ ਸਿੰਘ ਤੇ ਕਲੱਬ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਸਤਿਗੁਰ ਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਕਰਜ਼ਾ ਮੁਆਫ਼ ਕਰਨ ਅਤੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।