For the best experience, open
https://m.punjabitribuneonline.com
on your mobile browser.
Advertisement

ਮਰੀਜ਼ ਨੂੰ ਵਾਰਾਨਸੀ ਛੱਡਣ ਗਏ ਐਂਬੂਲੈਂਸ ਡਰਾਈਵਰ ਦੀ ਮੌਤ

10:30 AM Apr 13, 2024 IST
ਮਰੀਜ਼ ਨੂੰ ਵਾਰਾਨਸੀ ਛੱਡਣ ਗਏ ਐਂਬੂਲੈਂਸ ਡਰਾਈਵਰ ਦੀ ਮੌਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਪਰੈਲ
ਲੁਧਿਆਣਾ ਤੋਂ ਮਰੀਜ਼ ਛੱਡਣ ਚੰਡੀਗੜ੍ਹ ਅਤੇ ਫਿਰ ਵਾਰਾਨਸੀ ਗਏ ਸ਼ਹਿਰ ਦੇ ਐਂਬੂਲੈਂਸ ਡਰਾਈਵਰ ਦੀ ਵਾਪਸੀ ਸਮੇਂ ਰਸਤੇ ਵਿੱਚ ਮੌਤ ਹੋ ਗਈ। ਐਂਬੂਲੈਂਸ ਡਰਾਈਵਰ ਵਾਰਾਨਸੀ ਦੇ ਹੀ ਹਾਈਵੇਅ ’ਤੇ ਬਣੇ ਇੱਕ ਪੈਟਰੋਲ ਪੰਪ ’ਤੇ ਗੱਡੀ ਖੜ੍ਹੀ ਕਰ ਕੇ ਸੁੱਤਾ ਸੀ ਜਿੱਥੇ ਇਹ ਘਟਨਾ ਵਾਪਰੀ। ਮ੍ਰਿਤਕ ਦੀ ਪਛਾਣ ਮੁਹੱਲਾ ਫਤਹਿਗੰਜ ਵਾਸੀ ਜਰਨੈਲ ਸਿੰਘ (20) ਵਜੋਂ ਹੋਈ ਹੈ। ਯੂਪੀ ਪੁਲੀਸ ਨੇ ਪਹਿਲਾਂ ਫੋਰੈਂਸਿਕ ਵਿਭਾਗ ਨੂੰ ਬੁਲਾ ਕੇ ਜਾਂਚ ਕਰਵਾਈ ਅਤੇ ਉਸ ਤੋਂ ਬਾਅਦ ਲੁਧਿਆਣਾ ’ਚ ਉਸ ਦੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ, ਜਿਸ ਤੋਂ ਬਾਅਦ ਪੋਸਟ-ਮਾਰਟਮ ਕਰਵਾ ਕੇ ਲਾਸ਼ ਲੁਧਿਆਣਾ ਲਿਆਂਦੀ ਗਈ। ਮੁੱਢਲੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਚਾਲਕ ਦੀ ਮੌਤ ਦਮ ਘੁਟਣ ਨਾਲ ਹੋਈ ਹੈ। ਫਿਲਹਾਲ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਐਂਬੂਲੈਂਸ ਚਾਲਕ ਜਰਨੈਲ ਸਿੰਘ ਸੋਮਵਾਰ ਸ਼ਾਮ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਇੱਕ ਮਰੀਜ਼ ਨੂੰ ਚੰਡੀਗੜ੍ਹ ਦੇ ਹਸਪਤਾਲ ਛੱਡਣ ਗਿਆ ਸੀ। ਜਿੱਥੋਂ ਉਕਤ ਪਰਿਵਾਰ ਮਰੀਜ਼ ਨੂੰ ਵਾਰਾਨਸੀ ਦੇ ਟਰੌਮਾ ਸੈਂਟਰ ਹਸਪਤਾਲ ’ਚ ਭਰਤੀ ਕਰਵਾਉਣ ਲਈ ਜਰਨੈਲ ਸਿੰਘ ਨੂੰ ਨਾਲ ਲੈ ਗਿਆ। ਮੰਗਲਵਾਰ ਸ਼ਾਮ ਨੂੰ ਮਰੀਜ਼ ਨੂੰ ਵਾਰਾਨਸੀ ਦੇ ਹਸਪਤਾਲ ’ਚ ਭਰਤੀ ਕਰਵਾਉਣ ਮਗਰੋਂ ਵਾਪਸੀ ਸਮੇਂ ਹਨੇਰਾ ਹੋਣ ਕਾਰਨ ਵਾਰਾਨਸੀ ਦੇ ਹਾਈਵੇਅ ’ਤੇ ਸਥਿਤ ਇੱਕ ਪੈਟਰੋਲ ਪੰਪ ’ਤੇ ਗੱਡੀ ਖੜ੍ਹੀ ਕਰ ਕੇ ਸੁੱਤਾ ਸੀ। ਜਰਨੈਲ ਸਿੰਘ ਨਾਲ ਸੰਪਰਕ ਨਾ ਹੋਣ ਕਾਰਨ ਪਰਿਵਾਰ ਨੇ ਲੁਧਿਆਣਾ ਪੁਲੀਸ ਦੀ ਸਹਾਇਤਾ ਨਾਲ ਉਸ ਦੀ ਆਖਰੀ ਲੋਕੇਸ਼ਨ ਪਤਾ ਕਰਵਾਈ। ਵਾਰਾਨਸੀ ਦੇ ਥਾਣਾ ਫੁੱਲਪੁਰ ਨੇ ਦੱਸਿਆ ਕਿ ਜਦੋਂ ਮੌਕੇ ’ਤੇ ਪਹੁੰਚੇ ਤਾਂ ਐਂਬੂਲੈਸ ਅੰਦਰੋਂ ਬੰਦ ਸੀ ਤੇ ਚਾਲਕ ਦੀ ਮੌਤ ਹੋ ਚੁੱਕੀ ਸੀ।

Advertisement

Advertisement
Author Image

joginder kumar

View all posts

Advertisement
Advertisement
×