For the best experience, open
https://m.punjabitribuneonline.com
on your mobile browser.
Advertisement

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ ਦਾ ਦੇਹਾਂਤ

09:01 AM Oct 06, 2024 IST
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ ਦਾ ਦੇਹਾਂਤ
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 5 ਅਕਤੂਬਰ
ਉੱਘੇ ਨਾਟਕਕਾਰ ਤੇ ਨਾਟ ਨਿਰਦੇਸ਼ਕ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਪਤਨੀ ਕੈਲਾਸ਼ ਕੌਰ (91) ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਨੋਇਡਾ ਵਿੱਚ ਅੱਜ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਉਨ੍ਹਾਂ ਨੇ ਭਾਅ ਜੀ ਗੁਰਸ਼ਰਨ ਸਿੰਘ ਨਾਲ ਕਈ ਨਾਟਕਾਂ ਵਿੱਚ ਮੁੱਖ ਕਿਰਦਾਰ ਨਿਭਾਇਆ। ਮੌਜੂਦਾ ਸਮੇਂ ਉਹ ਆਪਣੀ ਧੀ ਡਾ. ਨਵਸ਼ਰਨ ਨਾਲ ਰਹਿੰਦੇ ਸਨ ਅਤੇ ਉੱਥੇ ਹੀ ਉਨ੍ਹਾਂ ਆਖ਼ਰੀ ਸਾਹ ਲਏ। ਉਨ੍ਹਾਂ ਦੀ ਦੂਜੀ ਬੇਟੀ ਡਾ. ਅਰੀਤ ਪੰਜਾਬ ਸਿਹਤ ਵਿਭਾਗ ’ਚੋਂ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹਨ। ਕੈਲਾਸ਼ ਕੌਰ ਦਾ ਜਨਮ 1933 ਨੂੰ ਗੁੱਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ ਸੀ। 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਭ ਕੁੱਝ ਗੁਆ ਕੇ ਦਿੱਲੀ ਆ ਗਿਆ। ਦਿੱਲੀ ਤੋਂ ਹੀ ਉਨ੍ਹਾਂ ਨੇ ਗ੍ਰੈਜੂਏਸ਼ਨ ਅਤੇ ਐੱਲਐੱਲਬੀ ਕੀਤੀ। 1959 ਵਿੱਚ ਕੈਲਾਸ਼ ਕੌਰ ਦਾ ਵਿਆਹ ਗੁਰਸ਼ਰਨ ਸਿੰਘ ਹੋਰਾਂ ਨਾਲ ਹੋਇਆ ਅਤੇ ਵਿਆਹ ਤੋਂ ਬਾਅਦ ਉਹ ਨੰਗਲ ਆ ਗਏ। ਗੁਰਸ਼ਰਨ ਸਿੰਘ ਭਾਖੜਾ ਨੰਗਲ ਡੈਮ ਦੀ ਉਸਾਰੀ ਸਮੇਂ ਸਹਾਇਕ ਖੋਜ ਅਫ਼ਸਰ ਦੇ ਅਹੁਦੇ ’ਤੇ ਤਾਇਨਾਤ ਰਹੇ। ਇਸ ਮਗਰੋਂ ਭਾਅ ਜੀ ਹੋਰੀਂ ਅੰਮ੍ਰਿਤਸਰ ਆ ਗਏ, ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ ਕਲਾ ਕੇਂਦਰ ਦਾ ਗਠਨ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਭਾਅ ਜੀ ਦੇ ਨਾਲ ਨਾਟਕਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਭਾਅ ਜੀ ਗੁਰਸ਼ਰਨ ਨਾਲ ਹਰੇਕ ਮੰਚ ’ਤੇ ਨਾਟਕ ਖੇਡਿਆ ਅਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।

Advertisement

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ੋਕ ਸਭਾ

ਜਲੰਧਰ (ਪੱਤਰ ਪ੍ਰੇਰਕ): ਇਨਕਲਾਬੀ ਰੰਗ ਮੰਚ ਦੇ ਸ਼੍ਰੋਮਣੀ ਨਾਟਕਕਾਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਮੈਂਬਰ ਮਰਹੂਮ ਭਾਅ ਜੀ ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਅਤੇ ਲੋਕ-ਪੱਖੀ ਰੰਗ ਮੰਚ ਦੀ ਅਦਾਕਾਰਾ ਕੈਲਾਸ਼ ਕੌਰ ਦੇ ਸਦੀਵੀਂ ਵਿਛੋੜੇ ’ਤੇ ਅੱਜ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ੋਕ ਸਭਾ ਕਰਵਾਈ ਗਈ। ਕਮੇਟੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਲੋਕ ਸਰੋਕਾਰਾਂ, ਲੋਕ ਪੀੜਾ ਅਤੇ ਲੋਕ-ਮੁਕਤੀ ਨਾਲ ਜੁੜੇ ਰੰਗ ਮੰਚ ਲਈ ਪੂਰਾ ਜੀਵਨ ਸਮਾਜ ਲੇਖੇ ਲਾਉਣ ਵਾਲੀ ਅਦਬੀ ਸ਼ਖ਼ਸੀਅਤ ਨੂੰ ਕਮੇਟੀ ਦਾ ਵਡੇਰਾ ਪਰਿਵਾਰ ਅਦਬ ਨਾਲ ਸਿਜਦਾ ਕਰਦਾ ਹੈ। ਸ਼ੋਕ ਪ੍ਰਗਟਾਵੇ ਮੌਕੇ ਕਮੇਟੀ ਆਗੂਆਂ ਨੇ ਕੈਲਾਸ਼ ਕੌਰ ਦੇ ਜ਼ਿੰਦਗੀ ਭਰ ਦੇ ਰੰਗ ਮੰਚ ਦੇ ਸਫ਼ਰ ’ਤੇ ਮਾਣ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਸੈਂਕੜੇ ਨੌਜਵਾਨ ਮੁੰਡੇ-ਕੁੜੀਆਂ ਨੇ ਰੰਗ ਮੰਚ ਰਾਹੀਂ ਸਮਾਜ ਵਿੱਚ ਪੱਸਰੇ ਹਨੇਰੇ ਨੂੰ ਦੂਰ ਕਰਨ ਲਈ ਕਿਰਨਾਂ ਦਾ ਕਾਫ਼ਲਾ ਬਣਨ ਦਾ ਯਤਨ ਕੀਤਾ। ਕਮੇਟੀ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿੱਚ ਸਤਲੁਜ ਕੰਢੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਜੀਵਨ ਸਫ਼ਰ ਬਾਰੇ ਗੰਭੀਰ ਵਿਚਾਰਾਂ ਕਰਨ ਲਈ ਭਵਿੱਖ ’ਚ ਵਿਚਾਰ ਕੇ ਸਮਾਗਮ ਕਰਵਾਇਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement