ਬਜ਼ੁਰਗ ਔਰਤ ਦੀ ਭੇਤ-ਭਰੀ ਹਾਲਤ ’ਚ ਮੌਤ
ਨਿੱਜੀ ਪੱਤਰ ਪ੍ਰੇਰਕ
ਜਲੰਧਰ,29 ਅਗਸਤ
ਜਲੰਧਰ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਵਾਪਰੀਆਂ ਘਟਨਾਵਾਂ ਨੇ ਰੌਂਗਟੇ ਖੜ੍ਹੇ ਕਰਕੇ ਰੱਖ ਦਿੱਤੇ ਹਨ। ਜਲੰਧਰ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਦੋ ਭਰਾਵਾਂ ਨੇ ਆਪਣੀ ਮਾਂ ਦਾ ਕਥਿਤ ਤੌਰ `ਤੇ ਕਤਲ ਕਰ ਦਿੱਤਾ ਹੈ। ਦੂਜੀ ਘਟਨਾ ਵਿੱਚ ਨਕੋਦਰ ਇਲਾਕੇ ਦੇ ਇੱਕ ਵਿਦੇਸ਼ ਤੋਂ ਆਏ ਪਰਵਾਸੀ ਪੰਜਾਬੀ ਨੇ ਆਪਣੇ ਪਿਓ ’ਤੇ ਜਾਨਲੇਵਾ ਹਮਲਾ ਕਰ ਦਿੱਤਾ।
ਜ਼ਖਮੀ ਪਿਤਾ ਹਰਜੀਤ ਸਿੰਘ ਨੂੰ ਨਕੋਦਰ ਹਸਪਤਾਲ `ਚ ਦਾਖਲ ਕਰਵਾਇਆ ਗਿਆ ਪੀੜ੍ਹਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਹਸਪਤਾਲ ਭੇਜ ਦਿੱਤਾ ਗਿਆ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਜ਼ਖ਼ਮੀ ਹਰਜੀਤ ਸਿੰਘ ਅਤੇ ਉਸ ਦੀ ਪਤਨੀ ਇਕੱਲੇ ਰਹਿ ਰਹੇ ਸਨ ਜਦਕਿ ਮੁਲਜ਼ਮ ਦੋ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ। ਮੁਹੱਲਾ ਵਾਸੀਆਂ ਵੱਲੋਂ ਨਕੋਦਰ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਹਮਲੇ ਸਮੇਂ ਬਿਮਾਰ ਬਜ਼ੁਰਗ ਇਕੱਲਾ ਸੀ ਕਿਉਂਕਿ ਉਸ ਦੀ ਪਤਨੀ ਅੱਜ ਸਵੇਰੇ ਆਪਣੇ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ। ਮੁਲਜ਼ਮ ਪੁੱਤਰ ਸਤਿੰਦਰ ਸਿੰਘ ਉਰਫ ਛਿੰਦਾ ਆਪਣੇ ਹੀ ਪਿਤਾ ’ਤੇ ਹਮਲਾ ਕਰਨ ਤੋਂ ਬਾਅਦ ਭੱਜ ਗਿਆ। ਪੁਲੀਸ ਨੇ ਮੁਲਜ਼ਮ ਪੁੱਤਰ ਨੂੰ ਫੜਨ ਲਈ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਰਹੀ ਹੈ।
ਉਧਰ, ਇੱਥੋਂ ਦੇ ਅਬਾਦਪੁਰਾ ਇਲਾਕੇ ਵਿੱਚ ਬਾਅਦ ਦੁਪਹਿਰ ਵਾਪਰੀ ਇੱਕ ਘਟਨਾ ਦੌਰਾਨ ਇੱਕ ਔਰਤ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਪੀੜਤਾ ਦੀ ਪਛਾਣ ਰਾਜ ਰਾਣੀ ਵਜੋਂ ਹੋਈ ਹੈ। ਪੀੜਤਾਂ ਦੇ ਕੁਝ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪੁੱਤਰਾਂ ਨੇ ਹੀ ਰਾਜ ਰਾਣੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਜਦ ਕਿ ਪੁੱਤਰਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਪੁੱਤਰਾਂ ਨੇ ਦਾਅਵਾ ਕੀਤਾ ਹੈ ਕਿ ਮਾਂ ਦੀ ਮੌਤ ਪੌੜੀਆਂ ਵਿੱਚੋਂ ਡਿੱਗਣ ਕਾਰਨ ਹੋਈ ਹੈ।
ਗੁਆਂਢੀਆਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦਾਅਵਾ ਕੀਤਾ ਹੈ ਕਿ ਮ੍ਰਿਤਕਾ ਦੇ ਪੁੱਤਰ ਅਕਸਰ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਰਹਿੰਦੇ ਸਨ ਅਤੇ ਅੱਜ ਸਵੇਰੇ ਵੀ ਉਨ੍ਹਾਂ ਵਿਚਕਾਰ ਲੜਾਈ ਹੋਈ ਸੀ। ਗੁਆਂਢੀਆਂ ਨੇ ਦੱਸਿਆ ਕਿ ਜਦੋਂ ਉਹ ਰਾਜ ਰਾਣੀ ਨੂੰ ਦੇਖਣ ਗਏ ਤਾਂ ਉਹ ਸਿਰ ’ਤੇ ਡੂੰਘੀ ਸੱਟ ਲੱਗੀ ਹੋਈ ਸੀ ਤੇ ਉਹ ਬੈੱਡ `ਤੇ ਬੇਹੋਸ਼ ਪਈ ਸੀ। ਜਦੋਂ ਉਨ੍ਹਾਂ ਨੇ ਰਾਜ ਰਾਣੀ ਦੇ ਲੜਕੇ ਰਮੇਸ਼ ਨੂੰ ਇਸ ਮਾਮਲੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮਾਂ ਪੌੜੀਆਂ ਤੋਂ ਹੇਠਾਂ ਡਿੱਗ ਗਈ ਸੀ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਮੌਕੇ `ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਏ.ਡੀ.ਸੀ.ਪੀ.-2 ਆਦਿਤਿਆ ਨੇ ਦੱਸਿਆ ਕਿ ਸ਼ੱਕ ਦੇ ਆਧਾਰ `ਤੇ ਪੀੜਤਾ ਦੇ ਦੋ ਪੁੱਤਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਦਾ ਕਹਿਣਾ ਸੀ ਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਔਰਤ ਦੀ ਮੌਤ ਪੌੜੀਆਂ ਤੋਂ ਡਿੱਗ ਕੇ ਹੋਈ ਹੈ ਜਾਂ ਅਚਾਨਕ ਹੋਈ ਹੈ।