ਲਾਵਾਰਿਸ ਪਸ਼ੂ ਕਾਰਨ ਵਾਪਰੇ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਮਿਹਰ ਸਿੰਘ
ਕੁਰਾਲੀ, 17 ਨਵੰਬਰ
ਸ਼ਹਿਰ ਵਿੱਚ ਘੁੰਮਦੇ ਲਵਾਰਿਸ ਪਸ਼ੂ ਨੇ ਇੱਕ ਵਾਰ ਫਿਰ ਇੱਕ ਨੌਜਵਾਨ ਦੀ ਜਾਨ ਲੈ ਲਈ। ਹਾਦਸੇ ਵਿੱਚ ਮਰਨ ਵਾਲਾ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਹਿਰ ਦੀ ਹੱਦ ਅੰਦਰ ਚਨਾਲੋਂ ਨੇੜੇ ਉਸ ਸਮੇਂ ਵਾਪਰਿਆ ਜਦੋਂ ਕੌਮੀ ਸੜਕ ’ਤੇ ਘੁੰਮਦੇ ਲਾਵਾਰਿਸ ਪਸ਼ੂ ਨੇ ਇੱਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਸਥਾਨਕ ਵਾਰਡ ਨੰਬਰ 2 ਦੇ ਵਸਨੀਕ ਰਾਜਿੰਦਰ ਕੁਮਾਰ ਉਰਫ਼ ਕਪਿਲ (26) ਪੁੱਤਰ ਬ੍ਰਜਿ ਮੋਹਣ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਜਿੰਦਰ ਕੁਮਾਰ ਆਪਣੇ ਇੱਕ ਹੋਰ ਸਾਥੀ ਸਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਖਰੜ ਤੋਂ ਕੁਰਾਲੀ ਵੱਲ ਨੂੰ ਆ ਰਿਹਾ ਸੀ ਕਿ ਚਨਾਲੋਂ ਨੇੜੇ ਇੱਕ ਲਾਵਾਰਿਸ ਪਸ਼ੂ ਅਚਾਨਕ ਸੜਕ ’ਤੇ ਆ ਗਿਆ ਅਤੇ ਦੋਵੇਂ ਨੌਜਵਾਨ ਸੜਕ ’ਤੇ ਡਿੱਗ ਗਏ। ਇਸ ਦੌਰਾਨ ਰਾਜਿੰਦਰ ਦਾ ਸਿਰ ਪੱਕੀ ਸੜਕ ’ਤੇ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਮੋਟਰਸਾਈਕਲ ਚਲਾ ਰਿਹਾ ਨੰਨ੍ਹਾ ਨਾਂ ਦਾ ਨੌਜਵਾਨ ਮਾਮੂਲੀ ਜ਼ਖ਼ਮੀ ਹੋਇਆ।
ਗੰਭੀਰ ਜ਼ਖ਼ਮੀ ਹੋਏ ਰਾਜਿੰਦਰ ਨੂੰ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਸਬੰਧੀ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦਾ ਸਥਾਨਕ ਨਿਹੋਲਕਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕੁਝ ਸਮਾਂ ਵਿਦੇਸ਼ ਵਿੱਚ ਲਗਾ ਕੇ ਪਰਤਿਆ ਸੀ। ਇਸੇ ਦੌਰਾਨ ਸ਼ਹਿਰ ਵਿੱਚ ਘੁੰਮਦੇ ਲਾਵਾਰਿਸ ਪਸ਼ੂਆਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਅਤੇ ਸਹਿਮ ਪਾਇਆ ਜਾ ਰਿਹਾ ਹੈ।
ਤਿੰਨ ਕਾਰਾਂ ਆਪਸ ਵਿੱਚ ਭਿੜੀਆਂ, ਜਾਨੀ ਨੁਕਸਾਨ ਤੋਂ ਬਚਾਅ
ਸ਼ਹਿਰ ਦੀ ਕੌਮੀ ਮਾਰਗ ’ਤੇ ਅੱਜ ਤਿੰਨ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੌਮੀ ਮਾਰਗ ’ਤੇ ਪ੍ਰਭ ਆਸਰਾ ਨੇੜੇ ਵਾਪਰਿਆ। ਪਡਿਆਲਾ ਬਾਈਪਾਸ ਨੇੜੇ ਬਣ ਰਹੇ ਨਵੇਂ ਫਲਾਈਓਵਰ ਕਾਰਨ ਟਰੈਫਿਕ ਲਈ ਸੜਕ ਦਾ ਇੱਕ ਹਿੱਸਾ ਬੰਦ ਹੋਣ ਕਰ ਕੇ ਆਵਾਜਾਈ ਦੀ ਸਮੱਸਿਆ ਅਕਸਰ ਬਣੀ ਰਹਿੰਦੀ ਹੈ। ਇਸੇ ਕਾਰਨ ਅੱਜ ਤਿੰਨ ਕਾਰਾਂ ਆਪਸ ਵਿੱਚ ਟਰਕਾਅ ਗਈਆਂ। ਕਾਰਾਂ ਦਾ ਕਾਫੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।