ਸ਼ੱਕੀ ਹਾਲਤ ਵਿੱਚ ਨੌਜਵਾਨ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਨਵੰਬਰ
ਇੱਥੇ ਦੀਵਾਲੀ ਮੌਕੇ ਗੁਰੂਗਰਾਮ ਤੋਂ ਘਰ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁੰਦਰ ਨਗਰ ਵਾਸੀ ਦੀਪਕ ਕੁਮਾਰ (25) ਵਜੋਂ ਹੋਈ ਹੈ। ਦੀਪਕ ਦੀਵਾਲੀ ਮੌਕੇ ਆਪਣੀ ਪਤਨੀ ਅਤੇ ਡੇਢ ਸਾਲ ਦੇ ਬੱਚੇ ਨਾਲ ਗੁਰੂਗ੍ਰਾਮ ਤੋਂ ਆਪਣੇ ਘਰ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਦੀਪਕ ਸ਼ਨਿਚਰਵਾਰ ਸ਼ਾਮ ਨੂੰ ਘਰੋਂ ਬਾਹਰ ਗਿਆ ਪਰ ਵਾਪਸ ਨਹੀਂ ਆਇਆ। ਪਰਿਵਾਰ ਵਾਲੇ ਸ਼ਨਿਚਰਵਾਰ ਰਾਤ ਤੇ ਐਤਵਾਰ ਨੂੰ ਸਾਰਾ ਦਿਨ ਉਸ ਦੀ ਭਾਲ ’ਚ ਲੱਗੇ ਰਹੇ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ। ਹਾਰ ਕੇ ਪਰਿਵਾਰ ਵਾਲਿਆਂ ਨੇ ਪੜਾਓ ਥਾਣੇ ਵਿੱਚ ਇਸ ਸਬੰਧੀ ਸੂਚਨਾ ਦਿੱਤੀ। ਪੁਲੀਸ ਨੇ ਜਦੋਂ ਦੀਪਕ ਦੇ ਮੋਬਾਈਲ ਦੀ ਲੋਕੇਸ਼ਨ ਦੇ ਹਿਸਾਬ ਨਾਲ ਉਸ ਦੀ ਭਾਲ ਕੀਤੀ ਤਾਂ ਦੀਪਕ ਦੀ ਲਾਸ਼ ਘਰ ਤੋਂ ਕੁਝ ਦੂਰ ਸੁੰਦਰ ਨਗਰ ਵਿੱਚ ਹੀ ਗੁਰਦੁਆਰੇ ਕੋਲ ਨਿੰਮ ਦੇ ਦਰੱਖਤ ਲਾਗੇ ਪਈ ਮਿਲੀ।
ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਦੀਪਕ ਦੀ ਬਾਂਹ ’ਤੇ ਟੀਕੇ ਦੇ ਨਿਸ਼ਾਨ ਸਨ, ਜਿਸ ਤੋਂ ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਪਰ ਅਸਲ ਕਾਰਨ ਪੋਸਟਮਾਰਟਮ ਅਤੇ ਵਿਸਰੇ ਦੀ ਰਿਪੋਰਟ ਮਿਲਣ ’ਤੇ ਹੀ ਪਤਾ ਲੱਗਣਗੇ। ਮਿਲੀ ਜਾਣਕਾਰੀ ਅਨੁਸਾਰ ਦੀਪਕ ਨਸ਼ਾ ਕਰਦਾ ਸੀ ਅਤੇ ਇਕ ਮਹੀਨਾ ਪਹਿਲਾਂ ਹੀ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਗੁਰੂਗ੍ਰਾਮ ਕੰਮ ਕਰਨ ਲਈ ਗਿਆ ਸੀ।