ਨੌਜਵਾਨ ਦੀ ਭੇਤ-ਭਰੀ ਹਾਲਤ ’ਚ ਮੌਤ
ਪੱਤਰ ਪ੍ਰੇਰਕ
ਭਵਾਨੀਗੜ੍ਹ, 22 ਜੂਨ
ਇੱਥੇ ਸ਼ਹਿਰ ਦੀ ਤੂਰ ਪੱਤੀ ਨੇੜੇ ਟਿਊਬਵੈੱਲ ਕਮਰੇ ਦੇ ਪਿੱਛੇ ਇਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਮਿਲਿਆ, ਜਿਸ ਦੀ ਬਾਅਦ ’ਚ ਮੌਤ ਹੋ ਗਈ। ਇਸ ਸਬੰਧੀ ਜਗਤਾਰ ਸਿੰਘ ਵਾਸੀ ਚਹਿਲਾਂ ਪੱਤੀ ਭਵਾਨੀਗੜ੍ਹ ਨੇ ਥਾਣਾ ਪੁਲੀਸ ਨੂੰ ਦੱਸਿਆ ਕਿ ਉਸ ਦਾ ਛੋਟਾ ਲੜਕਾ ਗੁਰਜੀਤ ਸਿੰਘ ਉਰਫ਼ ਜਸ਼ਨ (19) ਬੀਤੇ ਦਿਨ ਸਵੇਰੇ ਘਰੋਂ ਕੰਮ ’ਤੇ ਜਾਣ ਬਾਰੇ ਆਖ ਕੇ ਗਿਆ ਸੀ, ਪ੍ਰੰਤੂ ਦੁਪਹਿਰ ਤੱਕ ਜਦੋਂ ਉਹ ਘਰ ਨਹੀਂ ਪਰਤਿਆ। ਕਈ ਵਾਰ ਉਸਨੂੰ ਫੋਨ ਕੀਤਾ ਗਿਆ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸੇ ਦੌਰਾਨ ਸ਼ਾਮ 4 ਵਜੇ ਕਿਸੇ ਵਿਅਕਤੀ ਨੇ ਗੁਰਜੀਤ ਸਿੰਘ ਦਾ ਫੋਨ ਚੁੱਕ ਕੇ ਦੱਸਿਆ ਕਿ ਉਸ ਦਾ ਲੜਕਾ ਇੱਥੇ ਤੂਰ ਪੱਤੀ ਨੂੰ ਜਾਂਦੀ ਸੜਕ ’ਤੇ ਬੰਦ ਪਏ ਟੋਭੇ ਕੋਲ ਬਣੇ ਟਿਊਬਵੈੱਲ ਦੇ ਪਿੱਛੇ ਪਿਆ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਤੇ ਹੋਰਨਾਂ ਲੋਕਾਂ ਸਮੇਤ ਮੌਕੇ ’ਤੇ ਗਿਆ ਤਾਂ ਗੁਰਜੀਤ ਬੇਹੋਸ਼ੀ ਦੀ ਹਾਲਤ ’ਚ ਪਿਆ ਸੀ। ਜਿਸ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਗੁਰਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨੇ ਸ਼ੱਕ ਜ਼ਾਹਿਰ ਕਰਦਿਆਂ ਪੁਲੀਸ ਨੂੰ ਦੱਸਿਆ ਕਿ ਕੋਈ ਅਣਪਛਾਤੇ ਵਿਅਕਤੀ ਉਸ ਦੇ ਲੜਕੇ ਗੁਰਜੀਤ ਸਿੰਘ ਨੂੰ ਕਤਲ ਕਰ ਕੇ ਟਿਊਬਵੈੱਲ ਦੇ ਕਮਰੇ ਪਿੱਛੇ ਸੁੱਟ ਗਏ। ਥਾਣਾ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਕਤਲ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।