ਕਾਰ ਨਾਲ ਟੱਕਰ ਮਗਰੋਂ 10 ਮੀਟਰ ਤੱਕ ਘੜੀਸਣ ਕਾਰਨ ਵਿਅਕਤੀ ਦੀ ਮੌਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਸਤੰਬਰ
ਦਿੱਲੀ ਦੇ ਕਨਾਟ ਪਲੇਸ ਵਿੱਚ ਇੱਕ ਵਿਅਕਤੀ ਨੂੰ ਕਾਰ 10 ਮੀਟਰ ਤੱਕ ਘੜੀਸਦੀ ਰਹੀ ਤੇ ਇਸ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲੇਖਰਾਜ (45) ਵਜੋਂ ਹੋਈ ਹੈ। ਇਸ ਘਟਨਾ ਤੋਂ ਤੁਰੰਤ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਸੀਸੀਟੀਵੀ ਦੀ ਮਦਦ ਨਾਲ ਉਸ ਨੂੰ ਅਗਲੇ ਦਿਨ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸ਼ਿਵਮ ਦੂਬੇ ਨੇ ਲੰਘੇ ਬੁੱਧਵਾਰ ਨੂੰ ਕਨਾਟ ਪਲੇਸ ਵਿੱਚ ਕਿਸੇ ਨੂੰ ਮਿਲਣ ਲਈ ਦੱਖਣੀ ਦਿੱਲੀ ਦੇ ਮਹੀਪਾਲਪੁਰ ਵਿੱਚ ਰਹਿੰਦੇ ਦੋਸਤ ਤੋਂ ਕਾਰ ਮੰਗੀ ਸੀ। ਬਾਅਦ ਦੁਪਹਿਰ 3.25 ਵਜੇ ਦੇ ਕਰੀਬ ਵਾਪਸ ਆਉਂਦੇ ਸਮੇਂ ਕਨਾਟ ਪਲੇਸ ਦੇ ਬਾਹਰੀ ਸਰਕਲ ’ਤੇ ਸੜਕ ਪਾਰ ਕਰ ਰਹੇ ਲੇਖਰਾਜ ਨੂੰ ਕਾਰ ਨੇ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਲੇਖਰਾਜ ਕਾਰ ਦੇ ਪਹੀਏ ਹੇਠ ਫਸ ਗਿਆ ਪਰ ਦੂਬੇ ਕਥਿਤ ਤੌਰ ’ਤੇ ਕਾਰ ਚਲਾਉਂਦਾ ਜਾ ਰਿਹਾ ਸੀ। ਅਧਿਕਾਰੀ ਨੇ ਅੱਗੇ ਕਿਹਾ ਕਿ ਲੇਖਰਾਜ ਨੂੰ 10 ਮੀਟਰ ਤੱਕ ਘੜੀਸਣ ਮਗਰੋਂ ਦੂਬੇ ਕਥਿਤ ਤੌਰ ’ਤੇ ਉਸ ਨੂੰ ਉਸੇ ਹਾਲਤ ’ਚ ਛੱਡ ਕੇ ਮੌਕੇ ਤੋਂ ਭੱਜ ਗਿਆ ਤੇ ਕਾਰ ਵਾਪਸ ਆਪਣੇ ਦੋਸਤ ਨੂੰ ਸੌਂਪ ਦਿੱਤੀ।