ਨਾਬਾਲਗ ਲੜਕੇ ਦੀ ਭੇਤ-ਭਰੀ ਹਾਲਤ ਵਿੱਚ ਮੌਤ
ਪੱਤਰ ਪ੍ਰੇਰਕ
ਤਰਨ ਤਾਰਨ, 8 ਅਗਸਤ
ਪਿੰਡ ਝਾਮਕਾ ਕਲਾਂ ਵਾਸੀ ਭਗਵੰਤ ਸਿੰਘ ਦਾ 17 ਕੁ ਸਾਲਾ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਅਭੀਰੂਪ ਸਿੰਘ ਕਰੀਬ ਹਫ਼ਤਾ ਪਹਿਲਾਂ ਭੇਤ-ਭਰੀ ਹਾਲਤ ਵਿੱਚ ਜ਼ਖਮੀ ਹੋ ਗਿਆ ਸੀ ਤੇ 6 ਅਗਸਤ ਨੂੰ ਉਸ ਦੀ ਮੌਤ ਹੋ ਜਾਣ ’ਤੇ ਥਾਣਾ ਸਦਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਏਐੱਸਆਈ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਅਭੀਰੂਪ ਸਿੰਘ ਦੇ ਦੋਸਤ ਪਿੰਡ ਝਾਮਕਾ ਖੁਰਦ ਵਾਸੀ ਅਰਸ਼ਦੀਪ ਸਿੰਘ ਤੋਂ ਇਲਾਵਾ ਤਿੰਨ ਅਣਪਛਾਤਿਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਹੈ| ਜਾਣਕਾਰੀ ਅਨੁਸਾਰ 30 ਜੁਲਾਈ ਦੀ ਰਾਤ ਨੂੰ ਅਭੀਰੂਪ ਸਿੰਘ ਨੂੰ ਮੁਲਜ਼ਮ ਅਰਸ਼ਦੀਪ ਸਿੰਘ ਉਸਦੇ ਘਰੋਂ ਆਪਣੇ ਮੋਟਰਸਾਈਕਲ ’ਤੇ ਬੈਠਾ ਕੇ ਕਿਧਰੇ ਲੈ ਗਿਆ| ਘਰੋਂ ਅਭੀਰੂਪ ਨੂੰ ਲੈ ਜਾਣ ਦੇ ਕੁਝ ਚਿਰ ਬਾਅਦ ਉਸ ਦੇ ਦਾਦਾ ਨੂੰ ਮੋਬਾਈਲ ’ਤੇ ਕਿਸੇ ਨੇ ਇਲਾਕੇ ਦੇ ਪਿੰਡ ਬਾਕੀਪੁਰ ਦੇ ਭੱਠੇ ਨੇੜੇ ਉਸ ਦੇ ਦੋਸਤ ਅਰਸ਼ਦੀਪ ਸਿੰਘ ਦਾ ਐਕਸੀਡੈਂਟ ਹੋ ਜਾਣ ਦੀ ਜਾਣਕਾਰੀ ਦਿੱਤੀ| ਅਭੀਰੂਪ ਦੇ ਚਾਚਾ ਬਲਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਤਰਨ ਤਾਰਨ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਅਰਸ਼ਦੀਪ ਸਿੰਘ ਭੇਤ-ਭਰੀ ਹਾਲਤ ਵਿੱਚ ਕਿਧਰੇ ਚਲਾ ਗਿਆ| ਹਸਪਤਾਲ ਵਿੱਚ ਅਗਲੇ ਦਿਨ ਅਭੀਰੂਪ ਦੇ ਪਿਤਾ ਭਗਵੰਤ ਸਿੰਘ ਨੇ ਆ ਕੇ ਉਸ ਦੀ ਹਾਲਤ ਗੰਭੀਰ ਹੋਣ ’ਤੇ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ 6 ਅਗਸਤ ਨੂੰ ਮੌਤ ਹੋ ਗਈ| ਜਾਂਚ ਅਧਿਕਾਰੀ ਏਐੱਸਆਈ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਮੌਕੇ ਤੋਂ ਪੁਲੀਸ ਨੂੰ ਇੱਕ ਹੋਰ ਮੋਟਰਸਾਈਕਲ ਵੀ ਮਿਲਿਆ ਹੈ| ਭਗਵੰਤ ਸਿੰਘ ਨੇ ਉਸ ਦੇ ਲੜਕੇ ਦੀ ਹਾਦਸੇ ਵਿੱਚ ਮੌਤ ਹੋਣ ਤੋਂ ਇਨਕਾਰ ਕਰਦਿਆਂ ਉਸ ਨੂੰ ਜ਼ਖਮੀ ਕਰ ਕੇ ਮਾਰਨ ਦਾ ਦੋਸ਼ ਲਾਇਆ ਹੈ|