ਕੱਖਾਂਵਾਲੀ ’ਚ ਸ਼ੱਕੀ ਹਾਲਾਤ ’ਚ ਮਜ਼ਦੂਰ ਦੀ ਮੌਤ
ਪੱਤਰ ਪ੍ਰੇਰਕ
ਲੰਬੀ, 23 ਜੂਨ
ਪਿੰਡ ਕੱਖਾਂਵਾਲੀ ਵਿਖੇ ਸ਼ੱਕੀ ਹਾਲਾਤ ‘ਚ ਦਿਹਾੜੀਦਾਰ ਮਜ਼ਦੂਰ ਰਾਜ ਸਿੰਘ ਦੀ ਮੌਤ ਹੋ ਗਈ। ਉਸ ਦੀ ਲਾਸ਼ ਕੱਖਾਵਾਲੀ-ਮਿੱਡੂਖੇੜਾ ਲਿੰਕ ਸੜਕ ‘ਤੇ ਕਾਲੋਨੀ ਨੇੜਿਓਂ ਖੇਤ ਵਿੱਚੋਂ ਬਰਾਮਦ ਹੋਈ ਹੈ। ਉਸ ਦੀ ਪਿੱਠ ‘ਤੇ ਰਗੜ ਵਗੈਰਾ ਨਾਲ ਮਾਸ ਛਿੱਲਿਆ ਹੋਇਆ ਸੀ। ਸੱਜੀ ਲੱਤ ਅਤੇ ਸੱਜੇ ਮੋਢੇ ‘ਤੇ ਮਾਮੂਲੀ ਰਗੜਾਂ ਦੇ ਨਿਸ਼ਾਨ ਹਨ। ਪੁਲੀਸ ਨੇ ਇਸ ਸਬੰਧ ‘ਚ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਤਨੀ ਰਾਣੀ ਕੌਰ ਨੇ ਬਿਆਨ ‘ਚ ਕਿਹਾ ਕਿ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਉਸ ਦੇ ਪਤੀ ਦੀ ਮੌਤ ਹੋਈ ਹੈ। ਪੁਲੀਸ ਵੱਲੋਂ ਮੌਤ ਦੇ ਅਸਲ ਕਾਰਨ ਤੱਕ ਪੁੱਜਣ ਲਈ ਪੜਤਾਲ ਜਾਰੀ ਹੈ। ਲਾਸ਼ ਦਾ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਤਿੰਨ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾਇਆ ਗਿਆ ਹੈ।
ਦਰਅਸਲ ਮ੍ਰਿਤਕ ਦੀ ਪਤਨੀ ਰਾਣੀ ਕੌਰ ਨੇ ਪੁਲੀਸ ਨੂੰ ਬਿਆਨ ਦਿੱਤਾ ਹੈ ਕਿ ਉਸ ਦਾ ਪਤੀ 22 ਜੂਨ ਨੂੰ ਲੱਖਾ ਸਿੰਘ ਡੀਪੂ ਵਾਲੇ ਕੋਲ ਸਰਕਾਰੀ ਕਣਕ ਲੈਣ ਲਈ ਗਿਆ ਸੀ, ਪਰ ਕਣਕ ਨਹੀ ਮਿਲੀ। ਉਸ ਨੂੰ ਪਤਾ ਲੱਗਾ ਕਿ ਲੱਖਾ ਤੇ ਉਸ ਦੇ ਪਤੀ ਦਰਮਿਆਨ ਬੋਲ-ਬੁਲਾਰਾ ਹੋਇਆ ਸੀ। ਰਾਜ ਸਿੰਘ ਉਥੋਂ ਵਾਪਸ ਆ ਗਿਆ ਸੀ ਤੇ ਬਾਅਦ ‘ਚ ਉਸਦਾ ਲੜਕਾ ਹਰਜੀਤ ਡੀਪੂ ਤੋਂ ਕਣਕ ਦੀ ਪਰਚੀ ਲਿਆਇਆ ਸੀ। ਰਾਣੀ ਕੌਰ ਮੁਤਾਬਕ ਰਾਜ ਸਿੰਘ ਕਰੀਬ ਦੁਪਿਹਰ ਇੱਕ ਵਜੇ ਲਿੰਕ ਰੋਡ ‘ਤੇ ਕਾਲੋਨੀਆ ਨੇੜੇ ਖੜ੍ਹਾ ਸੀ। ਰਾਣੀ ਕੌਰ ਮੁਤਾਬਕ ਉਹ ਤੇ ਉਸ ਦਾ ਲੜਕਾ ਹਰਜੀਤ, ਰਾਜ ਸਿੰਘ ਨੂੰ ਘਰੇ ਆਉਣ ਲਈ ਬੁਲਾਉਣ ਗਏ ਸੀ, ਪਰ ਉਹ ਨਹੀਂ ਆਇਆ। ਬਾਅਦ ‘ਚ ਕਾਲੋਨੀ ਵਾਸੀ ਅੰਗਰੇਜ਼ ਸਿੰਘ ਨੇ ਘਰ ਆ ਕੇ ਦੱਸਿਆ ਕਿ ਰਾਜ ਸਿੰਘ ਕਾਲੋਨੀ ਨੇੜੇ ਖੇਤ ‘ਚ ਡਿੱਗਿਆ ਪਿਆ ਹੈ। ਮੌਕੇ ‘ਤੇ ਜਾ ਕੇ ਉਸ ਨੇ ਵੇਖਿਆ ਕਿ ਰਾਜ ਸਿੰਘ ਦੀ ਲਾਸ਼ ਸੜਕ ਨੇੜੇ ਖੇਤ ਵਿੱਚ ਪਈ ਸੀ।