For the best experience, open
https://m.punjabitribuneonline.com
on your mobile browser.
Advertisement

ਕੋਠੀ ’ਚ ਕੰਮ ਕਰਦੀ ਲੜਕੀ ਦੀ ਸ਼ੱਕੀ ਹਾਲਤ ’ਚ ਮੌਤ

07:38 AM Sep 12, 2024 IST
ਕੋਠੀ ’ਚ ਕੰਮ ਕਰਦੀ ਲੜਕੀ ਦੀ ਸ਼ੱਕੀ ਹਾਲਤ ’ਚ ਮੌਤ
ਪਰਿਵਾਰਕ ਮੈਂਬਰ ਸੜਕ ’ਤੇ ਜਾਮ ਲਾਉਂਦੇ ਹੋਏ। -ਫੋਟੋ: ਅਸ਼ਵਨੀ ਧੀਮਾਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 11 ਸਤੰਬਰ
ਸ਼ਹਿਰ ਦੀ ਪੱਖੋਵਾਲ ਰੋਡ ’ਤੇ ਇੱਕ ਕੋਠੀ ’ਚ ਕੰਮ ਕਰਨ ਵਾਲੀ ਲੜਕੀ ਦੀ ਬੁੱਧਵਾਰ ਸਵੇਰੇ ਸ਼ੱਕੀ ਹਾਲਤ ’ਚ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਲੜਕੀ ਦੇ ਪਰਿਵਾਰ ਵਾਲੇ ਉੱਥੇ ਪਹੁੰਚ ਗਏ। ਪਰਿਵਾਰਕ ਮੈਂਬਰਾਂ ਨੇ ਮਕਾਨ ਮਾਲਕ ’ਤੇ ਕਈ ਕਿਸਮ ਦੇ ਦੋਸ਼ ਲਾ ਕੇ ਹੰਗਾਮਾ ਕਰ ਦਿੱਤਾ। ਪੁਲੀਸ ਨੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਸਮਝੇ ਅਤੇ ਸਰਕਟ ਹਾਊਸ ਨੇੜੇ ਫਿਰੋਜ਼ਪੁਰ ਰੋਡ ’ਤੇ ਜਾਮ ਲਾ ਦਿੱਤਾ।
ਪ੍ਰਦਰਸ਼ਨ ਦੌਰਾਨ ਪੀੜਤ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲੀਸ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਕੀਤੀ। ਕੁਝ ਲੋਕਾਂ ਨੇ ਪੁਲੀਸ ’ਤੇ ਪਥਰਾਅ ਵੀ ਕੀਤਾ, ਜਿਸ ਤੋਂ ਬਾਅਦ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ ਤੇ ਉੱਥੋਂ ਸਾਰਿਆਂ ਨੂੰ ਭਜਾ ਦਿੱਤਾ ਜਦਕਿ ਕਈ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਜਿਸ ਤੋਂ ਬਾਅਦ ਪੁਲੀਸ ਨੇ ਰਸਤਾ ਸਾਫ਼ ਕਰ ਦਿੱਤਾ। ਥਾਣਾ ਡਿਵੀਜ਼ਨ 5 ਦੀ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਜਾਣਕਾਰੀ ਮੁਤਾਬਕ ਸ਼ਹਿਰ ਦੀ ਇੱਕ ਧਾਰਮਿਕ ਸੰਸਥਾ ’ਚ ਬਤੌਰ ਅਹੁਦੇਦਾਰ ਸੇਵਾ ਨਿਭਾਅ ਰਹੇ ਮਨੀਸ਼ ਕੁਮਾਰ ਦੀ ਪੱਖੋਵਾਲ ਰੋਡ ’ਤੇ ਕੋਠੀ ਹੈ ਅਤੇ ਲੜਕੀ ਉੱਥੇ ਕੰਮ ਕਰਦੀ ਸੀ। ਘਰ ਦੀ ਸਫ਼ਾਈ ਅਤੇ ਘਰੇਲੂ ਕੰਮ ਕਰਨ ਤੋਂ ਬਾਅਦ ਲੜਕੀ ਉੱਥੇ ਬਣੇ ਇੱਕ ਕਮਰੇ ਵਿੱਚ ਰਹਿੰਦੀ ਸੀ। ਹਰ ਰੋਜ਼ ਉਹ ਸਵੇਰੇ-ਸਵੇਰੇ ਕਮਰੇ ਤੋਂ ਬਾਹਰ ਆ ਜਾਂਦੀ ਸੀ, ਪਰ ਬੁੱਧਵਾਰ ਸਵੇਰੇ ਉਹ ਬਾਹਰ ਨਹੀਂ ਆਈ ਤਾਂ ਮਨੀਸ਼ ਦੀ ਪਤਨੀ ਉਸ ਨੂੰ ਬੁਲਾਉਣ ਲਈ ਗਈ ਪਰ ਅੰਦਰੋਂ ਬੰਦ ਹੋਣ ਕਾਰਨ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ। ਪਰਿਵਾਰਕ ਮੈਂਬਰਾਂ ਨੇ ਜਦੋਂ ਪੁਲੀਸ ਦੀ ਹਾਜ਼ਰੀ ਵਿੱਚ ਦਰਵਾਜ਼ੇ ਦਾ ਤਾਲਾ ਤੋੜਿਆ ਤਾਂ ਅੰਦਰ ਲੜਕੀ ਦੀ ਲਾਸ਼ ਲਟਕ ਰਹੀ ਸੀ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ।
ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਕੋਠੀ ਦੇ ਮਾਲਕ ’ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਮਨੀਸ਼ ਕੁਮਾਰ ਨੇ ਕਿਹਾ ਕਿ ਉਹ ਲੜਕੀ ਨੂੰ ਬੇਟੀ ਦੀ ਤਰ੍ਹਾਂ ਰੱਖਦੇ ਸਨ, ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਪੁਲੀਸ ਨੇ ਉਨ੍ਹਾਂ ਨੂੰ ਸਮਝਾਇਆ, ਪਰ ਉਨ੍ਹਾਂ ਨੇ ਸੜਕ ਜਾਮ ਕਰ ਦਿੱਤੀ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਹੱਥੋਪਾਈ ਵੀ ਹੋਈ। ਕਈ ਪੁਲੀਸ ਅਧਿਕਾਰੀਆਂ ਨੂੰ ਧੱਕੇ ਮਾਰਨ ਦੇ ਨਾਲ ਹੀ ਪਥਰਾਅ ਸ਼ੁਰੂ ਕਰ ਦਿੱਤਾ ਗਿਆ ਤਾਂ ਪੁਲੀਸ ਨੇ ਸਾਰਿਆਂ ਨੂੰ ਉੱਥੋਂ ਭਜਾ ਦਿੱਤਾ ਅਤੇ ਕਈ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।

Advertisement

ਪੁਲੀਸ ਮਾਮਲੇ ਦੀ ਨਿਰਪੱਖ ਜਾਂਚ ਕਰੇਗੀ: ਏਸੀਪੀ
ਏਸੀਪੀ ਜਤਿਨ ਬਾਂਸਲ ਨੇ ਦੱਸਿਆ ਕਿ ਪਰਿਵਾਰ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੁਲੀਸ ਮਾਮਲੇ ਦੀ ਨਿਰਪੱਖ ਜਾਂਚ ਕਰੇਗੀ, ਪਰ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ। ਉਨ੍ਹਾਂ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਯਕੀਨੀ ਤੌਰ ’ਤੇ ਕੀਤੀ ਜਾਵੇਗੀ। ਲੜਕੀ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਬਾਰੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦਾ ਫੋਨ ਵੀ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜਲਦੀ ਹੀ ਸਾਰਾ ਮਾਮਲਾ ਸਾਫ਼ ਹੋ ਜਾਵੇਗਾ।

Advertisement

Advertisement
Author Image

Advertisement