ਸਰਕਾਰ ਦੀਆਂ ਮਾਰੂ ਨੀਤੀਆਂ ਨੇ ਮੰਡੀਆਂ ’ਚ ਰੋਲਿਆ ਅੰਨਦਾਤਾ: ਨਾਗਰਾ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 1 ਨਵੰਬਰ
ਫ਼ਤਹਿਗੜ੍ਹ ਸਾਹਿਬ ਹਲਕੇ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅਨਾਜ ਮੰਡੀ ਵਿੱਚ ਅਜੇ ਤੱਕ ਝੋਨੇ ਦੀ ਚੁਕਾਈ ਨਾ ਹੋਣ ’ਤੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਦੇਸ਼ ਦੇ ਅੰਨਦਾਤਾ ਨੂੰ ਮੰਡੀਆਂ ਵਿੱਚ ਰੋਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਭਗੜਾਣਾ ਵਿੱਚ ਅਜੇ ਤੱਕ ਚੁਕਾਈ ਸ਼ੁਰੂ ਨਹੀਂ ਹੋਈ ਜਿਸ ਕਾਰਨ ਕਿਸਾਨ 15 ਦਿਨਾਂ ਤੋਂ ਮੰਡੀ ਵਿੱਚ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਜ਼ਮੀਨੀ ਪੱਧਰ ’ਤੇ ਉਹ ਸਚਾਈ ਤੋਂ ਕੋਹਾਂ ਦੂਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਭਗੜਾਣਾ ਇਲਾਕੇ ਵਿਚ ਜਿੰਨੇ ਵੀ ਕੰਮ ਸ਼ੁਰੂ ਹੋਏ ਸਨ, ਉਹ ਹੁਣ ਤੱਕ ਮੁਕੰਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਭਗੜਾਣਾ ਅਤੇ ਬਰਾਸ ਇਲਾਕਿਆਂ ਨਾਲ ਲੱਗਦੀਆਂ ਸੜਕਾਂ ਦਾ ਬੁਰਾ ਹਾਲ ਹੈ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾ. ਬਲਰਾਮ ਸ਼ਰਮਾ, ਸਾਬਕਾ ਸਰਪੰਚ ਗੁਰਬਿੰਦਰ ਸਿੰਘ ਭਗੜਾਣਾ, ਸੱਜਣ ਸਿੰਘ, ਗੁਰਮੀਤ ਸਿੰਘ ਪੰਚ, ਰਣਜੋਧ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।