ਕਾਲੀ ਵੇਈਂ ’ਚ ਛਾਲ ਮਾਰਨ ਵਾਲੀ ਔਰਤ ਦੀ ਲਾਸ਼ ਮਿਲੀ
ਜਲੰਧਰ (ਪੱਤਰ ਪ੍ਰੇਰਕ): ਸੁਲਤਾਨਪੁਰ ਲੋਧੀ ਇਲਾਕੇ ਦੇ ਸ੍ਰੀ ਬੇਰ ਸਾਹਿਬ ਨੇੜੇ ਬੁੱਧਵਾਰ ਸਵੇਰੇ ਮਧੂ ਮੱਖੀਆਂ ਤੋਂ ਬਚਣ ਲਈ ਪਵਿੱਤਰ ਕਾਲੀ ਵੇਈਂ ਵਿੱਚ ਛਾਲ ਮਾਰਨ ਵਾਲੀ ਇੱਕ ਔਰਤ ਦੀ ਲਾਸ਼ ਮਿਲ ਗਈ ਹੈ। ਜਿਸ ਤੋਂ ਬਾਅਦ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਬੱਬਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਪਾਰਵਤੀ (40) ਵਾਸੀ ਸਲੱਮ ਕਲੋਨੀ ਸੁਲਤਾਨਪੁਰ ਲੋਧੀ, ਮੂਲ ਰੂਪ ਵਿੱਚ ਬਿਹਾਰ ਵਜੋਂ ਹੋਈ ਹੈ। ਦੱਸ ਦੇਈਏ ਕਿ ਬੁੱਧਵਾਰ ਸਵੇਰੇ ਸ੍ਰੀ ਬੇਰ ਸਾਹਿਬ ਗੁਰਦੁਆਰੇ ਨੇੜੇ ਮਧੂ ਮੱਖੀਆਂ ਨੇ ਕਈ ਰਾਹਗੀਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸੇ ਦੌਰਾਨ ਕਾਲੀ ਵੇਈਂ ਦੀ ਸਫ਼ਾਈ ਕਰਨ ਵਾਲੇ ਨਿਰਮਲ ਸਿੰਘ ਨੂੰ ਪਤਾ ਲੱਗਾ ਕਿ ਮੱਖੀਆਂ ਦੇ ਝੁੰਡ ਤੋਂ ਤੰਗ ਆ ਕੇ ਇੱਕ ਔਰਤ ਨੇ ਮੱਖੀਆਂ ਤੋਂ ਬਚਣ ਲਈ ਕਾਲੀ ਵੇਈਂ ਦੇ ਪਾਣੀ ਵਿੱਚ ਛਾਲ ਮਾਰੀ ਹੈ। ਘਟਨਾ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ ਪਰ ਹਾਲ ਹੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਕੁਝ ਸ਼ਰਧਾਲੂਆਂ ਦੇ ਕਹਿਣ ’ਤੇ ਪੁੱਡਾ ਕਲੋਨੀ ਨੇੜੇ ਝੁੱਗੀ ਕਲੋਨੀ ਦੀ ਰਹਿਣ ਵਾਲੀ ਔਰਤ ਪਾਰਵਤੀ ਦੇ ਲਾਪਤਾ ਹੋਣ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ਦੀ ਪੁਲੀਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿੱਜੀ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਗਿਆ ਜਿਸ ਵਿੱਚ ਔਰਤ ਦੀ ਲਾਸ਼ ਮਿਲੀ ਹੈ।