For the best experience, open
https://m.punjabitribuneonline.com
on your mobile browser.
Advertisement

ਰੁੜੇ ਵਿਅਕਤੀ ਦੀ ਲਾਸ਼ ਘੱਗਰ ਵਿੱਚੋਂ ਮਿਲੀ

10:35 AM Jul 13, 2023 IST
ਰੁੜੇ ਵਿਅਕਤੀ ਦੀ ਲਾਸ਼ ਘੱਗਰ ਵਿੱਚੋਂ ਮਿਲੀ
Advertisement

ਹਰਜੀਤ ਸਿੰਘ
ਡੇਰਾਬੱਸੀ, 12 ਜੁਲਾਈ
ਇੱਥੋਂ ਦੀ ਘੱਗਰ ਨਦੀ ਵਿਚ ਅੱਜ ਦੁਪਹਿਰ ਸਮੇਂ ਮਾਰਕੰਡਾ ਮੰਦਰ ਨੇੜੇ ਇੱਕ ਵਿਅਕਤੀ ਦੀ ਲਾਸ਼ ਤੈਰਦੀ ਦੇਖੀ ਗਈ। ਸੂਚਨਾ ਮਿਲਣ ’ਤੇ ਮੁਬਾਰਕਪੁਰ ਪੁਲੀਸ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਭਾਰੀ ਮੁਸੱਕਤ ਮਗਰੋਂ ਬਾਹਰ ਕੱਢਿਆ। ਮ੍ਰਿਤਕ ਦੀ ਪਛਾਣ ਪੰਚਕੂਲਾ ਦੇ ਅਮਰਾਵਤੀ ਐਨਕਲੇਵ ਤੋਂ ਦੋ ਦਨਿ ਪਹਿਲਾਂ ਪਾਣੀ ਵਿੱਚ ਰੁੜੇ 48 ਸਾਲਾ ਨਰੇਸ਼ ਪੁੱਤਰ ਰੂਪ ਚੰਦ ਵਾਸੀ ਗੋਬਿੰਦਪੁਰਾ, ਮਨੀਮਾਜਰਾ ਵਜੋਂ ਹੋਈ। ਪੁਲੀਸ ਨੇ ਲਾਸ਼ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮੁਰਦਾਘਰ ਵਿੱਚ ਰਖਵਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ!
ਲਾਸ਼ ਘੱਗਰ ਨਦੀ ਵਿੱਚ ਕਾਫ਼ੀ ਦੂਰ ਝਾੜੀਆਂ ਕੋਲ ਫਸੀ ਹੋਈ ਸੀ। ਚਾਰੇ ਪਾਸੇ ਦਲਦਲ ਕਰਕੇ ਲਾਸ਼ ਕੱਢਣੀ ਮੁਸ਼ਕਲ ਸੀ। ਪੁਲੀਸ ਨੇ ਟਰੈਕਟਰ ਦੀ ਮਦਦ ਨਾਲ ਲਾਸ਼ ਕੱਢਣ ਦੀ ਕੋਸ਼ਿਸ ਕੀਤੀ ਪਰ ਟਰੈਕਟਰ ਦਲਦਲ ਵਿੱਚ ਫ਼ਸ ਗਿਆ। ਟਰੈਕਟਰ ਕੱਢਣ ਆਈ ਜੇਸੀਬੀ ਮਸ਼ੀਨ ਵੀ ਦਲਦਲ ਵਿੱਚ ਫ਼ਸ ਗਈ। ਅਖੀਰ ਵਿੱਚ ਲੋਕਾਂ ਦੀ ਮਦਦ ਨਾਲ ਲੋਹੇ ਦੀ ਪੌੜੀ ਉਪਰ ਲਾਸ਼ ਰੱਖ ਕੇ ਬਾਹਰ ਕੱਢ ਕੇ ਹਸਪਤਾਲ ਪਹੁੰਚਾਈ ਗਈ। ਪਰਿਵਾਰ ਮੈਂਬਰਾਂ ਨੇ ਡੇਰਾਬੱਸੀ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ। ਨਰੇਸ਼ ਦੇ ਛੋਟੇ ਭਰਾ ਨੇ ਦੱਸਿਆ ਕਿ ਨਰੇਸ਼ ਸਰਵਿਸ ਸਟੇਸ਼ਨ ’ਤੇ ਕੰਮ ਕਰਦਾ ਹੈ, ਜਿਸ ਦੇ ਚਾਰ ਬੱਚੇ ਹਨ। ਨਰੇਸ਼ ਦੋ ਦਨਿ ਪਹਿਲਾਂ ਨਦੀ ਵਿੱਚ ਪਾਣੀ ਦੇਖਣ ਗਿਆ ਸੀ, ਜੋ ਪਾਣੀ ਵਿੱਚ ਹੜ੍ਹ ਗਿਆ ਸੀ।

Advertisement

ਅੰਬਾਲਾ: ਚਾਰ ਜਣਿਆਂ ਦੀ ਡੁੱਬ ਕੇ ਅਤੇ ਇੱਕ ਦੀ ਕਰੰਟ ਲੱਗਣ ਕਾਰਨ ਮੌਤ
ਅੰਬਾਲਾ (ਨਿੱਜੀ ਪੱਤਰ ਪ੍ਰੇੇਰਕ): ਅੰਬਾਲਾ ਵਿੱਚ ਅੱਜ ਪੰਜ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੜ੍ਹ ਦੇ ਪਾਣੀ ’ਚ ਡੁੱਬਣ ਕਾਰਨ, ਜਦੋਂ ਕਿ ਇਕ ਨੌਜਵਾਨ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਜਾਣਕਾਰੀ ਅਨੁਸਾਰ ਮੱਝ ਨੂੰ ਦੇਖਣ ਗਿਆ ਚੌੜਮਸਤਪੁਰ ਦਾ ਸੰਪੂਰਨ ਸਿੰਘ (70) ਪਾਣੀ ਵਿਚ ਡੁੱਬ ਗਿਆ। ਪਿੰਡ ਵਾਲਿਆਂ ਨੂੰ ਬਜ਼ੁਰਗ ਦੀ ਲਾਸ਼ ਪਾਣੀ ਵਿਚ ਤੈਰਦੀ ਮਿਲੀ। ਇਸੇ ਤਰ੍ਹਾਂ ਪਿੰਡ ਤਰ ਦਾ ਵਸਨੀਕ ਮੋਹਨ ਸਿੰਘ ਘਰੋਂ ਕੁੱਤਿਆਂ ਨੂੰ ਰੋਟੀ ਪਾਉਣ ਗਿਆ ਸੀ ਅਤੇ ਪਾਣੀ ਵਿੱਚ ਡੁੱਬ ਗਿਆ। ਕੈਂਟ ਦੇ ਸ਼ਾਲੀਮਾਰ ਬਾਗ਼ ਵਿੱਚ ਕਰੰਟ ਲੱਗਣ ਕਾਰਨ ਮੌਂਟੀ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜੋ ਬੀਐੱਸਐੱਨਐੱਲ ਵਿੱਚ ਨੌਕਰੀ ਕਰਦਾ ਸੀ। ਉਹ ਮੰਗਲਵਾਰ ਸ਼ਾਮ ਸਮੇਂ ਘਰ ਨੇੜਲੀ ਡਿਸਪੈਂਸਰੀ ਵਿੱਚੋਂ ਦਵਾਈ ਲੈ ਕੇ ਪਰਤ ਰਿਹਾ ਸੀ ਕਿ ਪਾਣੀ ਵਿੱਚ ਆਏ ਕਰੰਟ ਕਾਰਨ ਉਸ ਦੀ ਮੌਤ ਹੋ ਗਈ। ਅੰਬਾਲਾ ਸ਼ਹਿਰ ਦੇ ਰੇਲਵੇ ਅੰਡਰਬ੍ਰਿਜ ਵਿੱਚ ਖੜ੍ਹੇ ਪਾਣੀ ਵਿਚ ਡੁੱਬਣ ਨਾਲ ਇਕ ਸਾਧੂ ਦੀ ਮੌਤ ਹੋ ਗਈ ਹੈ। ਸਾਧੂ ਨੇ ਕੰਨਾਂ ‌ਵਿਚ ਈਅਰਫੋਨ ਲਾਇਆ ਹੋਇਆ ਸੀ। ਅੰਬਾਲਾ ਸ਼ਹਿਰ ਥਾਣਾ ਐੱਸਐੱਚਓ ਨਰਿੰਦਰ ਨੇ ਦੱਸਿਆ ਕਿ ਸਾਧੂ ਦੀ ਸ਼ਨਾਖ਼ਤ ਨਹੀਂ ਹੋ ਸਕੀ ਅਤੇ ਲਾਸ਼ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ ਹੈ। ਇਸੇ ਦੌਰਾਨ ਥਾਣਾ ਅੰਬਾਲਾ ਸਦਰ ਖੇਤਰ ਦੇ ਪਿੰਡ ਲੋਹਗੜ੍ਹ ਵਿੱਚੋਂ ਸਿਰਸਾ ਦੇ ਚੌਪਟਾ ਵਾਸੀ ਸੁਸ਼ੀਲ ਕੁਮਾਰ (24) ਦੀ ਲਾਸ਼ ਮਿਲੀ ਹੈ। ਸੂਤਰਾਂ ਅਨੁਸਾਰ ਸੁਸ਼ੀਲ ਕੁਮਾਰ ਨੇ ਆਇਲੈਟਸ ਕੀਤੀ ਸੀ ਅਤੇ 10 ਜੁਲਾਈ ਨੂੰ ਉਹ ਆਪਣੇ ਦੋ ਸਾਥੀਆਂ ਰਵੀ ਕਾਂਤ ਅਤੇ ਸੌਰਭ ਨਾਲ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੰਡੀਗੜ੍ਹ ਜਾ ਰਿਹਾ ਸੀ। ਚੰਡੀਗੜ੍ਹ-ਹਿਸਾਰ ਮਾਰਗ ’ਤੇ ਪਿੰਡ ਲੋਹਗੜ੍ਹ ਨੇੜੇ ਉਨ੍ਹਾਂ ਦੀ ਕਾਰ ਘੱਗਰ ਨਦੀ ਦੇ ਪਾਣੀ ’ਚ ਵਹਿ ਗਈ। ਸੁਸ਼ੀਲ ਮਾਪਿਆਂ ਦਾ ਇਕਲੌਤਾ ਪੁੱਤ ਸੀ।

Advertisement
Tags :
Author Image

sukhwinder singh

View all posts

Advertisement
Advertisement
×