ਨਿਰੰਕਾਰੀ ਭਵਨ ਰੂਪਨਗਰ ਨੇੜੇ ਸਾਬਕਾ ਫੌਜੀ ਦੀ ਲਾਸ਼ ਮਿਲੀ
ਜਗਮੋਹਨ ਸਿੰਘ
ਰੂਪਨਗਰ, 25 ਜਨਵਰੀ
ਅੱਜ ਇੱਥੇ ਰੂਪਨਗਰ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਨਿਰੰਕਾਰੀ ਭਵਨ ਨੇੜੇ ਇੱਕ ਸਾਬਕਾ ਫੌਜੀ ਦੀ ਲਾਸ਼ ਅਰਧ ਨਗਨ ਹਾਲਤ ਵਿੱਚ ਬਰਾਮਦ ਹੋਈ ਹੈ। ਪੁਲੀਸ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮ੍ਰਿਤਕ ਦੀ ਲਾਸ਼ ਦੇ ਪਿਛਲੇ ਪਾਸੇ ਅਪਸ਼ਬਦ ਅਤੇ ਧੋਖੇਬਾਜ਼ ਲਿਖਿਆ ਹੋਇਆ ਸੀ, ਜਿਸ ਤੋਂ ਇਹ ਕਤਲ ਦਾ ਮਾਮਲਾ ਜਾਪਦਾ ਹੈ। ਥਾਣਾ ਸਿਟੀ ਰੂਪਨਗਰ ਪੁਲੀਸ ਨੇ ਕਤਲ ਦਾ ਕੇਸ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮਰਨ ਵਾਲੇ ਵਿਅਕਤੀ ਦੀ ਸ਼ਨਾਖਤ ਸਾਬਕਾ ਫੌਜੀ ਹਰਪ੍ਰੀਤ ਸਿੰਘ ਵਾਸੀ ਜਗਜੀਤ ਨਗਰ ਰੂਪਨਗਰ ਵੱਜੋਂ ਹੋਈ ਹੈ। ਮ੍ਰਿਤਕ ਸੁਰੱਖਿਆ ਮੁਲਾਜ਼ਮ ਵੱਜੋਂ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨਿਰੰਕਾਰੀ ਭਵਨ ਨੇੜੇ ਕਾਰ ਵਿੱਚ ਮ੍ਰਿਤਕ ਪਏ ਵਿਅਕਤੀ ਨੂੰ ਵੇਖ ਕੇ ਲੋਕਾਂ ਨੇ ਥਾਣਾ ਸਿਟੀ ਰੂਪਨਗਰ ਪੁਲੀਸ ਨੂੰ ਸੂਚਿਤ ਕੀਤਾ , ਜਿਸ ਉਪਰੰਤ ਐੱਸਐੱਚਓ ਪਵਨ ਚੌਧਰੀ ਤੋਂ ਇਲਾਵਾ ਡੀਐੱਸਪੀ ਮਨਵੀਰ ਸਿੰਘ ਬਾਜਵਾ ਨੇ ਵੀ ਮੌਕੇ ਦਾ ਮੁਆਇਨਾ ਕੀਤਾ। ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵੱਲੋਂ ਘਟਨਾ ਦੀ ਜਾਂਚ ਲਈ ਤਿੰਨ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤੀਆਂ ਗਈਆਂ ਹਨ,ਜਿਨ੍ਹਾਂ ਵੱਲੋਂ ਅਲੱਗ ਅਲੱਗ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਚਓ ਪਵਨ ਕੁਮਾਰ ਚੌਧਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ।