ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਜੂਨ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਅੱਜ ਪਟਿਆਲਾ ਵਿੱਚ ਡੀਸੀ ਦਫ਼ਤਰ ਘੇਰ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਘਰਸ਼ਕਾਰੀ ਸਿਹਤ ਮੰਤਰੀ ਦੇ ਘਰ ਦਾ ਘਿਰਾਓ ਕਰਨ ਚੱਲੇ ਸਨ ਪਰ ਡੀਸੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਦੇ ਭਰੋਸੇ ਨੇ ਦਲਿਤ ਆਗੂਆਂ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਤੋਂ ਰੋਕ ਲਿਆ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਪਿੰਡ ਮੰਡੌਰ ’ਚ ਹੋਈ ਡੰਮੀ ਬੋਲੀ ਦੇ ਮਾਮਲੇ ’ਤੇ ਪਿੰਡਾਂ ਦੇ ਸੈਂਕੜੇ ਲੋਕ ਡੀਸੀ ਦਫ਼ਤਰ ਪਟਿਆਲਾ ਅੱਗੇ ਇਕੱਠੇ ਹੋਏ। ਇਥੇ ਮੀਟਿੰਗ ਵਿੱਚ ਡੀਸੀ ਸਾਕਸ਼ੀ ਸਾਹਨੀ ਵੱਲੋਂ ਡੰਮੀ ਬੋਲੀ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਪਿੰਡ ਮੰਡੋਰ ਵਿੱਚ ਬੋਲੀ ਦੌਰਾਨ ਦਲਿਤ ਮਜ਼ਦੂਰਾਂ ਉਪਰ ਹਮਲਾ ਕਰਨ ਵਾਲੇ ਮੁਲਜ਼ਮਾਂ ਉਪਰ ਪਰਚਾ ਦਰਜ ਕਰਨ ਦੇ ਨਿਰਦੇਸ਼ ਡੀਐੱਸਪੀ ਨਾਭਾ ਦਵਿੰਦਰ ਅੱਤਰੀ ਨੂੰ ਦਿੱਤੇ। ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਧਰਮਵੀਰ ਹਰੀਗੜ੍ਹ ਅਤੇ ਮੀਤ ਪ੍ਰਧਾਨ ਗੁਰਵਿੰਦਰ ਬੌੜਾ ਨੇ ਕਿਹਾ ਕਿ ਜੇਕਰ ਮੰਡੌਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਪੰਚਾਇਤੀ ਰਿਜ਼ਰਵ ਜ਼ਮੀਨ ਦੀ ਕੀਤੀ ਡੰਮ੍ਹੀ ਬੋਲੀ ਰੱਦ ਨਾ ਕੀਤੀ ਗਈ ਅਤੇ ਮਜ਼ਦੂਰਾਂ ’ਤੇ ਹਮਲਾ ਕਰਨ ਵਾਲਿਅਾਂ ’ਤੇ ਪਰਚਾ ਦਰਜ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਪੱਕਾ ਮੋਰਚਾ ਮੰਡੌਰ ਦੀ ਜ਼ਮੀਨ ਵਿੱਚ ਹੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਅਮਰੀਕ ਸਿੰਘ ਦੁੱਲੜ, ਸੁਖਵਿੰਦਰ ਸਿੰਘ, ਕੁਲਜੀਤ ਕੌਰ, ਪਾਲ ਕੌਰ, ਹਰਜੀਤ ਸਿੰਘ, ਬੱਬੂ ਸਿੰਘ, ਸੁਖਵਿੰਦਰ ਕੌਰ, ਜਤਿੰਦਰ ਸਿੰਘ, ਨਿਰਮਲ ਸਿੰਘ ਨਿੰਮਾ, ਗੁਰਚਰਨ ਸਿੰਘ ਆਦਿ ਹਾਜ਼ਰ ਰਹੇ।
ਮਜ਼ਦੂਰਾਂ ਵੱਲੋਂ ਸਰਕਾਰ ਵਿਰੁੱਧ ਲਲਕਾਰ ਰੈਲੀ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਇੱਥੋਂ ਨੇੜਲੇ ਪਿੰਡ ਬਿਗੜਵਾਲ ਦੀ ਪੰਚਾਇਤੀ ਜ਼ਮੀਨ ਦਾ ਮਾਮਲਾ ਬੋਲੀ ਹੋਣ ਤੋਂ ਬਾਅਦ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅੱਜ ਮਜ਼ਦੂਰਾਂ ਵੱਲੋਂ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਪਿੰਡ ਵਿੱਚ ਲਲਕਾਰ ਰੈਲੀ ਕੀਤੀ ਗਈ। ਮਜ਼ਦੂਰ ਆਗੂਆਂ ਨੇ ਜ਼ਮੀਨੀ ਸੰਘਰਸ਼ ਦੌਰਾਨ ਮਜ਼ਦੂਰਾਂ ’ਤੇ ਦਰਜ ਕੀਤੇ ਪੁਲੀਸ ਪਰਚਿਆਂ ਨੂੰ ਝੂਠੇ ਦੱਸਦਿਆਂ, ਪਰਚੇ ਰੱਦ ਕਰਵਾਉਣ ਦੀ ਮੰਗ ਕੀਤੀ। ਰੈਲੀ ਦੌਰਾਨ ਬੁਲਾਰਿਆਂ ਨੇ ਮਜ਼ਦੂਰਾਂ ਦਾ ਸਾਮਾਨ ਅਤੇ ਝੰਡੇ ਫੂਕਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਪੰਚਾਇਤੀ ਜ਼ਮੀਨ ’ਚ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਵੀ ਆਵਾਜ਼ ਬੁਲੰਦ ਕੀਤੀ। ਇਸ ਰੈਲੀ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਵੀ ਸਮਰਥਨ ਰਿਹਾ। ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਸੀਪੀਆਈਐੱਮਐੱਲ ਲਿਬਰੇਸ਼ਨ ਦੇ ਸੂਬਾਈ ਆਗੂ ਹਰਭਗਵਾਨ ਭੀਖੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ ਸਿੰਘ ਅਤੇ ਬਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਵਿਚ ਮਜ਼ਦੂਰਾਂ ਦੇ ਮਸਲੇ ਨਜ਼ਰਅੰਦਾਜ਼ ਹੀ ਨਹੀਂ ਹੋਏ ਬਲਕਿ ਉਨ੍ਹਾਂ ’ਤੇ ਹਮਲੇ ਹੋਣੇ ਵੀ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬਿਗੜਵਾਲ ਦੀ ਪੰਚਾਇਤੀ ਜ਼ਮੀਨ ਦੀ ਕਥਿਤ ਡੱਮ੍ਹੀ ਬੋਲੀ ਖ਼ਿਲਾਫ਼ ਮਜ਼ਦੂਰਾਂ ਵੱਲੋਂ ਆਰੰਭੇ ਸੰਘਰਸ਼ ਦੌਰਾਨ ਸੰਘਰਸ਼ਸ਼ੀਲ ਮਜ਼ਦੂਰਾਂ ਦਾ ਸਾਮਾਨ ਫੂਕ ਦਿੱਤਾ ਗਿਆ ਅਤੇ ਜਥੇਬੰਦੀ ਦੇ ਝੰਡੇ ਸਾੜ ਦਿੱਤੇ ਗਏ। ਬੁਲਾਰਿਆਂ ਨੇ ਐਲਾਨ ਕੀਤਾ ਇੱਕ ਜੁਲਾਈ ਤੋਂ ਲੈ ਕੇ ਪੰਜ ਜੁਲਾਈ ਤੱਕ ਸਰਕਾਰ ਤੇ ਪ੍ਰਸ਼ਾਸਨ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਇਸ ਮੌਕੇ ਪ੍ਰਸਾਸ਼ਨ ਵੱਲੋਂ ਤਹਿਸੀਲਦਾਰ ਅਤੇ ਡੀਐੱਸਪੀ ਸੁਨਾਮ ਨੇ ਪਹੁੰਚ ਕੇ ਸੰਘਰਸ਼ਕਾਰੀਆਂ ਨੂੰ ਇਨਸਾਫ ਦਾ ਭਰੋਸਾ ਦਿੱਤਾ।