ਸਾਉਣ ਮਹੀਨਾ ਦਨਿ ਤੀਆਂ ਦੇ....
ਜਸਬੀਰ ਸੱਗੂ
ਅੰਮ੍ਰਿਤਸਰ, 28 ਜੁਲਾਈ
ਖਾਲਸਾ ਕਾਲਜ ਫਾਰ ਵਿਮੈਨ ਦੇ ਵਿਹੜੇ ’ਚ ਸਟਾਫ਼ ਵੱਲੋਂ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ ਮਨਾਏ ਗਏ ਇਸ ਤਿਉਹਾਰ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਫਿਰ ਤੋਂ ਮਾਹੌਲ ਆਮ ਵਰਗਾ ਹੋਣ ਦੀ ਕਾਮਨਾ ਕੀਤੀ।
ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਪਰ ਇਸ ਲਈ ਇਹਤਿਆਤ ਜ਼ਰੂਰੀ ਹੈ ਅਤੇ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਕਾਲਜ ਸਟਾਫ਼ ਨੇ ਵਿਹੜੇ ’ਚ ‘ਸਾਉਣ ਮਹੀਨਾ ਦਨਿ ਤੀਆਂ ਦੇ ਸਭੇ ਸਹੇਲੀਆਂ ਆਈਆਂ, ਸੰਤੋ ਬੰਤੋ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ, ਗਿੱਧਾ ਪਾ ਰਹੀਆਂ ਨਣਦਾ ਤੇ ਭਰਜਾਈਆਂ’ ਆਦਿ ਬੋਲਾਂ ’ਤੇ ਗਿੱਧਾ ਪਾਇਆ। ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨਾ, ਦੇਸੀ 12 ਮਹੀਨਿਆਂ ’ਚੋਂ ਵੱਖਰੀ ਪਛਾਣ ਰੱਖਦਾ ਹੈ। ਇਸ ਤਿਊਹਾਰ ’ਤੇ ਮੁਟਿਆਰਾਂ ਆਪਣੇ ਦਿਲ ਦੇ ਚਾਅ ਤੇ ਉਮੰਗਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਇਕੱਠੀਆਂ ਗਿੱਧਾ ਤੇ ਪੀਂਘਾਂ ਝੂਟ ਕੇ ਮੌਜਾਂ ਮਾਣਦੀਆਂ ਸਨ। ਮੌਜੂਦਾ ਹਾਲਾਤ ’ਚ ਕਰੋਨਾ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਹੋਇਆ ਸਿਰਫ਼ ਕਾਲਜ ਸਟਾਫ਼ ਵੱਲੋਂ ਇਸ ਤਿਉਹਾਰ ਦਾ ਅੱਜ ਸ਼ਗਨ ਕੀਤਾ ਗਿਆ ਹੈ।
ਇਸ ਮੌਕੇ ਪ੍ਰੋ. ਅਮਰਜੀਤ ਕੌਰ, ਪ੍ਰੋ. ਨੀਲਮਜੀਤ ਕੌਰ, ਡਾ. ਜਤਿੰਦਰ ਕੌਰ, ਪ੍ਰੋ. ਰਵਿੰਦਰ ਕੌਰ, ਪ੍ਰੋ. ਮਨਬੀਰ ਕੌਰ, ਡਾ. ਚੰਚਲ ਬਾਲਾ, ਡਾ. ਸੁਮਨ ਨਈਅਰ, ਪ੍ਰੀਤਿਕਾ, ਸਰੀਨਾ, ਨੀਰੂ, ਰੰਜਨਦੀਪ ਕੌਰ ਤੇ ਡਾ. ਰੀਤੂ ਕਾਲਜ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ।