ਪੱਗਾਂ ਦੇ ਰੰਗਾਂ ਨਾਲ ਜੁੜੀ ਪੰਜਾਬ ਦੀ ਸਿਆਸਤ ਦੇ ਦਿਨ ਪੁੱਗਣ ਲੱਗੇ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਪਰੈਲ
ਪੰਜਾਬ ਵਿੱਚ ਅੱਜ-ਕੱਲ੍ਹ ਪੱਗਾਂ ਦੇ ਰੰਗਾਂ ਨਾਲ ਜੁੜੀ ਰਾਜਨੀਤੀ ਦੇ ਦਿਨ ਪੁੱਗਣ ਲੱਗੇ ਹਨ। ਲੋਕ ਸਭਾ ਚੋਣਾਂ ਦੇ ਮੌਜੂਦਾ ਰੁਝਾਨ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਵੇਲੇ ਕਿਧਰੇ ਨੀਲੇ, ਪੀਲੇ, ਲਾਲ, ਕੇਸਰੀ ਤੇ ਚਿੱਟੇ ਰੰਗ ਦੀ ਤੂਤੀ ਨਹੀਂ ਬੋਲਦੀ। ਲੰਬੇ ਸਮੇਂ ਤੋਂ ਪੱਗਾਂ ਦੇ ਰੰਗਾਂ ਨੂੰ ਰਾਜਨੀਤੀ ਵਿਚ ਉਤਰਾਈ-ਚੜ੍ਹਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪਰ ਇਸ ਵੇਲੇ ਸਾਰੀਆਂ ਸਿਆਸੀ ਧਿਰਾਂ ਦੇ ਚੋਣ ਜਲਸਿਆਂ ਦੌਰਾਨ ਇੱਕੋ ਜਿਹੀਆਂ ਪੱਗਾਂ ਦੇ ਰੰਗ ਵੇਖਣ ਨੂੰ ਕਿਧਰੇ ਨਹੀਂ ਮਿਲੇ। ਖੜਾਕੂ ਲਹਿਰ ਦੇ ਖ਼ਾਤਮੇ ਪਿਛੋਂ ਮਰਹੂਮ ਬੇਅੰਤ ਸਿੰਘ ਦੀ ਹਕੂਮਤ ਬਣਨ ਸਾਰ ਚਿੱਟੇ ਰੰਗ ਦੀਆਂ ਪੱਗਾਂ ਦੀ ਚੜ੍ਹਾਈ ਹੋਣ ਲੱਗੀ ਸੀ, ਜਿਸ ਨੂੰ 1997 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਚੱਲੀ ਲਹਿਰ ਦੌਰਾਨ ਨੀਲੀਆਂ ਪੱਗਾਂ ਨੇ ਠੱਲ੍ਹ ਦਿੱਤਾ ਸੀ। ਉਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਪੰਜਾਬ ਵਿਚਲੀਆਂ ਬਹੁਤੀਆਂ ਲੋਕ ਸਭਾ ਸੀਟਾਂ ’ਤੇ ਭਾਰੀ ਬਹੁਮਤ ਪ੍ਰਾਪਤ ਕਰਨ ਵੇਲੇ ਹਰ ਕੋਈ ਕੇਸਰੀ ਰੰਗ ਦੀ ਪੱਗ ਬੰਨ੍ਹਣ ਲੱਗ ਪਿਆ ਸੀ। ਬਹੁਤ ਸਮਾਂ ਪਹਿਲਾਂ ਜਦੋਂ ਪੰਜਾਬ ਦੇ ਲੋਕਾਂ ਨੂੰ ਛੇਤੀ ਇਨਕਲਾਬ ਆਉਣ ਦੀ ਉਮੀਦ ਹੋਈ ਸੀ ਤਾਂ ਉਦੋਂ ਸਿਰਾਂ ’ਤੇ ਲਾਲ ਪੱਗਾਂ ਚਮਕਣ ਲੱਗੀਆਂ ਸਨ। ਰਾਜ ਵਿੱਚ ਸੱਤਵੇਂ ਤੇ ਅੱਠਵੇਂ ਦਹਾਕੇ ਦੌਰਾਨ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੀ ਹਕੂਮਤ ਵੇਲੇ ਚਿੱਟੀਆਂ ਪੱਗਾਂ ਦੂਰੋਂ ਹੀ ਚਮਕਦੀਆਂ ਸਨ।
ਇਸ ਸ਼ਹਿਰ ਦੇ ਪੱਗਾਂ ਦੇ ਥੋਕ ਵਪਾਰੀ ਨੇ ਦੱਸਿਆ ਕਿ ਬਦਲੇ ਹੋਏ ਸਿਆਸੀ ਸਮੀਕਰਣਾਂ ਤਹਿਤ ਅਜੇ ਤੱਕ ਕਿਸੇ ਵੀ ਰੰਗ ਦੀਆਂ ਪੱਗਾਂ ਵਿਕਣ ਦਾ ਰੁਝਾਨ ਪੈਦਾ ਨਹੀਂ ਹੋਇਆ, ਜਦੋਂਕਿ ਅਕਸਰ ਲੋਕ ਸਭਾ ਚੋਣਾਂ ਦੇ ਜ਼ੋਰ ਵੇਲੇ ਉਸੇ ਪਾਰਟੀ ਦੇ ਰੰਗ ਵਾਲੀਆਂ ਪੱਗਾਂ ਵੱਧ ਵਿਕਣ ਲੱਗ ਪੈਂਦੀਆਂ ਸਨ, ਜਿਨ੍ਹਾਂ ਦਾ ਰਾਜ-ਭਾਗ ਬਣਨ ਦੀਆਂ ਮੁੱਢਲੀਆਂ ਨਿਸ਼ਾਨੀਆਂ ਸਾਹਮਣੇ ਆਉਂਦੀਆਂ ਸਨ। ਉਨ੍ਹਾਂ ਦੱਸਿਆ ਕਿ ਉਹ ਅਨੇਕਾਂ ਰੰਗਾਂ ਦੇ ਸਾਫ਼ਿਆਂ ਵਾਲੇ ਥਾਨ ਲੈ ਕੇ ਆਏ ਹਨ, ਪਰ ਅਜੇ ਤੱਕ ਖਰੀਦਦਾਰ ਘੱਟ ਹੀ ਨਿਕਲੇ ਹਨ। ਉਧਰ, ਲਾਲ ਰੰਗ ਤੋਂ ਹੁਣ ਕਾਮਰੇਡ ਵੀ ਭੱਜਣ ਲੱਗ ਪਏ ਹਨ। ਉਹ ਵੀ ਹੋਰ ਰੰਗਾਂ ਦੇ ਸਾਫ਼ੇ ਹੀ ਸਿਰਾਂ ’ਤੇ ਸਜਾਉਂਦੇ ਹਨ। ਇਸ ਵਾਰ ਔਰਤਾਂ ਵਿੱਚ ਪਾਰਟੀ ਰੰਗਾਂ ਵਾਲੀਆਂ ਚੁੰਨੀਆਂ ਗਾਇਬ ਹੋ ਗਈਆਂ ਹਨ। ਹੁਣ ਨਾ ਕਿਸੇ ਜਥੇਦਾਰਨੀ ਦੇ ਨੀਲੀ-ਪੀਲੀ ਚੁੰਨੀ, ਨਾ ਹੀ ਕਾਂਗਰਸ ਦੀ ਕਿਸੇ ਮਹਿਲਾ ਆਗੂ ਦੇ ਚਿੱਟੀ ਚੁੰਨੀ ਅਤੇ ਨਾ ਹੀ ਕਿਸੇ ਕਾਮਰੇਡ ਵਰਕਰ ਔਰਤ ਦੇ ਲਾਲ ਚੁੰਨੀ ਨਾਲ ਸਿਰ ਢੱਕਿਆ ਨਜ਼ਰ ਆਇਆ ਹੈ। ਭਗਵੰਤ ਮਾਨ ਦੀ ਸਰਕਾਰ ਬਣਨ ਮਗਰੋਂ ਜਿਹੜੀਆਂ ਬਸੰਤੀ ਰੰਗ ਦੀਆਂ ਪੱਗਾਂ ‘ਆਪ’ ਦੇ ਵਰਕਰ ਬੰਨ੍ਹਣ ਲੱਗੇ ਸਨ, ਉਹ ਪੱਗਾਂ ਵਾਲਿਆਂ ਦਾ ਵੀ ਹੁਣ ‘ਆਪ’ ਦੇ ਚੋਣ ਜਲਸਿਆਂ ਦੌਰਾਨ ਰੰਗ ਉੱਡਿਆ ਹੋਇਆ ਵਿਖਾਈ ਦਿੰਦਾ ਹੈ।