For the best experience, open
https://m.punjabitribuneonline.com
on your mobile browser.
Advertisement

ਪਰਲੋ ਦੇ ਦਿਨ

12:09 PM Oct 09, 2024 IST
ਪਰਲੋ ਦੇ ਦਿਨ
Advertisement

ਅਮਨਦੀਪ ਸਿੰਘ

ਇਸ ਤੋਂ ਪਹਿਲਾਂ ਕਿ ਮੈਂ ਕੁਝ ਸੋਚ ਸਕਦਾ, ਮੈਂ ਭਾਰਤ ਜਾਣ ਵਾਲੇ ਹਵਾਈ-ਜਹਾਜ਼ ਵਿੱਚ ਬੈਠਾ ਗਿਆ ਸੀ। ਏਅਰਪੋਰਟ ’ਤੇ ਬੜੀ ਹਫੜਾਦਫੜੀ ਮਚੀ ਹੋਈ ਸੀ। ਬਹੁਤ ਸਾਰੀਆਂ ਉਡਾਣਾਂ ਕੈਂਸਲ ਹੋ ਚੁੱਕੀਆਂ ਸਨ। ਲੋਕ ਬੜੇ ਪਰੇਸ਼ਾਨ ਸਨ। ਹਰੇਕ ਏਅਰਲਾਈਨ ਦੇ ਕਾਊਂਟਰ ’ਤੇ ਕਾਵਾਂਰੌਲੀ ਪਈ ਹੋਈ ਸੀ। ਕਈ ਲੋਕ ਏਅਰਲਾਈਨ ਵਾਲਿਆਂ ਨਾਲ ਲੜ ਰਹੇ ਸਨ ਕਿਉਂਕਿ ਉਨ੍ਹਾਂ ਦੀਆਂ ਉਡਾਣਾਂ ਕੈਂਸਲ ਹੋਣ ਕਰਕੇ ਉਨ੍ਹਾਂ ਵਾਸਤੇ ਕਿਤੇ ਜਾਣ ਦੀ ਜਗ੍ਹਾ ਨਹੀਂ ਸੀ ਅਤੇ ਉੱਪਰੋਂ ਤੂਫ਼ਾਨ ਚੜ੍ਹ ਕੇ ਆ ਰਿਹਾ ਸੀ। ਖ਼ੈਰ ਕਿਸਮਤ ਚੰਗੀ ਹੋਣ ਕਰਕੇ ਸਾਡੀ ਉਡਾਣ ਵਕਤ ’ਤੇ ਜਾਣ ਲਈ ਤਿਆਰ ਖੜ੍ਹੀ ਸੀ। ਮੈਂ ਉੱਪਰ ਖਾਨੇ ਵਿੱਚ ਸਾਮਾਨ ਰੱਖ ਕੇ ਆਪਣੀ ਸੀਟ ’ਤੇ ਬੈਠ ਕੇ ਆਰਾਮ ਜਿਹਾ ਮਹਿਸੂਸ ਕੀਤਾ। ਸ਼ਾਇਦ ਅੱਗੇ ਜਾ ਕੇ ਪਤਾ ਨਹੀਂ ਆਰਾਮ ਨਸੀਬ ਵੀ ਹੋਣਾ ਸੀ ਕਿ ਨਹੀਂ।
‘‘ਬੜਾ ਭਿਆਨਕ ਤੂਫ਼ਾਨ ਆਉਣ ਵਾਲਾ ਹੈ!’’ ਮੇਰੇ ਨਾਲ ਵਾਲੀ ਸੀਟ ’ਤੇ ਬੈਠਾ ਵਿਅਕਤੀ ਬੋਲਿਆ।
‘‘ਹਾਂ!’’ ਮੈਂ ਬਸ ਹਾਂ ਹੀ ਬੋਲ ਸਕਿਆ। ਮੇਰੇ ਕੋਲ ਗੱਲ ਕਰਨ ਦੀ ਹਿੰਮਤ ਨਹੀਂ ਸੀ। ਸ਼ਾਇਦ ਉਹ ਵੀ ਸਮਝ ਗਿਆ ਅਤੇ ਅੱਗੋਂ ਗੱਲਬਾਤ ਜਾਰੀ ਨਹੀਂ ਰੱਖੀ। ਸੱਚਮੁੱਚ ਹੀ ਬੜਾ ਭਿਆਨਕ ਤੂਫ਼ਾਨ ਆਉਣ ਵਾਲਾ ਸੀ - ਇੱਕ ਮਹਾਤੂਫ਼ਾਨ! ਦੋ ਤੂਫ਼ਾਨ ਇਕੱਠੇ ਹੋ ਕੇ ਤਬਾਹੀ ਦੀ ਹਨੇਰੀ ਅਤੇ ਮੀਂਹ ਵਰਸਾਉਣ ਵਾਲੇ ਸਨ। 80 ਤੋਂ 90 ਮੀਲ ਪ੍ਰਤੀ ਘੰਟਾ ਰਫ਼ਤਾਰ ਨਾਲ ਹਨੇਰੀ ਚੱਲਣ ਵਾਲੀ ਸੀ ਅਤੇ ਬਹੁਤ ਜ਼ਬਰਦਸਤ ਬਾਰਿਸ਼ ਹੋਣੀ ਸੀ। ਸਾਰੇ ਸੰਸਾਰ ਵਿੱਚ ਭਿਆਨਕ ਤੂਫ਼ਾਨ ਆ ਰਹੇ ਸਨ। ਇਹ ਗੱਲ ਆਮ ਆਦਮੀ ਦੀ ਸਮਝ ਤੋਂ ਬਾਹਰ ਸੀ, ਪਰ ਵਿਗਿਆਨੀਆਂ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਸਭ ਕੁਝ ਧਰਤੀ ਦਾ ਤਾਪਮਾਨ ਵਧਣ (ਆਲਮੀ ਤਪਿਸ਼) ਕਰਕੇ ਹੋ ਰਿਹਾ ਸੀ। ਧਰਤੀ ਦਾ ਤਾਪਮਾਨ ਵਧਣ ਕਰਕੇ ਸਭ ਦੇਸ਼ਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਮਾਰੂ ਤੂਫ਼ਾਨ ਆ ਰਹੇ ਸਨ।
‘‘ਪਿਛਲੇ ਪੰਜਾਹ ਸਾਲਾਂ ਤੋਂ ਧਰਤੀ ਦਾ ਔਸਤਨ ਤਾਪਮਾਨ ਵਧ ਰਿਹਾ ਹੈ। ਅਜਿਹਾ ਅਸਮਾਨ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਪ੍ਰਦੂਸ਼ਣ ਇਕੱਠੇ ਹੋਣ ਕਰਕੇ ਹੋ ਰਿਹਾ ਹੈ। ਇਹ ਸਾਰੇ ਪ੍ਰਦੂਸ਼ਣ ਦੇ ਤੱਤ ਮਿਲ ਕੇ ਗੁਬਾਰ ਦੀ ਕੰਬਲੀ ਜਿਹੀ ਬਣਾ ਕੇ ਧਰਤੀ ਨੂੰ ਆਪਣੀ ਲਪੇਟ ਵਿੱਚ ਲੈ ਕੇ ਸੂਰਜ ਦੀ ਊਰਜਾ ਨੂੰ ਕਾਬੂ ਕਰ ਰਹੇ ਹਨ ਅਤੇ ਉਸ ਨੂੰ ਵਾਯੂਮੰਡਲ ਤੋਂ ਬਾਹਰ ਨਿਕਲਣ ਨਹੀਂ ਦੇ ਰਹੇ! ਉਦਯੋਗਿਕ ਕ੍ਰਾਂਤੀ ਤੋਂ ਲੈ ਕੇ ਹੁਣ ਤੱਕ ਧਰਤੀ ਦਾ ਔਸਤਨ ਤਾਪਮਾਨ 1.1 ਡਿਗਰੀ ਸੈਲਸੀਅਸ ਵਧ ਚੁੱਕਾ ਹੈ ਤੇ ਅਗਲੇ ਵੀਹ ਸਾਲਾਂ ਤੱਕ ਧਰਤੀ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਵਧ ਸਕਦਾ ਹੈ। ਆਲਮੀ ਤਪਿਸ਼ ਬਹੁਤ ਹੀ ਪੇਚੀਦਾ ਮਸਲਾ ਹੈ ਅਤੇ ਇਸ ਦੇ ਅਸਰ ਦਾ ਅਨੁਮਾਨ ਲਗਾਉਣਾ ਬਹੁਤ ਮੁਸ਼ਕਿਲ ਹੈ। ਤੁਹਾਨੂੰ ਲੱਗੇਗਾ ਕਿ ਧਰਤੀ ਦੇ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਤਾਂ ਕੁਝ ਵੀ ਨਹੀਂ ਹੈ, ਪਰ ਦੁਨੀਆ ਦਾ ਤਾਪਮਾਨ ਕਿਸੇ ਖੇਤਰ ਦੇ ਆਮ ਤਾਪਮਾਨ ਤੋਂ ਬਹੁਤ ਅਲੱਗ ਹੁੰਦਾ ਹੈ। ਦੁਨੀਆ ਦਾ ਤਾਪਮਾਨ ਤਕਰੀਬਨ ਸਥਿਰ ਰਹਿੰਦਾ ਹੈ। ਜੇ ਧਰਤੀ ਵਾਯੂਮੰਡਲ ਵਿੱਚ ਜ਼ਿਆਦਾ ਕਾਰਬਨ ਡਾਈਆਕਸਾਈਡ ਗੈਸ ਹੋਣ ਕਰਕੇ ਘੱਟ ਤਪਿਸ਼ ਵਾਪਸ ਪੁਲਾੜ ਵਿੱਚ ਛੱਡਦੀ ਹੈ ਤਾਂ ਧਰਦੀ ਦਾ ਤਾਪਮਾਨ ਇੱਕ-ਇੱਕ ਡਿਗਰੀ ਕਰਕੇ ਵਧਦਾ ਜਾਵੇਗਾ। ਇੱਕ ਡਿਗਰੀ ਵਾਧਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਧਰਤੀ ਦੇ ਸਾਰੇ ਸਮੁੰਦਰ, ਵਾਤਾਵਰਨ ਤੇ ਜ਼ਮੀਨ ਨੂੰ ਇੱਕ ਡਿਗਰੀ ਗਰਮ ਕਰਨ ਲਈ ਬਹੁਤ ਜ਼ਿਆਦਾ ਤਾਪਮਾਨ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਦੁਨੀਆ ਦੇ ਤਾਪਮਾਨ ਵਿੱਚ ਇੱਕ ਡਿਗਰੀ ਦੇ ਘਾਟੇ ਨੇ ਧਰਤੀ ਨੂੰ ਛੋਟੇ ਬਰਫ਼ ਯੁੱਗ ਵਿੱਚ ਧੱਕ ਦਿੱਤਾ ਸੀ। ਅੱਜ ਅਸੀਂ ਇਸ ਤਾਪਮਾਨ ਵਧਣ ਦੇ ਭਿਆਨਕ ਪ੍ਰਮਾਣ ਭਾਰਤ, ਪਾਕਿਸਤਾਨ, ਅਮਰੀਕਾ ਤੇ ਯੂਰਪ ਵਿੱਚ ਤਬਾਹਕੁੰਨ ਹੜ੍ਹ, ਸਾਰੇ ਸੰਸਾਰ ਵਿੱਚ ਮਾਰੂ ਗਰਮੀ, ਸੋਕਾ ਤੇ ਤਰ੍ਹਾਂ-ਤਰ੍ਹਾਂ ਦੇ ਭਿਆਨਕ ਤੂਫ਼ਾਨ ਆਦਿ ਦੇਖ ਰਹੇ ਹਾਂ। ਆਪਣੇ ਆਪ ਨੂੰ ਭਿਆਨਕ ਅਤੇ ਜੰਗਲੀ ਮੌਸਮ ਨਾਲ ਨਜਿੱਠਣ ਲਈ ਤਿਆਰ ਹੋ ਜਾਓ!
ਸਾਨੂੰ ਜਲਦੀ ਹੀ ਸੰਭਲਣਾ ਪਵੇਗਾ ਤਾਂ ਜੋ ਆਲਮੀ ਤਪਿਸ਼ ’ਤੇ ਠੱਲ ਪਾ ਸਕੀਏ! ਪਰ ਜੇ ਇੰਝ ਹੀ ਮਨੁੱਖ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਰਹੇਗਾ, ਕੁਦਰਤੀ ਸੋਮਿਆਂ ਦਾ ਨਾਸ਼ ਕਰਦਾ ਰਹੇਗਾ ਤਾਂ ਜਲਦੀ ਹੀ ਧਰਤੀ ’ਤੇ ਪਰਲੋ ਆ ਜਾਏਗੀ, ਜਿਸ ਤੋਂ ਬਚਣਾ ਬਹੁਤ ਮੁਸ਼ਕਿਲ ਹੋ ਜਾਵੇਗਾ!
ਇਹ ਕੀ? ਪਰਲੋ ਤਾਂ ਹੁਣੇ ਹੀ ਆ ਰਹੀ ਸੀ। ਇਹ ਖ਼ਤਰਨਾਕ ਤੂਫ਼ਾਨ ਜੋ ਆ ਰਹੇ ਸਨ, ਕੋਈ ਆਮ ਮੌਸਮੀ ਤੂਫ਼ਾਨ ਨਹੀਂ ਸਨ, ਆਲਮੀ ਤਪਿਸ਼ ਕਾਰਨ ਜੋ ਵਾਤਾਵਰਨ ਵਿੱਚ ਤਬਦੀਲੀ ਆ ਰਹੀ ਸੀ, ਕਿਤੇ ਜ਼ਿਆਦਾ ਦਬਾਅ ਤੇ ਕਿਤੇ ਘੱਟ ਦਬਾਅ, ਇਹ ਤੂਫ਼ਾਨਾਂ ਨੂੰ ਖ਼ਤਰਨਾਕ ਰੂਪ ਦੇ ਰਿਹਾ ਸੀ। ਆਮ ਤੌਰ ’ਤੇ ਮੀਂਹ ਇੱਕ-ਦੋ ਦਿਨ ਪੈ ਕੇ ਹਟ ਜਾਂਦਾ ਹੈ, ਪਰ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ, ਜਿਸ ਕਰਕੇ ਕਈ ਜਗ੍ਹਾ ਹੜ੍ਹ ਆ ਰਹੇ ਸਨ। ਇਨ੍ਹਾਂ ਕਰਕੇ ਮਨੁੱਖੀ ਤ੍ਰਾਸਦੀ ਦੇ ਹਾਲਾਤ ਪੈਦਾ ਹੋ ਰਹੇ ਸਨ। ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਸੀ, ਲੱਖਾਂ ਕਰੋੜਾਂ ਲੋਕ ਬੇਘਰ ਹੋ ਰਹੇ ਸਨ। ਹਿੰਦੁਸਤਾਨ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿੱਚ ਭਿਆਨਕ ਹੜ੍ਹ ਆ ਰਹੇ ਸਨ। ਹਾਲਾਂਕਿ ਇਨ੍ਹਾਂ ਦੇਸ਼ਾਂ ਦਾ ਗ੍ਰੀਨ ਹਾਊਸ ਦੀਆਂ ਗੈਸਾਂ ਨੂੰ ਵਧਾਉਣ ਵਿੱਚ ਇੰਨਾ ਜ਼ਿਆਦਾ ਯੋਗਦਾਨ ਨਹੀਂ ਸੀ, ਜਿੰਨਾ ਕਿ ਅਮਰੀਕਾ, ਚੀਨ ਤੇ ਹੋਰ ਦੇਸ਼ਾਂ ਦਾ ਸੀ, ਪਰ ਇੱਥੇ ਆਲਮੀ ਤਪਿਸ਼ ਕਰਕੇ ਆ ਰਹੀ ਮੌਸਮੀ ਤਬਦੀਲੀ ਦੇ ਅਸਰ ਜ਼ਿਆਦਾ ਹੋ ਰਹੇ ਸਨ। ਇੱਥੇ ਆਲਮੀ ਤਪਿਸ਼ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵੀ ਘੱਟ ਸੀ, ਆਲਮੀ ਤਪਿਸ਼ ਕਰਕੇ ਹੋ ਰਹੀ ਤਬਾਹੀ ਨੂੰ ਨਜਿੱਠਣ ਦੀ ਕੋਈ ਯੋਜਨਾ ਤਿਆਰ ਨਹੀਂ ਕੀਤੀ ਗਈ ਸੀ। ਇਹ ਪ੍ਰਤੱਖ ਦਿਖ ਰਿਹਾ ਸੀ ਕਿ ਕਿਵੇਂ ਹੜ੍ਹ-ਪੀੜਤ ਲੋਕ ਸੰਘਰਸ਼ ਕਰ ਰਹੇ ਸਨ।
ਹਵਾਈ-ਜਹਾਜ਼ ਉੱਡਣ ਲੱਗਾ ਸੀ। ਸਭ ਨੂੰ ਆਪਣੀਆਂ ਸੀਟ ਬੈਲਟਾਂ ਬੰਨ੍ਹਣ ਦੀ ਹਦਾਇਤ ਦਿੱਤੀ ਗਈ। ਮੇਰੀ ਬੇਟੀ ਰੀਤ ਪੜ੍ਹਾਈ ਦਾ ਆਦਾਨ-ਪ੍ਰਦਾਨ ਕਰਨ ਦੇ ਸਬੰਧ ਵਿੱਚ ਪੰਜਾਬ ਵਿੱਚ ਸੀ। ਉਸ ਨੂੰ ਪੰਜਾਬ ਵੈਸੇ ਵੀ ਬਹੁਤ ਚੰਗਾ ਲੱਗਦਾ ਹੈ। ਆਪਣੇ ਜਿਹੇ ਲੋਕ ਅਤੇ ਖਾਣਾ ਅਤੇ ਆਪਣਿਆਂ ਦਾ ਨਿੱਘ! ਮੈਂ ਉਸ ਨੂੰ ਵਾਪਸ ਲੈਣ ਜਾ ਰਿਹਾ ਸੀ ਕਿਉਂਕਿ ਇਸ ਭਿਆਨਕ ਤੂਫ਼ਾਨ ਵਿੱਚ ਮੈਂ ਉਸ ਨੂੰ ਇਕੱਲੇ ਨਹੀਂ ਛੱਡਣਾ ਚਾਹੁੰਦਾ ਸੀ। ਪਿਛਲੇ ਕੁਝ ਕੁ ਦਿਨਾਂ ਤੋਂ ਮੇਰਾ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਸੀ। ਮੈਂ ਉਮੀਦ ਕਰ ਰਿਹਾ ਸੀ ਕਿ ਉਹ ਠੀਕ ਹੋਵੇਗੀ!
***
ਦਿੱਲੀ ਅੰਤਰ-ਰਾਸ਼ਟਰੀ ਹਵਾਈ ਅੱਡੇ ’ਤੇ ਉਤਰ ਕੇ ਮੈਂ ਪਹਿਲਾਂ ਆਪਣੀ ਬੇਟੀ ਨੂੰ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਫੋਨ ਨਾ ਮਿਲ ਸਕਿਆ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਮਿਲਾਇਆ, ਪਰ ਉਨ੍ਹਾਂ ਦਾ ਫੋਨ ਵੀ ਨਾ ਮਿਲ ਸਕਿਆ। ਫਿਰ ਮੈਂ ਲੋਕਲ ਹਵਾਈ ਅੱਡੇ ’ਤੇ ਚੰਡੀਗੜ੍ਹ ਨੂੰ ਜਾਣ ਵਾਲੇ ਜਹਾਜ਼ ਵਿੱਚ ਚੜ੍ਹਨ ਲਈ ਚੱਲ ਪਿਆ, ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਖ਼ਰਾਬ ਮੌਸਮ ਕਰਕੇ ਹਵਾਈ-ਉਡਾਣ ਕੈਂਸਲ ਹੋ ਚੁੱਕੀ ਸੀ। ਇੰਡੀਅਨ ਏਅਰਲਾਈਨ ਦਾ ਭਲਾ ਹੋਵੇ ਜਿਨ੍ਹਾਂ ਨੇ ਮੈਨੂੰ ਚੰਡੀਗੜ੍ਹ ਜਾਣ ਲਈ ਬੱਸ ਵਿੱਚ ਬੁਕਿੰਗ ਕਰ ਦਿੱਤੀ। ਦਿੱਲੀ ਕੈਂਟ ਦੀਆਂ ਸੜਕਾਂ ’ਤੇ ਐਨਾ ਪਾਣੀ ਨਹੀਂ ਸੀ, ਪਰ ਜਿਵੇਂ ਹੀ ਬੱਸ ਦਿੱਲੀ ਤੋਂ ਬਾਹਰ ਆਈ ਤਾਂ ਦੂਰ ਦੂਰ ਤੱਕ ਪਾਣੀ ਹੀ ਪਾਣੀ ਦਿੱਖ ਰਿਹਾ ਸੀ। ਜ਼ਮੀਨ ਦੇ ਹਾਲਾਤ ਤੋਂ ਪਤਾ ਲੱਗ ਰਿਹਾ ਸੀ ਕਿ ਇਹ ਕੋਈ ਆਮ ਤੂਫ਼ਾਨ ਨਹੀਂ ਸੀ ਜਿਸ ਨੇ ਹਰ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ ਸੀ।
ਬਾਹਰ ਦੇਖਣ ’ਤੇ ਹਾਈਵੇ ਤੋਂ ਹੇਠਾਂ ਦੂਰ ਦੂਰ ਤੱਕ ਮਿੱਟੀ-ਰੰਗੇ ਪਾਣੀ ਦਾ ਸਮੁੰਦਰ ਦਿਖ ਰਿਹਾ ਸੀ। ਉਹ ਕੋਈ ਸਮੁੰਦਰ ਨਹੀਂ, ਖੇਤ ਤੇ ਘਰ ਸਨ। ਪਰ ਹੁਣ ਪਾਣੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਲੋਕ ਮਾਲ ਡੰਗਰ ਤੇ ਹੋਰ ਸਾਮਾਨ ਸੁਰੱਖਿਅਤ ਥਾਵਾਂ ’ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਲੋਕਾਂ ਦਾ ਸਾਮਾਨ ਪਾਣੀ ਵਿੱਚ ਡੁੱਬ ਗਿਆ ਸੀ ਜਾਂ ਤੈਰ ਰਿਹਾ ਸੀ। ਖੇਤੀਬਾੜੀ ਲਈ ਉਪਜਾਊ ਜ਼ਮੀਨ ਵੀ ਪਾਣੀ ਦੇ ਹੇਠਾਂ ਆ ਗਈ। ਕਿਸਾਨ ਜੋ ਪਹਿਲਾਂ ਹੀ ਕਰਜ਼ ਹੇਠਾਂ ਦੱਬੇ ਪਏ ਸਨ, ਉਨ੍ਹਾਂ ’ਤੇ ਹੁਣ ਇਹ ਹੋਰ ਨਵੀਂ ਆਫ਼ਤ ਆ ਗਈ ਸੀ। ਗ਼ਰੀਬ ਕਿਸਾਨਾਂ ਨੂੰ ਇਸ ਸੈਲਾਬ ਨੇ ਬੇਵੱਸ ਕਰ ਦਿੱਤਾ। ਅੰਨਦਾਤੇ ਨੂੰ ਹੁਣ ਅੰਨ ਮੰਗ ਕੇ ਲੈਣਾ ਪੈਣਾ ਸੀ।
ਕਿਸੇ ਨਾ ਕਿਸੇ ਤਰ੍ਹਾਂ ਬੱਸ ਚੰਡੀਗੜ੍ਹ ਪਹੁੰਚ ਗਈ। ਬੱਸ ਸਟੈਂਡ ਤੋਂ ਟੈਕਸੀ ਲੈ ਕੇ ਮੈਂ ਸਿੱਧਾ ਯੂਨੀਵਰਸਿਟੀ ਪਹੁੰਚਿਆ ਜਿੱਥੇ ਮੇਰੀ ਬੇਟੀ ਨੂੰ ਹੋਣਾ ਚਾਹੀਦਾ ਸੀ, ਪਰ ਉੱਥੇ ਪਹੁੰਚ ਕੇ ਪਤਾ ਚੱਲਿਆ ਕਿ ਉਹ ਉੱਥੇ ਨਹੀਂ ਹੈ ਸਗੋਂ ਆਪਣੇ ਜੱਦੀ ਪਿੰਡ ਗਈ ਹੋਈ ਹੈ ਤੇ ਸ਼ਾਇਦ ਹੜ੍ਹਾਂ ਕਰਕੇ ਉੱਥੇ ਫਸ ਗਈ ਹੋਵੇ। ਹੁਣ ਮੈਨੂੰ ਉਸ ਨਾਲ ਫੋਨ ’ਤੇ ਕੋਈ ਸੰਪਰਕ ਨਾ ਹੋਣ ਦਾ ਕਾਰਨ ਸਮਝ ਆਇਆ। ਹੜ੍ਹਾਂ ਕਾਰਨ ਸੰਚਾਰ ਦੇ ਮਾਧਿਅਮ ਬੰਦ ਹੋ ਗਏ ਸਨ। ਮੈਂ ਚੰਡੀਗੜ੍ਹ ਹੀ ਹੋਟਲ ਵਿੱਚ ਰਾਤ ਕੱਟਣ ਦਾ ਫ਼ੈਸਲਾ ਕੀਤਾ। ਵੈਸੇ ਮੈਨੂੰ ਥੋੜ੍ਹੀ ਤੱਸਲੀ ਸੀ ਕਿ ਪਿੰਡ ਵਿੱਚ ਉਹ ਸੁਰੱਖਿਅਤ ਹੋਣੀ ਏ ਕਿਉਂਕਿ ਉਹ ਪਿੰਡ ਉੱਚਾ ਸੀ ਤੇ ਸਤਲੁਜ ਦਰਿਆ ਤੋਂ ਦੂਰ ਸੀ, ਪਰ ਉੱਥੇ ਪਹੁੰਚਣ ਦਾ ਰਸਤਾ ਜ਼ਰੂਰ ਬੰਦ ਹੋ ਸਕਦਾ ਸੀ। ਮੈਂ ਫਿਰ ਫੋਨ ਮਿਲਾਉਣ ਦੀ ਕੋਸ਼ਿਸ ਕੀਤੀ, ਪਰ ਫੋਨ ਨਾ ਮਿਲ ਸਕਿਆ। ਮੈਂ ਪਿੰਡ ਵਿੱਚ ਅਪਣੇ ਮਿੱਤਰ ਤੇ ਹੋਰ ਲੋਕਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਦਾ ਫੋਨ ਨਾ ਮਿਲਿਆ।
ਸਵੇਰੇ ਅਖ਼ਬਾਰ ਵਿੱਚ ਪੜ੍ਹਿਆ ਕਿ ਭਾਖੜਾ ਡੈਮ ਵਿੱਚ ਪਾਣੀ 3,00,000 ਕਿਉਸਿਕ ਤੋਂ ਉੱਪਰ ਹੋ ਗਿਆ ਸੀ, ਜਿਸ ਕਰਕੇ ਉਸ ਦੇ ਰੈਜ਼ਰਵਾਇਰ ਵਿੱਚ ਪਾਣੀ 1700 ਫੁੱਟ ਤੱਕ ਪੁੱਜ ਗਿਆ ਸੀ ਜੋ ਕਿ ਡੈਮ ਦੀ ਸੁਰੱਖਿਆ ਨੂੰ ਖ਼ਤਰਾ ਸੀ। ਇਸ ਕਰਕੇ ਪ੍ਰਬੰਧਕੀ ਬੋਰਡ ਨੇ ਡੈਮ ਦੇ ਗੇਟ ਖੋਲ੍ਹ ਦਿੱਤੇ ਤੇ ਸਤਲੁਜ ਦਰਿਆ ਵਿੱਚ ਵਾਧੂ ਪਾਣੀ ਛੱਡ ਦਿੱਤਾ। ਜਿਵੇਂ ਕਿ ਅਕਸਰ ਹੁੰਦਾ ਹੈ ਤੇ ਉਦੋਂ ਤੋਂ ਹੁੰਦਾ ਆਇਆ ਹੈ ਜਦੋਂ ਤੋਂ ਇਹ ਡੈਮ ਬਣਿਆ ਹੈ, ਵਾਧੂ ਪਾਣੀ ਨਾਲ ਸਤਲੁਜ ਵਿੱਚ ਜਗ੍ਹਾ ਜਗ੍ਹਾ ਪਾੜ ਪੈ ਗਏ ਜੋ ਹੜ੍ਹਾਂ ਦਾ ਮੁੱਖ ਕਾਰਨ ਬਣ ਗਏ। ਭਾਖੜਾ ਡੈਮ ਜੋ ਬਿਜਲੀ ਤੇ ਪਾਣੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਖ਼ੁਸ਼ਹਾਲੀ ਬਖ਼ਸ਼ਦਾ ਹੈ, ਹੁਣ ਉਨ੍ਹਾਂ ਲਈ ਮੁਸੀਬਤ ਲੈ ਕੇ ਆਇਆ ਸੀ! ਇਸ ਸਮੱਸਿਆ ਦਾ ਹੱਲ ਕਰਨ ਲਈ ਕਿਸੇ ਸਰਕਾਰ ਨੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਨਵੀਆਂ ਨਹਿਰਾਂ ਕੱਢ ਕੇ ਪਾਣੀ ਦੇ ਵਹਾਅ ਨੂੰ ਚੰਗੀ ਤਰ੍ਹਾਂ ਕਾਬੂ ਕਰਕੇ ਸਹੀ ਤਰੀਕੇ ਨਾਲ ਕੰਟਰੋਲ ਕਰਨ ਬਾਰੇ ਕਦੇ ਵੀ ਨਹੀਂ ਸੋਚਿਆ। ਨਹਿਰਾਂ ਨਾਲ ਪਾਣੀ ਉਨ੍ਹਾਂ ਖੇਤਰਾਂ ਨੂੰ ਭੇਜਿਆ ਜਾਵੇ ਜਿੱਥੇ ਹੜ੍ਹਾਂ ਦਾ ਖ਼ਤਰਾ ਘੱਟ ਹੈ। ਜਿਸ ਤਰ੍ਹਾਂ ਯੂਰਪ ਵਿੱਚ ਇਟਲੀ ਤੇ ਨੀਦਰਲੈਂਡਜ਼ ਵਿੱਚ ਨਹਿਰਾਂ ਦੇ ਜਾਲ ਸ਼ਹਿਰਾਂ ਦੇ ਅੰਦਰ ਪਾਣੀ ਨੂੰ ਕੰਟਰੋਲ ਕਰਨ ਲਈ ਬਣਾਏ ਗਏ ਹਨ।
ਪੰਜਾਬ ਸਰਕਾਰ ਨੇ ਐੱਨਡੀਆਰਐੱਫ ਤੇ ਫ਼ੌਜ ਨੂੰ ਮਦਦ ਕਰਨ ਲਈ ਸੱਦ ਲਿਆ ਹੈ, ਜੋ ਹੈਲੀਕਾਪਟਰ, ਕਿਸ਼ਤੀਆਂ ਤੇ ਹੋਰ ਸਾਧਨਾਂ ਨਾਲ ਲੋਕਾਂ ਨੂੰ ਬਚਾ ਰਹੇ ਸਨ। ਖ਼ਾਲਸਾ ਏਡ, ਲੋਕਲ ਤੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾਵਾਂ ਵੀ ਬਹੁਤ ਮਦਦ ਕਰ ਰਹੀਆਂ ਹਨ। ਉਮੀਦ ਹੈ ਜਲਦੀ ਹੀ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਜਾਵੇਗਾ।
ਮੈਂ ਇੱਕ ਵਾਰ ਫਿਰ ਆਪਣੀ ਬੇਟੀ ਨੂੰ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ। ਮੇਰੀ ਖ਼ੁਸ਼ੀ ਦੀ ਉਦੋਂ ਕੋਈ ਹੱਦ ਨਹੀਂ ਰਹੀ ਜਦੋਂ ਅਚਾਨਕ ਫੋਨ ਮਿਲ ਗਿਆ ਤੇ ਉਸ ਦੀ ਸ਼ਹਿਦ ਜਿਹੀ ਮਿੱਠੀ ਆਵਾਜ਼ ਮੇਰੇ ਕੰਨਾਂ ਵਿੱਚ ਪਈ।
‘‘ਪਾਪਾ, ਮੈਂ ਬਿਲਕੁਲ ਠੀਕ ਹਾਂ, ਤੁਸੀਂ ਕੋਈ ਫ਼ਿਕਰ ਨਾ ਕਰੋ।’’
‘‘ਬੇਟੇ, ਮੈਂ ਤੈਨੂੰ ਲੈਣ ਆ ਰਿਹਾ ਹਾਂ।’’
‘‘ਸਭ ਰਸਤੇ ਬੰਦ ਹਨ, ਪਤਾ ਨਹੀਂ ਤੁਸੀਂ ਕਿਵੇਂ ਆਓਗੇ। ਪਿੰਡ ਦੇ ਬਾਹਰ ਵੀ ਬਹੁਤ ਪਾਣੀ ਜਮ੍ਹਾ ਹੈ। ਭਰੀ ਹੋਈ ਨਹਿਰ ਵਿੱਚ ਪਾੜ ਪੈ ਗਿਆ, ਤੇ ਸਾਰਾ ਪਾਣੀ ਖੇਤਾਂ ਵਿੱਚ ਤੇ ਪਿੰਡ ਦੇ ਬਾਹਰ ਬਾਹਰ ਆ ਗਿਆ। ਸਤਲੁਜ ਦਰਿਆ ਤੋਂ ਵੀ ਪਾਣੀ ਆ ਗਿਆ। ਅਸੀਂ ਉੱਚੀ ਜਗ੍ਹਾ ’ਤੇ ਹਾਂ, ਪਰ ਬਾਹਰ ਨਹੀਂ ਜਾ ਸਕਦੇ।’’
ਮੈਂ ਹੈਰਾਨ ਹੋ ਗਿਆ, ਜਿੱਥੇ ਕਦੇ ਵੀ ਹੜ੍ਹ ਨਹੀਂ ਆਏ ਸਨ, ਉੱਥੇ ਵੀ ਹੜ੍ਹ ਆ ਗਏ ਸਨ। ਸੱਚਮੁੱਚ ਕਿੰਨਾ ਖ਼ਤਰਨਾਕ ਤੂਫ਼ਾਨ ਆਇਆ! ਮੈਂ ਉਸ ਨੂੰ ਉੱਥੇ ਹੀ ਰਹਿਣ ਲਈ ਕਿਹਾ ਤੇ ਤੱਸਲੀ ਦਿੱਤੀ ਕਿ ਮੈਂ ਜਲਦੀ ਹੀ ਕੋਈ ਹੀਲਾ ਕਰਕੇ ਸ਼ਾਮ ਤੱਕ ਜਾਂ ਕੱਲ੍ਹ ਤੱਕ ਆਵਾਂਗਾ। ਉਹ ਇੱਕ ਹਫ਼ਤੇ ਤੋਂ ਉੱਥੇ ਸੀ, ਪਰ ਉਹ ਉੱਥੇ ਸੁਰੱਖਿਅਤ ਸੀ ਤੇ ਆਪਣਿਆਂ ਦੇ ਕੋਲ ਸੀ। ਮੈਂ ਆਪਣੇ ਮਿੱਤਰ ਭੁਪਿੰਦਰ ਨਾਲ ਗੱਲ ਕਰੀ ਜਿਸ ਦੇ ਘਰ ਮੇਰੀ ਬੇਟੀ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਫਸਿਆਂ ਤਿੰਨ ਦਿਨ ਹੋ ਗਏ ਹਨ, ਪਰ ਇੱਥੇ ਅਜੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਜਲਦੀ ਹੀ ਪਹੁੰਚਣ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਨੂੰ ਜੋ ਵੀ ਜ਼ਰੂਰੀ ਚੀਜ਼ਾਂ ਚਾਹੀਦੀਆਂ ਸਨ, ਉਨ੍ਹਾਂ ਦੀ ਸੂਚੀ ਲੈ ਲਈ। ਫਿਰ ਮੈਂ ਆਪਣੇ ਮਿੱਤਰ ਸੁਖਵਿੰਦਰ ਨੂੰ ਫੋਨ ਕੀਤਾ ਜੋ ਚੰਡੀਗੜ੍ਹ ਦੇ ਕੋਲ ਹੀ ਰਹਿੰਦਾ ਸੀ ਤੇ ਉਸ ਨੂੰ ਸਾਰੀ ਗੱਲ ਦੱਸੀ ਤੇ ਇੱਕ ਬੇੜੀ ਤੇ ਟਰੱਕ ਦਾ ਇੰਤਜ਼ਾਮ ਕਰਨ ਲਈ ਕਿਹਾ।
ਉਸ ਨੇ ਦੱਸਿਆ, ‘‘ਸੁਖਪਾਲ, ਹਾਲਾਤ ਬਹੁਤ ਮਾੜੇ ਹਨ, ਜਗ੍ਹਾ-ਜਗ੍ਹਾ ਹੜ੍ਹ ਆਉਣ ਨਾਲ ਸਭ ਕੁਝ ਰੁਕ ਗਿਆ ਹੈ, ਪਰ, ਮੈਂ ਕੋਸ਼ਿਸ਼ ਕਰਦਾ ਹਾਂ।’’
ਮੇਰਾ ਮਿੱਤਰ ਕੁਝ ਕੁ ਘੰਟਿਆਂ ਤੱਕ ਮੇਰੇ ਕੋਲ ਹੋਟਲ ਪਹੁੰਚ ਗਿਆ। ਅਜੇ ਬੇੜੀ ਦਾ ਇੰਤਜ਼ਾਮ ਨਹੀਂ ਸੀ ਹੋਇਆ ਕਿਉਂਕਿ ਜਿੰਨੀਆਂ ਵੀ ਬੇੜੀਆਂ ਸਨ, ਉਹ ਸਭ ਸੁਰੱਖਿਆ ਅਪਰੇਸ਼ਨ ਲਈ ਵਰਤੀਆਂ ਜਾ ਰਹੀਆਂ ਸਨ। ਅਸੀਂ ਹੋਰ ਜ਼ਰੂਰੀ ਵਸਤਾਂ ਖ਼ਰੀਦਣ ਪਹੁੰਚ ਗਏ। ਅਸੀਂ ਕਾਫ਼ੀ ਸਾਰੇ ਡੱਬੇ ਡਿਟੌਲ ਤੇ ਕੱਪੜੇ ਧੋਣ ਦੇ ਸਾਬਣ, ਕੰਬਲ, ਚਾਦਰਾਂ, ਤਰਪਾਲਾਂ, ਸੁੱਕੇ ਫ਼ਲ, ਚੌਲ, ਦਾਲਾਂ, ਮੱਛਰ-ਮਾਰ ਦਵਾਈਆਂ, ਹੋਰ ਜ਼ਰੂਰੀ ਦਵਾਈਆਂ ਆਦਿ ਖ਼ਰੀਦਣ ਚੱਲ ਪਏ। ਮੈਂ ਇੱਕ ਟਰੱਕ ਕਿਰਾਏ ’ਤੇ ਕਰ ਲਿਆ ਸੀ, ਜਿਸ ਵਿੱਚ ਬੇੜੀ ਵੀ ਰੱਖੀ ਜਾ ਸਕਦੀ ਸੀ। ਅਸੀਂ ਸੈਕਟਰ 22 ਦੀ ਮਾਰਕੀਟ ਵਿੱਚੋਂ ਸਾਰਾ ਸਾਮਾਨ ਖ਼ਰੀਦ ਕੇ ਟਰੱਕ ਵਿੱਚ ਰੱਖ ਲਿਆ। ਕਿਸੇ ਕੋਲੋਂ ਸਾਨੂੰ ਪਤਾ ਚੱਲਿਆ ਕਿ ਜਿਸ ਤਰ੍ਹਾਂ ਦੀ ਬੇੜੀ ਸਾਨੂੰ ਚਾਹੀਦੀ ਹੈ, ਉਹ ਰੂਪਨਗਰ ਵਿਖੇ ਮਿਲ ਸਕਦੀ ਹੈ।
ਮੈਨੂੰ ਪਾਣੀ ਦਾ ਇਹ ਪ੍ਰਚੰਡ ਰੂਪ ਵੇਖ ਕੇ ਡਰ ਲੱਗਦਾ ਹੈ। ਕੁਦਰਤ ਦੇ ਇਸ ਭਿਆਨਕ ਰੂਪ ਅੱਗੇ, ਮਨੁੱਖ ਦੇ ਸਾਰੇ ਯੰਤਰ ਫੇਲ੍ਹ ਹੋ ਜਾਂਦੇ ਹਨ, ਜਿਸ ਨੂੰ ਵੇਖ ਦਿਲ ਵਿੱਚ ਦਰਦ ਉੱਠਦਾ ਹੈ। ਅੱਗੇ ਚੱਲ ਕੇ ਕੁਰਾਲੀ ਤੋਂ ਅੱਗੇ ਟਰੈਫਿਕ ਜਾਮ ਹੋ ਗਿਆ। ਬਾਹਰ ਉਤਰਨ ’ਤੇ ਪਤਾ ਚੱਲਿਆ ਕਿ ਇੱਕ ਬੱਚਾ ਆਪਣੇ ਪਿੰਡ ਸਾਈਕਲ ’ਤੇ ਜਾ ਰਿਹਾ ਸੀ, ਪਰ ਪਿੰਡ ਦੀ ਗਲੀ ਵਿੱਚ ਪਾਣੀ ਆਉਣ ਕਰਕੇ ਉਹ ਇੱਕ ਖਾਈ ਵਿੱਚ ਡਿੱਗ ਪਿਆ, ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਮਸਾਂ ਹੀ ਉਸ ਨੂੰ ਬਾਹਰ ਕੱਢਿਆ। ਉਹ ਬੇਹੋਸ਼ ਸੀ ਪਰ ਅਜੇ ਸਾਹ ਲੈ ਰਿਹਾ ਸੀ ਤੇ ਉਸ ਨੂੰ ਐਂਬੂਲੈਂਸ ਵਿੱਚ ਹਸਪਤਾਲ ਲੈ ਕੇ ਚੱਲੇ ਸਨ।
ਖ਼ਬਰਾਂ ਦੇ ਅਨੁਸਾਰ ਸਤਲੁਜ ਦਰਿਆ ਵਿੱਚ ਕੀਤੀ ਜਾਂਦੀ ਲੈਂਡ ਮਾਈਨਿੰਗ ਕਰਕੇ ਦਰਿਆ ਨੇ ਆਪਣਾ ਰਸਤਾ ਬਦਲ ਲਿਆ ਤੇ ਹੜ੍ਹਾਂ ਦਾ ਪਾਣੀ ਉਨ੍ਹਾਂ ਪਿੰਡਾਂ ਵਿੱਚ ਵੀ ਦਾਖ਼ਲ ਹੋ ਗਿਆ ਜਿੱਥੇ ਪਹਿਲਾਂ ਕਦੇ ਹੜ੍ਹ ਨਹੀਂ ਸਨ ਆਏ। ਇਨਸਾਨ ਜਦੋਂ ਕੁਦਰਤ ਦੇ ਨਾਲ ਖਿਲਵਾੜ ਕਰਦਾ ਹੈ ਤਾਂ ਕੁਦਰਤ ਉਸ ਨੂੰ ਬਖ਼ਸ਼ਦੀ ਨਹੀਂ! ਇੱਕ ਪਿੰਡ ਦੇ ਸਕੂਲ ਵਿੱਚ ਪਾਣੀ ਭਰਨ ਕਰਕੇ ਕਈ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲੀਸ ਨੂੰ ਗੋਤਾਖੋਰ ਲਿਆ ਕੇ ਬੱਚਿਆਂ ਦੀਆਂ ਲਾਸ਼ਾਂ ਨੂੰ ਕੱਢਣਾ ਪਿਆ। ਪੰਜਾਬ ਸਰਕਾਰ ਮਦਦ ਕਰਨ ਦਾ ਵਾਅਦਾ ਕਰ ਰਹੀ ਸੀ, ਪਰ ਮਦਦ ਅਜੇ ਦੂਰ ਸੀ। ਬਹੁਤ ਜ਼ਿਆਦਾ ਪੱਧਰ ਅਤੇ ਬਹੁਤੀਆਂ ਥਾਵਾਂ ’ਤੇ ਇੱਕੋ ਵਾਰ ਹੜ੍ਹ ਆਉਣ ਕਰਕੇ ਪ੍ਰਸ਼ਾਸਨ ਨੂੰ ਸਥਿਤੀ ਸੰਭਾਲਣੀ ਮੁਸ਼ਕਿਲ ਹੋ ਰਹੀ ਸੀ। ਬਚਾਅ ਦਾ ਕੰਮ ਤਾਂ ਫ਼ੌਜ ਦੀ ਮਦਦ ਨਾਲ ਹੀ ਸੰਭਵ ਹੋ ਸਕਦਾ ਸੀ, ਪਰ ਇਸ ਸਭ ਵਿੱਚ ਲੋਕਾਂ ਦਾ ਸਹਿਯੋਗ ਵੇਖਣ ਵਾਲਾ ਸੀ। ਲੋਕ ਇੱਕ ਦੂਜੇ ਦੀ ਭਰਾਵਾਂ ਵਾਂਗ ਮਦਦ ਕਰ ਰਹੇ ਸਨ। ਮੇਰਾ ਮਿੱਤਰ ਵੀ ਤਾਂ ਭਰਾ ਬਣ ਕੇ ਮੇਰੇ ਨਾਲ ਸੀ। ਰੂਪਨਗਰ ਸੜਕ ਦੇ ਕਿਨਾਰੇ ’ਤੇ ਸ਼ਹੀਦ ਗੁਰਦੁਆਰਾ ਸਾਹਿਬ, ਜਿੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ, ਨੇ ਆਪਣੇ ਦਰਵਾਜ਼ੇ ਹੜ੍ਹ ਪੀੜਤ ਪਿੰਡਾਂ ਦੇ ਲੋਕਾਂ ਲਈ ਖੋਲ੍ਹ ਦਿੱਤੇ ਸਨ। ਅਸੀਂ ਵੀ ਉੱਥੇ ਮੱਥਾ ਟੇਕ ਕੇ, ਚਾਹ ਦਾ ਲੰਗਰ ਛਕਿਆ। ਉੱਥੇ ਹੜ੍ਹ-ਪੀੜਤਾਂ ਲਈ ਲੰਗਰ ਦਾ ਪੂਰਾ ਇੰਤਜ਼ਾਮ ਸੀ। ਗੁਰਦੁਆਰਾ ਸਾਹਿਬ ਦੇ ਖਾਲੀ ਕਮਰਿਆਂ ਵਿੱਚ ਹੜ੍ਹ ਪੀੜਤ ਠਹਿਰੇ ਹੋਏ ਸਨ। ਬਾਹਰ ਖੁੱਲ੍ਹੀ ਜਗ੍ਹਾ ’ਤੇ ਟੈਂਟ ਵੀ ਲਗਾ ਦਿੱਤੇ ਗਏ ਸਨ। ਖ਼ਾਲਸਾ ਏਡ ਵਾਲਿਆਂ ਨੇ ਇੱਥੇ ਆਪਣਾ ਕੈਂਪ ਲਗਾਇਆ ਹੋਇਆ ਸੀ, ਜਿੱਥੇ ਲੋਕਾਂ ਨੂੰ ਦਵਾਈਆਂ, ਪੀਣ ਲਈ ਸਾਫ਼ ਪਾਣੀ, ਸੁੱਕਾ ਭੋਜਨ ਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ ਜਾ ਰਹੀਆਂ ਸਨ। ਹੜ੍ਹਾਂ ਦੇ ਗੰਦੇ ਪਾਣੀ ਕਰਕੇ ਮੱਛਰ ਤੇ ਹੋਰ ਕੀਟਾਣੂ ਵਧ ਜਾਂਦੇ ਹਨ, ਜਿਸ ਕਰਕੇ ਮਲੇਰੀਆ, ਡੇਂਗੂ, ਹੈਜ਼ਾ ਆਦਿ ਬਿਮਾਰੀਆਂ ਦਾ ਖ਼ਤਰਾ ਹੁੰਦਾ ਹੈ। ਖ਼ਾਲਸਾ ਏਡ ਦੁਨੀਆ ਵਿੱਚ ਜਿੱਥੇ ਵੀ ਤ੍ਰਾਸਦੀ ਹੁੰਦੀ ਹੈ, ਉੱਥੇ ਮਦਦ ਲਈ ਪਹੁੰਚ ਜਾਂਦੀ ਹੈ ਤੇ ਲੋਕਲ ਪ੍ਰਬੰਧਕਾਂ ਨਾਲ ਮਿਲ ਕੇ ਪੀੜਤ ਲੋਕਾਂ ਦੀ ਮਦਦ ਕਰਦੀ ਹੈ। ਉਸ ਦੇ ਸੇਵਾਦਾਰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਧਰਮ, ਜਾਤ ਤੇ ਰੰਗ ਦੇ ਭੇਦ ਨੂੰ ਨਾ ਮੰਨ ਕੇ ਸਭ ਦੀ ਸਾਂਝੀ ਮਦਦ ਕਰਦੇ ਹਨ।
ਅਸੀਂ ਜਦੋਂ ਬੇੜੀ ਵਾਲੇ ਕੋਲ ਪੁੱਜੇ ਤਾਂ ਉਸ ਨੇ ਬੇੜੀ ਦੀ ਕੀਮਤ 50,000 ਰੁਪਏ ਦੱਸੀ। ਅਸੀਂ ਬੇੜੀ ਦੀ ਕੀਮਤ ਅਦਾ ਕਰਕੇ, ਉਸ ਨੂੰ ਟਰੱਕ ਦੇ ਪਿੱਛੇ ਰਖਵਾ ਦਿੱਤਾ ਤੇ ਪਿੰਡ ਵੱਲ੍ਹ ਨੂੰ ਚੱਲ ਪਏ। ਅੱਗੇ ਸਤਲੁਜ ਨਦੀ ਠਾਠਾਂ ਮਾਰ ਰਹੀ ਸੀ, ਪਰ ਸ਼ੁਕਰ ਦੀ ਗੱਲ ਸੀ ਕਿ ਉਸ ਉੱਤੇ ਇੱਕ ਨਵਾਂ ਪੁਲ ਬਣਿਆ ਹੋਇਆ ਸੀ। ਪੁਲ ’ਤੇ ਹਲਕਾ ਹਲਕਾ ਟ੍ਰੈਫਿਕ ਸੀ। ਜਦੋਂ ਅਸੀਂ ਪਿੰਡ ਦੇ ਕੋਲ ਪਹੁੰਚੇ ਤਾਂ ਸਾਨੂੰ ਸੜਕ ’ਤੇ ਪਿੰਡ ਦੇ ਬਾਹਰ ਹੀ ਰੁਕਣਾ ਪਿਆ ਕਿਉਂਕਿ ਪਾਣੀ ਨੇ ਪਿੰਡ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਸੀ। ਪਿੰਡ ਅੰਦਰ ਜਾਣ ਲਈ ਕੋਈ ਵੀ ਰਸਤਾ ਨਹੀਂ ਸੀ। ਹਾਲਾਂਕਿ ਨਹਿਰ ਦਾ ਬੰਨ੍ਹ ਪਿੰਡ ਵਾਲੇ ਪੂਰ ਚੁੱਕੇ ਸਨ, ਪਰ ਜਿਹੜਾ ਪਾਣੀ ਅੰਦਰ ਆ ਗਿਆ ਸੀ, ਉਸ ਦਾ ਨਿਕਾਸ ਕਿਧਰੇ ਨਹੀਂ ਹੋ ਰਿਹਾ ਸੀ। ਇੰਝ ਲੱਗ ਰਿਹਾ ਸੀ ਕਿ ਪਾਣੀ ਇਕੱਲਾ ਨਹਿਰ ਦਾ ਬੰਨ੍ਹ ਟੁੱਟਣ ਕਰ ਕੇ ਨਹੀਂ ਸੀ ਆਇਆ, ਸਗੋਂ ਇਸ ਦਾ ਕਾਰਨ ਕੁਝ ਹੋਰ ਵੀ ਸੀ। ਦੇਖਣ ਨੂੰ ਉਹ ਇੱਕ ਦਰਿਆ ਲੱਗ ਰਿਹਾ ਸੀ, ਪਰ ਉਹ ਖੇਤ ਤੇ ਗਲੀਆਂ ਸਨ। ਕੱਲ੍ਹ ਜਿੱਥੇ ਹਰੇ-ਭਰੇ ਖੇਤਾਂ ਦੀ ਹਰਿਆਲੀ ਸੀ, ਅੱਜ ਉੱਥੇ ਪਾਣੀ ਦਾ ਮਟਿਆਲਾ ਸੈਲਾਬ ਸੀ। ਪਾਣੀ ਉਨ੍ਹਾਂ ਘਰਾਂ ਦੇ ਅੰਦਰ ਵੀ ਚਲਿਆ ਗਿਆ ਸੀ, ਜਿਹੜੇ ਕਿ ਨੀਵੀਂ ਜਗ੍ਹਾ, ਸੜਕ ’ਤੇ ਖੇਤਾਂ ਦੇ ਨਾਲ ਸਨ।
ਮੈਂ ਫੋਨ ਕਰਕੇ ਆਪਣੇ ਦੋਸਤ ਭੁਪਿੰਦਰ ਨੂੰ ਆਪਣੇ ਆਉਣ ਦੀ ਖ਼ਬਰ ਦੇ ਦਿੱਤੀ, ‘‘ਜਲਦੀ ਹੀ ਬੇੜੀ ਜ਼ਰੀਏ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ!’’
ਉੱਥੇ ਸਾਨੂੰ ਪਿੰਡ ਦੇ ਕੁਝ ਬੰਦੇ ਮਿਲ ਗਏ। ਉਨ੍ਹਾਂ ਨੇ ਦੱਸਿਆ, ‘‘ਗ਼ੈਰ-ਕਾਨੂੰਨੀ ਮਾਈਨਿੰਗ ਕਰਕੇ ਸਤਲੁਜ ਦਰਿਆ ਦਾ ਪਾਣੀ ਇੱਧਰ ਨੂੰ ਆ ਗਿਆ, ਹਾਲਾਂਕਿ ਸਤਲੁਜ ਉੱਥੋਂ 10 ਕੁ ਕਿਲੋਮੀਟਰ ਦੂਰ ਹੋਣਾ ਏ, ਪਰ ਉਸ ਦਾ ਰੁਖ਼ ਇਸ ਵਾਰ ਇੱਧਰ ਨੂੰ ਹੋ ਗਿਆ। ਹੁਣ ਤਾਂ ਦਰਿਆ ਇੱਥੋਂ ਤਕਰੀਬਨ 2-3 ਕਿਲੋਮੀਟਰ ਹੀ ਹੋਣਾ ਏ।’’
ਹੁਣ, ਸਾਨੂੰ ਬੇੜੀ ਪਾਣੀ ਵਿੱਚ ਉਤਾਰਨੀ ਪੈਣੀ ਸੀ ਤਾਂ ਜੋ ਮੇਰੀ ਬੇਟੀ ਤੇ ਹੋਰ ਪਿੰਡ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਲਿਆ ਸਕੀਏ ਤੇ ਉਨ੍ਹਾਂ ਦੀ ਮਦਦ ਕਰ ਸਕੀਏ। ਕੁਝ ਕੁ ਲੋਕਾਂ ਦੀ ਮਦਦ ਨਾਲ ਅਸੀਂ ਟਰੱਕ ਵਿੱਚੋਂ ਬੇੜੀ ਲਾਹ ਕੇ ਪਾਣੀ ਵਿੱਚ ਉਤਾਰੀ। ਸਾਨੂੰ ਬੇੜੀ ਚਲਾਉਣ ਦਾ ਕੋਈ ਅਨੁਭਵ ਨਹੀਂ ਸੀ, ਪੰਜਾਬੀ ਲੋਕ ਸੈਰ-ਸਪਾਟੇ ਤੋਂ ਇਲਾਵਾ ਬੇੜੀ ਕਿੱਥੇ ਚਲਾਉਂਦੇ ਹਨ? ਅਸੀਂ ਸੋਚਿਆ, ਚੱਪੂ ਇੱਧਰ-ਉੱਧਰ ਚਲਾ ਕੇ ਬੇੜੀ ਚੱਲ ਪਏਗੀ। ਮੈਂ ਤੇ ਮੇਰੇ ਦੋਸਤ ਸੁਖਵਿੰਦਰ ਨੇ ਇੱਕ ਇੱਕ ਚੱਪੂ ਸਾਂਭ ਲਿਆ ਤੇ ਅਸੀਂ ਨਾਲ ਪਿੰਡ ਦੇ ਇੱਕ ਬੰਦੇ ਨੂੰ ਬਿਠਾ ਲਿਆ, ਪਰ ਪਾਣੀ ਦੇ ਵਹਾਅ ਕਰਕੇ ਬੇੜੀ ਡਿੱਕ-ਡੋਲੇ ਖਾਣ ਲੱਗੀ। ਅਸੀਂ ਚੱਪੂਆਂ ਨਾਲ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸੈਰ-ਸਪਾਟੇ ਵਾਲੀ ਪੈਡਲ-ਬੋਟ ਚਲਾਉਣੀ ਸੌਖੀ ਹੈ! ਖ਼ੈਰ, ਸਾਡੀ ਅਨੁਭਵਹੀਣਤਾ ਤੇ ਖ਼ਸਤਾ ਹਾਲਤ ਦੇਖ ਕੇ ਟਰੱਕ ਡਰਾਈਵਰ ਨੇ ਕਿਹਾ ਕਿ ਉਹ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹ ਪਿੱਛਿਓਂ ਬੰਗਾਲ ਤੋਂ ਸੀ ਤੇ ਉਸ ਨੂੰ ਬੇੜੀ ਚਲਾਉਣ ਦਾ ਥੋੜ੍ਹਾ ਜਿਹਾ ਅਨੁਭਵ ਸੀ। ਉਸ ਨੇ ਬੇੜੀ ਨੂੰ ਕੰਟਰੋਲ ਕਰਕੇ ਸਹੀ ਦਿਸ਼ਾ ਵੱਲ ਨੂੰ ਪਾ ਲਿਆ, ਸਾਨੂੰ ਜ਼ਿਆਦਾ ਦੂਰ ਨਹੀਂ ਜਾਣਾ ਪੈਣਾ ਸੀ ਬਸ ਤਕਰੀਬਨ ਅੱਧਾ ਕਿਲੋਮੀਟਰ ਹੀ ਜਾਣਾ ਪੈਣਾ ਸੀ। ਡਰਾਈਵਰ ਨੇ ਸਾਨੂੰ ਸਹੀ ਦਿਸ਼ਾ ਵਿੱਚ ਪਾ ਕੇ ਚੱਪੂ ਦੇ ਦਿੱਤੇ ਤਾਂ ਜੋ ਅਸੀਂ ਵੀ ਉਨ੍ਹਾਂ ਨੂੰ ਚਲਾਉਣਾ ਸਿੱਖ ਲਈਏ। ਉਸ ਦੇ ਦਿਸ਼ਾ ਵਿੱਚ ਪਾਉਣ ਕਰਕੇ ਹੁਣ ਚੱਪੂ ਚਲਾਉਣੇ ਸੌਖੇ ਸਨ। ਉਸ ਤੋਂ ਅੱਗੇ ਘਾਟੀ ਚੜ੍ਹ ਕੇ ਪਿੰਡ ਦੇ ਉੱਪਰਲੇ ਪਾਸੇ ਪੈਦਲ ਜਾਣਾ ਪੈਣਾ ਸੀ ਜਿੱਥੇ ਮੇਰੇ ਦੋਸਤ ਦਾ ਘਰ ਸੀ ਤੇ ਮੇਰੀ ਬੇਟੀ ਫਸੀ ਹੋਈ ਸੀ। ਅੱਜ ਥੋੜ੍ਹਾ ਚੰਗਾ ਮੌਸਮ ਸੀ ਤੇ ਧੁੱਪ ਨਿਕਲ ਆਈ ਸੀ। ਦਸ ਕੁ ਮਿੰਟ ਵਿੱਚ ਹੀ ਅਸੀਂ ਪਿੰਡ ਦੇ ਅੰਦਰ ਪਹੁੰਚ ਗਏ ਤੇ ਬੇੜੀ ਨੂੰ ਉੱਥੇ ਪਾਣੀ ਤੋਂ ਬਾਹਰ ਰੱਖ ਕੇ ਘਾਟੀ ’ਤੇ ਉੱਪਰ ਚੜ੍ਹਨ ਲੱਗੇ।
ਭੁਪਿੰਦਰ ਦੇ ਘਰ ਕੋਲ ਪੁੱਜ ਕੇ ਅਸੀਂ ਦੇਖਿਆ ਕਿ ਸਾਰੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਹੋਏ ਹਨ ਤੇ ਦੀਵਾਨ ਲੱਗਿਆ ਹੋਇਆ ਹੈ। ਪਿੰਡ ਦੇ ਹੇਠਾਂ ਗੁਰਦੁਆਰਾ ਸਾਹਿਬ ਵਿੱਚ ਵੀ ਜਦੋਂ ਪਾਣੀ ਭਰਨਾ ਸ਼ੁਰੂ ਹੋ ਗਿਆ ਤਾਂ ਸੰਗਤਾਂ ਸਤਿਕਾਰ ਸਹਿਤ ਸ੍ਰੀ ਗੁਰੂ ਗੰਥ ਸਾਹਿਬ ਜੀ ਦਾ ਸਰੂਪ ਘਾਟੀ ਦੇ ਉੱਪਰਲੇ ਗੁਰਦੁਆਰਾ ਸਾਹਿਬ ਲੈ ਆਈਆਂ ਸਨ। ਉਸ ਦਿਨ ਤੋਂ ਹਰ ਵਕਤ ਦੀਵਾਨ ਲੱਗ ਰਹੇ ਸਨ ਤੇ ਗੁਰਬਾਣੀ ਕੀਰਤਨ ਚੱਲ ਰਿਹਾ ਸੀ। ਅਸੀਂ ਸਭ ਤੋਂ ਪਹਿਲਾਂ ਉੱਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ। ਮੇਰੀ ਬੇਟੀ ਕੀਰਤਨ ਕਰ ਰਹੀ ਸੀ।
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।।
ਗੁਰੂ ਅਮਰਦਾਸ ਜੀ ਪਾਤਿਸ਼ਾਹ ਦਾ ਇਹ ਸ਼ਬਦ ਅੱਜ ਦੇ ਮੌਕੇ ’ਤੇ ਬੜਾ ਢੁਕਦਾ ਹੈ। ਆਲਮੀ ਤਪਿਸ਼ ਕਰਕੇ ਅੱਜ ਧਰਤੀ ਜਲ ਰਹੀ ਹੈ, ਕਿਤੇ ਹੜ੍ਹ ਆ ਰਹੇ ਹਨ, ਕਿਤੇ ਬਰਫ਼ੀਲੇ ਤੂਫ਼ਾਨ, ਕਿਤੇ ਸੋਕਾ, ਕਿਤੇ ਅਤਿ-ਗਰਮੀ ਤੇ ਕਿਤੇ ਅਤਿ-ਸਰਦੀ ਦਾ ਮੌਸਮ ਹੈ। ਅੱਜ ਵੀ ਉਸ ਵਾਹਿਗੁਰੂ ਦੀ ਮਿਹਰ ਦੀ ਜ਼ਰੂਰਤ ਹੈ, ਜੋ ਇਸ ਸੜਦੇ ਸੰਸਾਰ ਨੂੰ ਬਚਾਅ ਲਵੇ।
ਆਪਣੀ ਬੇਟੀ ਰੀਤ ਨੂੰ ਸਹੀ-ਸਲਾਮਤ ਤੇ ਸ਼ਬਦ ਪੜ੍ਹਦਿਆਂ ਦੇਖ ਕੇ ਮੇਰੇ ਮਨ ਨੂੰ ਬੜੀ ਤੱਸਲੀ ਮਿਲੀ। ਥੋੜ੍ਹੀ ਦੇਰ ਅਸੀਂ ਕੀਰਤਨ ਸੁਣਨ ਤੋਂ ਬਾਅਦ ਬਾਹਰ ਆ ਗਏ। ਰੀਤ, ਭੁਪਿੰਦਰ ਤੇ ਉਸ ਦੇ ਪਰਿਵਾਰ ਨੂੰ ਮਿਲ ਕੇ ਬੜਾ ਚੰਗਾ ਲੱਗਿਆ। ਲੰਗਰ ਛਕ ਕੇ ਅਸੀਂ ਹਾਲਾਤ ਦਾ ਜਾਇਜ਼ਾ ਲਿਆ। ਮੈਂ ਸੁਖਵਿੰਦਰ, ਡਰਾਈਵਰ ਤੇ ਪਿੰਡ ਦੇ ਹੋਰ ਬੰਦਿਆਂ ਨੂੰ ਭੇਜ ਕੇ ਟਰੱਕ ਵਿੱਚੋਂ ਨਾਲ ਲਿਆਂਦਾ ਸਾਮਾਨ ਲੈਣ ਲਈ ਭੇਜ ਦਿੱਤਾ ਤੇ ਅਸੀਂ ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਰੱਖਣ ਦਾ ਪ੍ਰਬੰਧ ਕਰਨ ਲੱਗੇ।
‘‘ਕਿਸੇ ਹੋਰ ਚੀਜ਼ ਦੀ ਲੋੜ ਹੈ?’’ ਮੈਂ ਪੁੱਛਿਆ।
‘‘ਨਹੀਂ ਹੋਰ ਸਭ ਕੁਝ ਠੀਕ ਹੈ। ਉਮੀਦ ਹੈ ਜਲਦੀ ਹੀ ਪਾਣੀ ਦਾ ਨਿਕਾਸ ਹੋ ਜਾਵੇਗਾ, ਪਰ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ ਹੈ, ਉਨ੍ਹਾਂ ਨੂੰ ਕੈਂਪ ਦੀ ਲੋੜ ਹੈ। ਸਾਨੂੰ ਉਨ੍ਹਾਂ ਦੀ ਮਦਦ ਦਾ ਪ੍ਰਬੰਧ ਕਰਨਾ ਚਾਹੀਦਾ ਹੈ।’’ ਉਸ ਨੇ ਕਿਹਾ।
ਸੱਚਮੁੱਚ ਉੱਥੇ ਕੈਂਪ ਦੀ ਬੜੀ ਜ਼ਰੂਰਤ ਸੀ। ਜਗ੍ਹਾ-ਜਗ੍ਹਾ ਪਾਣੀ ਭਰਿਆ ਹੋਇਆ ਸੀ। ਅਸੀਂ ਖ਼ਾਲਸਾ ਏਡ ਤੇ ਹੋਰ ਸਮਾਜ-ਸੇਵੀ ਜਥੇਬੰਦੀਆਂ ਨਾਲ ਸੰਪਰਕ ਕਰਨ ਬਾਰੇ ਸੋਚਿਆ ਤਾਂ ਜੋ ਇੱਕ ਕੈਂਪ ਲਗਾ ਸਕੀਏ। ਸ਼ਾਮ ਨੂੰ ਅਸੀਂ ਚੰਡੀਗੜ੍ਹ ਜਾਣ ਲਈ ਚੱਲ ਪਏ ਤਾਂ ਜੋ ਕੈਂਪ ਦਾ ਪ੍ਰਬੰਧ ਕੀਤਾ ਜਾ ਸਕੇ ਤੇ ਖ਼ਾਲਸਾ ਏਡ ਨਾਲ ਵੀ ਸੰਪਰਕ ਕੀਤਾ ਜਾ ਸਕੇ। ਬੇੜੀ ਰਾਹੀਂ ਮੇਰੀ ਬੇਟੀ, ਸੁਖਵਿੰਦਰ ਤੇ ਮੈਂ ਦੁਬਾਰਾ ਸੜਕ ਦੇ ਕੋਲ ਆ ਗਏ ਜਿੱਥੇ ਟਰੱਕ ਖੜ੍ਹਾ ਸੀ।
***
ਦੂਜੇ ਦਿਨ ਸਵੇਰੇ ਪਹਿਲਾਂ ਰੀਤ ਨੂੰ ਯੂਨੀਵਰਸਿਟੀ ਛੱਡਿਆ ਤਾਂ ਜੋ ਆਪਣੀ ਪੜ੍ਹਾਈ ਦਾ ਕੰਮ ਸੰਪੂਰਨ ਕਰ ਸਕੇ। ਅਸੀਂ ਹਫ਼ਤੇ ਬਾਅਦ ਵਾਪਸ ਅਮਰੀਕਾ ਜਾਣਾ ਸੀ। ਰੀਤ ਨੂੰ ਛੱਡ ਕੇ ਅਸੀਂ ਉੱਥੋਂ ਸਿੱਧੇ ਰੂਪਨਗਰ ਨੂੰ ਚੱਲ ਪਏ। ਸ਼ਹੀਦੀ ਗੁਰਦੁਆਰਾ ਸਾਹਿਬ ਤੋਂ ਖ਼ਾਲਸਾ ਏਡ ਦਾ ਇੱਕ ਸੇਵਾਦਾਰ ਸਾਡੇ ਨਾਲ ਚੱਲ ਪਿਆ। ਪਿੰਡ ਪਹੁੰਚ ਕੇ ਅਸੀਂ ਉਸ ਨੂੰ ਫ਼ਸਲਾਂ ਦਾ ਹੋਇਆ ਨੁਕਸਾਨ ਦਿਖਾਇਆ, ਲੋਕਾਂ ਦੇ ਘਰ ਦਿਖਾਏ ਜਿਨ੍ਹਾਂ ਅੰਦਰ ਪਾਣੀ ਘਰ ਕਰ ਗਿਆ ਸੀ, ਜੋ ਉਨ੍ਹਾਂ ਨੂੰ ਬੇਘਰੇ ਕਰ ਗਿਆ ਸੀ।
‘‘ਫ਼ਸਲਾਂ ਦਾ ਤਾਂ ਬਹੁਤ ਨੁਕਸਾਨ ਹੋਇਆ। ਉਸ ਦਾ ਤਾਂ ਕੁਝ ਨਹੀਂ ਹੋ ਸਕਦਾ, ਪਰ ਪਸ਼ੂ ਜਿਨ੍ਹਾਂ ਦੇ ਸਹਾਰੇ ਹੁਣ ਸਮਾਂ ਲੰਘਾਉਣਾ ਹੈ, ਉਨ੍ਹਾਂ ਨੂੰ ਫੀਡ ਦੀ ਬਹੁਤ ਜ਼ਰੂਰਤ ਹੈ।’’ ਇੱਕ ਪਿੰਡ ਵਾਸੀ ਨੇ ਸਾਨੂੰ ਦੱਸਿਆ।
‘‘ਅਸੀਂ ਸਾਰੀਆਂ ਵਸਤਾਂ ਖ਼ਾਸ ਤੌਰ ’ਤੇ ਪਸ਼ੂਆਂ ਦੀ ਫੀਡ ਦਾ ਦੋ ਕੁ ਦਿਨਾਂ ਤੱਕ ਪ੍ਰਬੰਧ ਕਰ ਲਵਾਂਗੇ।’’ ਸੇਵਾਦਾਰ ਨੇ ਸਾਨੂੰ ਭਰੋਸਾ ਦਿੱਤਾ। ਦੂਜੇ ਦਿਨ, ਅਸੀਂ ਖਾਣ-ਪੀਣ ਦੀ ਸਮੱਗਰੀ ਬਦਾਮ, ਕਾਜੂ, ਅਖਰੋਟ ਆਦਿ ਸੁੱਕੇ-ਫ਼ਲ, ਰਾਸ਼ਨ, ਪਾਣੀ, ਲੰਗਰ ਵਾਸਤੇ ਬਰਤਨ, ਰੁਮਾਲੇ, ਚੰਦੋਆ ਸਾਹਿਬ ਆਦਿ ਖ਼ਰੀਦ ਕੇ ਟਰੱਕ ਵਿੱਚ ਰੱਖ ਲਏ। ਬਾਕੀ ਦਾ ਰਾਹਤ ਦਾ ਸਾਮਾਨ ਪਸ਼ੂਆਂ ਲਈ ਫੀਡ, ਦਵਾਈਆਂ, ਬਿਸਤਰੇ, ਕੰਬਲ, ਇਨਵਰਟਰ ਆਦਿ ਖ਼ਾਲਸਾ ਏਡ ਵਾਲਿਆਂ ਨੇ ਖ਼ਰੀਦ ਲਏ। ਉਨ੍ਹਾਂ ਨੇ ਡਾਕਟਰਾਂ ਦੀ ਟੀਮ ਨਾਲ ਵੀ ਸੰਪਰਕ ਕੀਤਾ ਤਾਂ ਜੋ ਉਹ ਵੀ ਪਹੁੰਚ ਕੇ ਲੋਕਾਂ ਦਾ ਚੈੱਕ-ਅਪ ਕਰ ਸਕਣ। ਉਨ੍ਹਾਂ ਨੇ ਇੱਕ ਪਸ਼ੂਆਂ ਦੇ ਡਾਕਟਰ ਨੂੰ ਵੀ ਸੇਵਾ ਕਰਨ ਲਈ ਨਾਲ ਲਿਆ।
ਅਸੀਂ ਸਾਰੀ ਰਾਹਤ ਸਮੱਗਰੀ ਲੈ ਕੇ ਪਿੰਡ ਪਹੁੰਚ ਗਏ। ਭੁਪਿੰਦਰ ਦੀ ਮਦਦ ਨਾਲ ਅਸੀਂ ਪਿੰਡ ਦੇ ਬਾਹਰ ਸਕੂਲ ਵਿੱਚ ਕੈਂਪ ਲਗਾਇਆ। ਕੁਝ ਇੱਕ ਹੜ੍ਹ-ਪੀੜਤ ਪਰਿਵਾਰ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਸੀ, ਸਕੂਲ ਵਿੱਚ ਰਹਿ ਰਹੇ ਸਨ। ਅਸੀਂ ਤਿੰਨ ਦਿਨ ਲਗਾਤਾਰ ਕੈਂਪ ਲਗਾਇਆ ਤੇ ਸਾਰੀ ਰਾਹਤ ਸਮੱਗਰੀ ਜ਼ਰੂਰਤਮੰਦ ਲੋਕਾਂ ਨੂੰ ਵੰਡੀ। ਡਾਕਟਰਾਂ ਦੀ ਟੀਮ ਨੇ ਹੜ੍ਹ-ਪੀੜਤਾਂ ਨੂੰ ਚੈੱਕ ਕਰਿਆ ਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਦਿੱਤੀਆਂ। ਕਈ ਲੋਕਾਂ ਦਾ ਦੂਸ਼ਿਤ ਪਾਣੀ ਪੀਣ ਕਰਕੇ ਪੇਟ ਖ਼ਰਾਬ ਸੀ ਤੇ ਬਹੁਤਿਆਂ ਨੂੰ ਚਮੜੀ ਦੇ ਰੋਗ ਲੱਗ ਗਏ ਸਨ। ਬਾਕੀ ਲੋਕਾਂ ਨੂੰ ਬਚਾਅ ਲਈ ਦਵਾਈਆਂ ਵੀ ਦਿੱਤੀਆਂ ਗਈਆਂ। ਪਸ਼ੂਆਂ ਦੇ ਡਾਕਟਰ ਨੇ ਪਸ਼ੂਆਂ ਦਾ ਮੁਆਇਨਾ ਕੀਤਾ ਤੇ ਉਨ੍ਹਾਂ ਨੂੰ ਵੀ ਦਵਾਈਆਂ ਦਿੱਤੀਆਂ। ਇਹ ਸਭ ਕੁਝ ਖ਼ਾਲਸਾ ਏਡ ਦੀ ਮਦਦ ਕਰਕੇ ਹੀ ਸੰਭਵ ਹੋ ਸਕਿਆ। ਨਹੀਂ ਤਾਂ ਇੱਕ-ਦੋ ਵਿਅਕਤੀ ਕੀ ਕਰ ਸਕਦੇ ਹਨ? ਇਸ ਤਰ੍ਹਾਂ ਦੇ ਮਹਾਨ ਕੰਮ ਤਾਂ ਮਹਾਨ ਜਥੇਬੰਦੀਆਂ ਹੀ ਕਰ ਸਕਦੀਆਂ ਹਨ। ਇਹ ਬਹੁਤ ਚੰਗੀ ਗੱਲ ਹੈ ਕਿ ਖ਼ਾਲਸਾ ਏਡ ਵਾਲੇ ਪਹਿਲਾਂ ਤੋਂ ਹੀ ਤਿਆਰ-ਬਰ-ਤਿਆਰ ਸਨ, ਕਿਉਂਕਿ ਪੰਜਾਬ, ਭਾਰਤ ਤੇ ਪੂਰੀ ਦੁਨੀਆ ਵਿੱਚ ਇਹੋ ਜਿਹੀਆਂ ਤ੍ਰਾਸਦੀਆਂ ਤਾਂ ਹੁਣ ਹਰ ਸਾਲ ਆਮ ਹੋ ਗਈਆਂ ਹਨ। ਹੁਣ ਤਾਂ ਜੰਗੀ-ਪੱਧਰ ਦੀਆਂ ਤਿਆਰੀਆਂ ਦੀ ਲੋੜ ਹੈ - ਇੱਕ ਤਰ੍ਹਾਂ ਨਾਲ ਫ਼ੌਜ ਦੀ ਲੋੜ ਹੈ।
‘‘ਖ਼ਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖ਼ਾਲਸਾ ਪ੍ਰਮਾਤਮ ਦੀ ਮੌਜ।।’’
ਅਸਲੀ ਖ਼ਾਲਸਾ ਓਹੀ ਹੈ ਜੋ ਧਰਮ, ਜਾਤ ਤੇ ਰੰਗ-ਭੇਦ ਤੋਂ ਬਿਨਾਂ ਲੋਕਾਂ ਦੀ ਸਹਾਇਤਾ ਕਰੇ! ਸਮਾਜ-ਸੇਵੀ ਜਥੇਬੰਦੀਆਂ ਸਰਕਾਰ ਨਹੀਂ ਹਨ, ਪਰ ਸਰਕਾਰ ਦੇ ਨਾਲ ਮਿਲ-ਵਰਤੋਂ ਕਰਕੇ ਜਿੱਥੇ ਵੀ ਮਦਦ ਦੀ ਲੋੜ ਹੈ, ਸਹਾਇਤਾ ਕਰ ਸਕਦੀਆਂ ਹਨ। ਸਰਕਾਰ ਤੇ ਦੇਸ਼ ਦੀ ਫ਼ੌਜ ਜੋ ਕਰ ਸਕਦੀ ਹੈ ਉਹ ਕੋਈ ਵੀ ਸਮਾਜ-ਸੇਵੀ ਜਥੇਬੰਦੀ ਨਹੀਂ ਕਰ ਸਕਦੀ। ਫ਼ੌਜ ਨੇ ਅਤਿਅੰਤ ਮਦਦ ਕੀਤੀ, ਜਿੱਥੇ ਕੋਈ ਵੀ ਮਦਦ ਨਹੀਂ ਕਰ ਸਕਦਾ ਉੱਥੇ ਸਿਰਫ਼ ਫ਼ੌਜ ਹੀ ਆਪਣੇ ਆਧੁਨਿਕ ਸਾਧਨਾਂ ਤੇ ਹੈਲੀਕਾਪਟਰ ਆਦਿ ਨਾਲ ਪਹੁੰਚ ਸਕਦੀ ਹੈ। ਸਰਕਾਰ ਆਪਣੇ ਖ਼ਜ਼ਾਨੇ ਵਿੱਚੋਂ, ਲੋਕਾਂ ਦੀ ਮੁੜ-ਬਹਾਲੀ ਲਈ ਮਾਲੀ ਸਹਾਇਤਾ ਦਾ ਐਲਾਨ ਕਰ ਸਕਦੀ ਹੈ, ਪਰ ਅਫ਼ਸੋਸ ਜਿੰਨੇ ਮੁਆਵਜ਼ੇ ਦਾ ਐਲਾਨ ਸਰਕਾਰ ਕਰਦੀ ਹੈ, ਉਸ ਦਾ ਦਸ ਪ੍ਰਤੀਸ਼ਤ ਵੀ ਪੀੜਤ ਲੋਕਾਂ ਨੂੰ ਨਹੀਂ ਮਿਲਦਾ। ਸਰਕਾਰ ਨੂੰ ਬਿਨਾਂ ਕਿਸੇ ਵਿਚੋਲੇ ਦੇ ਉਹ ਮੁਆਵਜ਼ਾ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦੇਣਾ ਚਾਹੀਦਾ ਹੈ। ਮੋਬਾਈਲ ਫੋਨ ’ਤੇ ਨਵੀਂ ਟੈਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ ਦੇ ਨਾਲ ਸਿੱਧਾ ਸੰਪਰਕ ਰੱਖਣਾ ਚਾਹੀਦਾ ਹੈ।
ਹਫ਼ਤੇ ਬਾਅਦ ਮੈਂ ਆਪਣੀ ਬੇਟੀ ਰੀਤ ਨਾਲ ਅਮਰੀਕਾ ਜਾਣ ਵਾਲੇ ਜਹਾਜ਼ ਵਿੱਚ ਸੀ। ਪੂਰੇ ਸੰਸਾਰ ਵਿੱਚ ਭਿਆਨਕ ਤੂਫ਼ਾਨਾਂ ਨੇ ਤਹਿਲਕਾ ਮਚਾਇਆ ਹੋਇਆ ਸੀ। ਭਾਰਤ ਤੇ ਪਾਕਿਸਤਾਨ ਵਿੱਚ ਹੜ੍ਹਾਂ ਨੇ, ਅਮਰੀਕਾ ਵਿੱਚ ਹਰੀਕੇਨ, ਬਰਫ਼ੀਲੇ ਤੂਫ਼ਾਨਾਂ ਨੇ, ਜੰਗਲੀ ਅੱਗਾਂ ਅਤੇ ਸੋਕੇ ਨੇ, ਜਪਾਨ ਤੇ ਜਰਮਨ ਵਿੱਚ ਭਾਰੀ ਬਾਰਿਸ਼ ਤੇ ਅੱਤ ਦੀ ਗਰਮੀ, ਫਿਲੀਪੀਨਜ਼ ਵਿੱਚ ਟਾਈਫੂਨ, ਅਫ਼ਰੀਕਾ ਵਿੱਚ ਸੋਕਾ, ਅਕਾਲ ਤੇ ਲੁਪਤ ਹੋ ਰਹੇ ਜੰਗਲੀ ਜਾਨਵਰਾਂ ਨੂੰ ਖ਼ਤਰੇ, ਆਸਟਰੇਲੀਆ ਤੇ ਨਾਲ ਲੱਗਦੇ ਦੇਸ਼ਾਂ ਵਿੱਚ ਸਾਈਕਲੋਨ ਆਦਿ। ਸਭ ਪਾਸੇ ਪਰਲੋ ਹੀ ਪਰਲੋ ਸੀ। ਇਹ ਸਭ ਦੇਸ਼ ਆਲਮੀ ਤਪਿਸ਼ ਦੇ ਖ਼ਤਰਿਆਂ ਤੋਂ ਜ਼ਿਆਦਾ ਜਲਦੀ ਨਾਲ ਪ੍ਰਭਾਵਿਤ ਹੋ ਰਹੇ ਹਨ, ਵੈਸੇ ਤਾਂ ਪੂਰੇ ਸੰਸਾਰ ਦੇ ਦੇਸ਼ਾਂ ਨੂੰ ਆਲਮੀ ਤਪਿਸ਼ ਦੇ ਪ੍ਰਭਾਵਾਂ ਤੋਂ ਖ਼ਤਰਾ ਹੈ।
ਆਲਮੀ ਤਪਿਸ਼ ਤੋਂ ਬਚਣ ਦਾ ਕੋਈ ਆਸਾਨ ਰਸਤਾ ਨਹੀਂ ਹੈ, ਸਾਰੇ ਦੇਸ਼ਾਂ ਨੂੰ ਤੇ ਲੋਕਾਂ ਨੂੰ ਇਸ ਵਿੱਚ ਆਪਣਾ ਬਣਦਾ ਹਿੱਸਾ ਪਾਉਣਾ ਪੈਣਾ ਹੈ। ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣੇ ਹਨ ਜੋ ਕਾਰਬਨ ਡਾਈਆਕਸਾਈਡ ਲੈ ਕੇ ਜੀਵਨ ਦੇਣ ਵਾਲੀ ਆਕਸੀਜਨ ਦਿੰਦੇ ਹਨ। ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪ੍ਰਦੂਸ਼ਣ ਦਾ ਗ਼ੁਬਾਰ ਘੱਟ ਹੋ ਸਕੇ। ਸਾਨੂੰ ਆਪਣੇ ਵਾਹਨਾਂ ਦੀ ਬਜਾਇ ਸਰਕਾਰੀ ਟਰਾਂਸਪੋਰਟੇਸ਼ਨ (ਬੱਸ, ਰੇਲ-ਗੱਡੀਆਂ ਆਦਿ) ਦੀ ਵੱਧ ਵਰਤੋਂ ਕਰਨੀ ਚਾਹੀਦੀ ਹੈ। ਘੱਟ ਕੂੜਾ, ਜ਼ਿਆਦਾ ਰੀ-ਸਾਈਕਲ ਕਰਨਾ ਚਾਹੀਦਾ ਹੈ। ਜੇ ਅੱਜ ਅਸੀਂ ਨਹੀਂ ਸੰਭਲੇ ਤੇ ਵਾਤਾਵਰਨ ਦਾ ਧਿਆਨ ਨਾ ਰੱਖਿਆ ਤਾਂ ਆਪਣੇ ਬੱਚਿਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਹਰਿਆ-ਭਰਿਆ ਸੰਸਾਰ ਨਹੀਂ ਛੱਡ ਸਕਦੇ!

Advertisement

Advertisement
Advertisement
Author Image

sukhwinder singh

View all posts

Advertisement