ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਜਾਰਾ ਲਹਿਰ ਦੇ ਸ਼ਹੀਦਾਂ ਦੀ ਯਾਦ ਦਾ ਦਿਨ

06:06 AM Mar 19, 2024 IST

ਸੱਤ ਪ੍ਰਕਾਸ਼ ਸਿੰਗਲਾ

Advertisement

ਬਰੇਟਾ ਲਾਗੇ ਪੈਂਦੇ ਪਿੰਡ ਕਿਸ਼ਨਗੜ੍ਹ ਨੂੰ ਮੁਜਾਰਾ ਲਹਿਰ ਦਾ ਮੋਢੀ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਇਸ ਪਿੰਡ ’ਤੇ 19 ਮਾਰਚ 1949 ਨੂੰ ਆਜ਼ਾਦ ਭਾਰਤ ਦੀ ਫ਼ੌਜ ਨੇ ਮੁਜਾਰਿਆਂ ਨੂੰ ਖਦੇੜਨ ਲਈ ਧਾਵਾ ਬੋਲਿਆ ਸੀ। ਉਸ ਵੇਲੇ ਮੁਜਾਰਾ ਲਹਿਰ ਲਾਲ ਪਾਰਟੀ ਦੀ ਅਗਵਾਈ ਹੇਠ ਚੱਲ ਰਹੀ ਸੀ। ਇਹ ਲਾਲ ਪਾਰਟੀ 8 ਜਨਵਰੀ 1948 ਨੂੰ ਨਕੋਦਰ ਵਿੱਚ ਕਾਇਮ ਕੀਤੀ ਗਈ ਸੀ। ਲਾਲ ਪਾਰਟੀ ਦੇ ਸੱਕਤਰ ਕਾਮਰੇਡ ਤੇਜਾ ਸਿੰਘ ਸੁਤੰਤਰ ਸਨ ਅਤੇ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਚੈਨ ਸਿੰਘ ਚੈਨ ਸਨ। ਮੁਜਾਰਾ ਘੋਲ ਨੂੰ ਹੋਰ ਤੇਜ਼ ਕਰਨ ਲਈ ਮੁਜਾਰਾਵਾਰ ਕੌਂਸਲ ਕਾਇਮ ਕੀਤੀ ਗਈ ਅਤੇ ਪੈਪਸੂ ਕਿਸਾਨ ਸਭਾ ਵੀ ਬਣਾਈ ਗਈ। ਵਿਸਵੇਦਾਰਾਂ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਹਥਿਆਰਬੰਦ ਗੁਰੀਲਾ ਦਸਤਾ ਵੀ ਬਣਾਇਆ ਗਿਆ। ਇਸ ਦੇ ਮੋਹਰੀ ਕਾਮਰੇਡ ਪਿਰਥਾ ਸਿੰਘ ਅਤੇ ਜਰਨੈਲ ਗਿਆਨੀ ਬਚਨ ਸਿੰਘ ਬਖਸ਼ੀਵਾਲਾ ਸਨ।
ਮੁਜਾਰਾ ਘੋਲ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਮੁਜਾਰੇ ਕਿਸਾਨ ਜ਼ਮੀਨ ’ਤੇ ਆਪਣਾ ਹੱਕ ਜਤਾਉਂਦੇ ਸਨ ਪਰ ਵਿਸਵੇਦਾਰ ਜ਼ਮੀਨ ’ਤੇ ਆਪਣੀ ਮਾਲਕੀ ਸਮਝਦੇ ਸਨ। ਮੁਜਾਰਿਆਂ ਨੂੰ ਹਰ ਤਰ੍ਹਾਂ ਦਬਾ ਕੇ ਰੱਖਿਆ ਜਾਂਦਾ ਸੀ। ਮੁਜਾਰਾ ਘੋਲ ਦੀ ਬਦੌਲਤ ਕਈ ਕਮੇਟੀਆਂ ਅਤੇ ਕਮਿਸ਼ਨ ਬਣੇ ਪਰ ਮੁਜਾਰਿਆਂ ਨੂੰ ਸੰਤੁਸ਼ਟ ਨਾ ਕਰ ਸਕੇ। 11 ਮਾਰਚ 1947 ਨੂੰ ਪਟਿਆਲਾ ਗਜਟ ਵਿੱਚ ਇੱਕ ਫ਼ਰਮਾਨ ਛਾਪਿਆ ਗਿਆ ਜਿਸ ਅਨੁਸਾਰ ਦਫਾ 5 ਦੇ ਮਰੂਸ ਮੁਜਾਰੇ ਚੌਥੇ ਹਿੱਸੇ ਦੀ ਜ਼ਮੀਨ ਵਿਸਵੇਦਾਰ ਨੂੰ ਦੇ ਕੇ ਬਾਕੀ ਜ਼ਮੀਨ ਦੇ ਮਾਲਕ ਬਣ ਸਕਦੇ ਸਨ ਅਤੇ ਦੂਜੇ ਮੁਜਾਰੇ ਪੰਜ ਹਿੱਸਿਆਂ ਵਿੱਚ ਦੋ ਹਿੱਸੇ ਵਿਸਵੇਦਾਰ ਨੂੰ ਦੇ ਕੇ ਬਾਕੀ ਜ਼ਮੀਨ ਦੇ ਮਾਲਕ ਬਣ ਸਕਦੇ ਸਨ। ਇਸ ਫ਼ਰਮਾਨ ’ਤੇ ਵਿਚਾਰ ਕਰਨ ਲਈ ਮੁਜਾਰਾਵਾਰ ਕੌਂਸਲ ਅਤੇ ਪੈਪਸੂ ਕਿਸਾਨ ਸਭਾ ਦੀ ਇੱਕ ਗੁਪਤ ਮੀਟਿੰਗ ਰਾਤ ਨੂੰ ਪਿੰਡ ਖੜਕ ਸਿੰਘ ਵਾਲਾ ਦੇ ਖੇਤਾਂ ਵਿੱਚ ਹੋਈ। ਡੁੂੰਘੀਆਂ ਵਿਚਾਰਾਂ ਕਰਨ ਤੋਂ ਬਾਅਦ ਇਹ ਫ਼ਰਮਾਨ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ। ਵਿਸਵੇਦਾਰ ਇਸ ਨੂੰ ਲਾਗੂ ਕਰਵਾਉਣਾ ਚਾਹੁੰਦੇ ਸਨ। ਮੁਜਾਰੇ ਇਸ ਦੇ ਵਿਰੋਧ ਵਿੱਚ ਨਿੱਤਰ ਰਹੇ ਸਨ। ਵਿਸਵੇਦਾਰ ਮਾਲ ਮਹਿਕਮੇ ਅਤੇ ਪੁਲੀਸ ਦੀ ਮਦਦ ਨਾਲ ਮੁਜਾਰਿਆਂ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਵੇਲੇ ਦੇਸ਼ ਆਜ਼ਾਦ ਹੋ ਚੁੱਕਾ ਸੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੇ ਅੱਠ ਰਿਆਸਤਾਂ ਨੂੰ ਮਿਲਾ ਕੇ 15 ਜੁਲਾਈ 1948 ਨੂੰ ਪੈਪਸੂ ਕਾਇਮ ਕਰ ਦਿੱਤਾ ਸੀ। ਗਿਆਨ ਸਿੰਘ ਨੂੰ ਨਾਮਜ਼ਦ ਸਰਕਾਰ ਦਾ ਮੁੱਖ ਮੰਤਰੀ ਬਣਾਇਆ ਗਿਆ ਜੋ ਮਹਾਰਾਜਾ ਯਾਦਵਿੰਦਰ ਸਿੰਘ ਦਾ ਮਾਮਾ ਸੀ ਅਤੇ ਯਾਦਵਿੰਦਰ ਸਿੰਘ ਪੈਪਸੂ ਦਾ ਰਾਜ ਪ੍ਰਮੁੱਖ ਬਣਾ ਦਿੱਤਾ ਗਿਆ। ਇਸ ਲਈ ਇਸ ਸਰਕਾਰ ਨੂੰ ਮਾਮੇ-ਭਾਣਜੇ ਦੀ ਸਰਕਾਰ ਕਿਹਾ ਜਾਂਦਾ ਸੀ। ਬੇਸ਼ੱਕ ਭਾਰਤ ਆਜ਼ਾਦ ਹੋ ਗਿਆ ਪਰ ਪੈਪਸੂ ਦੇ ਮੁਜਾਰੇ ਹਾਲੇ ਵੀ ਗੁਲਾਮੀ ਵਾਲੀ ਹਾਲਤ ਵਿੱਚ ਹੀ ਸਨ। ਇਹ ਸਰਕਾਰ ਵੀ ਪੁਰਾਣਾ ਕਾਨੂੰਨ ਲਾਗੂ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਵਿਸਵੇਦਾਰਾਂ ਨੂੰ ਸਰਕਾਰ ਦੀ ਸਰਪ੍ਰਸਤੀ ਸੀ ਅਤੇ ਉਹ ਸਹੀ ਫੁਰਮਾਨ ਲਾਗੂ ਕਰਵਾਉਣ ਲਈ ਅੜੇ ਹੋਏ ਸਨ।
ਮੁਜਾਰੇ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਹੇਠ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਚੁੱਕੇ ਸਨ। ਇਸ ਲਈ ਟਕਰਾਅ ਦਾ ਮਾਹੌਲ ਬਣਿਆ ਹੋਇਆ ਸੀ। ਕਈ ਪਿੰਡਾਂ ਵਿੱਚ ਝੜਪਾਂ ਹੋ ਚੁੱਕੀਆਂ ਸਨ। 11 ਅਪਰੈਲ 1947 ਨੂੰ ਕਾਲਬੰਜਾਰਾ (ਸੰਗਰੂਰ) ਵਿੱਚ ਵਿਸਵੇਦਾਰ ਅਤੇ ਮੁਜਾਰਿਆਂ ਦੀ ਲੜਾਈ ਹੋਈ ਜਿਸ ਵਿੱਚ 5 ਮੁਜਾਰੇ ਮਾਰੇ ਗਏ ਅਤੇ 7 ਮੁਜਾਰੇ ਕਿਸਾਨ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ 3 ਜੂਨ 1947 ਨੂੰ ਪਿੰਡ ਕਸਾਈਵਾੜੇ ਵਿੱਚ 2 ਮੁਜਾਰੇ ਜ਼ਖ਼ਮੀ ਕਰ ਦਿੱਤੇ ਗਏ। 26 ਅਕਤੂਬਰ 1947 ਪਿੰਡ ਬਖੋਰਾ ਕਲਾਂ ਵਿੱਚ ਹਮਲਾ ਕਰ ਕੇ ਖੇਤਾਂ ’ਤੇ ਕਬਜ਼ਾ ਕਰ ਲਿਆ ਗਿਆ ਤੇ ਕਪਾਹ ਦੀ ਚੁਗਾਈ ਸ਼ੁਰੂ ਕਰ ਦਿੱਤੀ ਗਈ ਪਰ ਆਲੇ-ਦੁਆਲੇ ਦੇ ਪਿੰਡਾਂ ਦੇ ਮੁਜਾਰਿਆਂ ਨੇ ਬਚਨ ਸਿੰਘ ਬਖਸ਼ੀਵਾਲਾ ਦੀ ਅਗਵਾਈ ਹੇਠ ਪਿੰਡ ਵਿੱਚ ਇੱਕਠੇ ਹੋ ਕੇ ਪੁਲੀਸ ਅਤੇ ਹੋਰਾਂ ਨੂੰ ਭਜਾ ਦਿੱਤਾ।
ਬਠਿੰਡਾ ਦੇ ਐੱਸਪੀ ਸਿਆਸਤ ਸਿੰਘ ਅਤੇ ਹੋਰਾਂ ਨੇ ਪੁਲੀਸ ਦੀ ਸਹਾਇਤਾ ਨਾਲ ਸ਼ਾਹੀ ਫ਼ਰਮਾਨ ਲਾਗੂ ਕਰਵਾਉਣ ਲਈ ਦਬਾਅ ਬਣਾਉਣਾ ਚਾਹਿਆ ਅਤੇ ਮੁਜਾਰਿਆਂ ਦੀਆਂ ਖੜ੍ਹੀਆਂ ਫਸਲਾਂ ’ਤੇ ਕਬਜ਼ਾ ਕਰ ਲਿਆ। ਹੋਰ ਪਿੰਡਾਂ ਅਤੇ ਕਿਸ਼ਨਗੜ੍ਹ ਦੇ ਮੁਜਾਰਿਆਂ ਨੇ ਇੱਕਠੇ ਹੋ ਕੇ ਬਚਨ ਸਿੰਘ ਬਖਸ਼ੀਵਾਲਾ ਅਤੇ ਧਰਮ ਸਿੰਘ ਫੱਕਰ ਦੀ ਅਗਵਾਈ ਹੇਠ ਘੋਲ ਲੜਿਆ। 16 ਮਾਰਚ 1949 ਨੂੰ ਟਕਰਾਅ ਹੋ ਗਿਆ। ਪੁਲੀਸ ਪਾਰਟੀ ਬਰੇਟਾ ਸਟੇਸ਼ਨ ’ਤੇ ਉੱਤਰ ਕੇ ਘੋੜਿਆਂ ’ਤੇ ਸਵਾਰ ਹੋ ਕੇ ਕਿਸ਼ਨਗੜ੍ਹ ਵੱਲ ਆ ਰਹੀ ਸੀ ਪਰ ਮੁਜਾਰਿਆਂ ਨੂੰ ਪੁਲੀਸ ਆਉਣ ਦੀ ਖ਼ਬਰ ਪਹਿਲਾਂ ਹੀ ਪਹੁੰਚ ਚੁੱਕੀ ਸੀ। ਇਸ ਲਈ ਮੁਜਾਰਿਆਂ ਦੇ ਆਗੂ ਪਹਿਲਾਂ ਹੀ ਤਿਆਰ ਸਨ। ਕਾਫਲੇ ਦੇ ਕਿਸ਼ਨਗੜ੍ਹ ਪਹੁੰਚਣ ’ਤੇ ਉਨ੍ਹਾਂ ਦਾ ਮੁਜਾਰਿਆਂ ਨਾਲ ਸਾਹਮਣਾ ਹੋਇਆ। ਇਸ ਝੜਪ ਵਿੱਚ ਇਕ ਥਾਣੇਦਾਰ ਪ੍ਰਦੁਮਨ ਸਿੰਘ ਅਤੇ ਇੱਕ ਮਾਲ ਪਟਵਾਰੀ ਸੁਖਦੇਵ ਸਿੰਘ ਆਹਲੂਵਾਲੀਆ ਮਾਰੇ ਗਏ ਤੇ ਬਾਕੀ ਸਭ ਭੱਜ ਗਏ। ਲਗਪਗ ਤਿੰਨ ਮੁਜਾਰਾ ਆਗੂਆਂ ਅਤੇ ਹੋਰਾਂ ਖ਼ਿਲਾਫ਼ ਕਤਲ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ। ਇਹ ਪਹਿਲੀ ਘਟਨਾ ਸੀ ਜਦੋਂ ਮੁਜਾਰਿਆਂ ਦੀ ਸਰਕਾਰੀ ਅਮਲੇ ਸਮੇਤ ਵਿਸਵੇਦਾਰਾਂ ਨਾਲ ਸਿੱਧੀ ਟੱਕਰ ਹੋਈ ਅਤੇ ਸਰਕਾਰੀ ਕਰਮਚਾਰੀ ਮਾਰੇ ਗਏ। ਇਸ ਲਈ ਇਸ ਘਟਨਾ ਨੂੰ ਬਗਾਵਤ ਕਿਹਾ ਗਿਆ। ਇਸ ਬਗਾਵਤ ਦੀ ਖ਼ਬਰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਗ੍ਰਹਿ ਸਕੱਤਰ ਪੈਪਸੂ ਪਟਿਆਲਾ ਨੂੰ ਭੇਜੀ ਗਈ। ਮਹਾਰਾਜਾ ਪਟਿਆਲਾ ਨੇ ਤੁਰੰਤ ਮਾਰਸ਼ਲ ਲਾਅ ਲਾ ਕੇ ਪਿੰਡ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿੱਤਾ। 19 ਮਾਰਚ 1949 ਦੀ ਸਵੇਰ ਹੋਣ ਤੋਂ ਪਹਿਲਾਂ ਫ਼ੌਜ ਅਤੇ ਪੁਲੀਸ ਦੇ ਜਵਾਨਾਂ ਨੇ ਪਿੰਡ ਨੂੰ ਘੇਰਾ ਪਾ ਲਿਆ। 11 ਟੈਂਕ ਅਤੇ 5 ਹਥਿਆਰਾਂ ਨਾਲ ਭਰੀਆਂ ਗੱਡੀਆਂ ਦੀ ਅਗਵਾਈ ਮੇਜਰ ਗੁਰਦਿਅਲ ਸਿੰਘ ਬਰਾੜ ਕਰ ਰਹੇ ਸਨ। ਡਿਪਟੀ ਕਮਿਸ਼ਨਰ ਬਠਿੰਡਾ ਅਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ। ਫੌਜ ਨੇ ਘੇਰਾ ਪਾ ਕੇ ਮਾਰਸ਼ਲ ਲਾਅ ਲਾਉਣ ਦਾ ਐਲਾਨ ਕਰ ਦਿੱਤਾ। ਪਿੰਡ ਵਾਸੀਆਂ ਨੂੰ ਘੇਰੇ ’ਚੋਂ ਬਾਹਰ ਆ ਕੇ ਵਿਸਵੇਦਾਰਾਂ ਦੀ ਹਵੇਲੀ ਵਿੱਚ ਇੱਕਠੇ ਹੋਣ ਲਈ ਕਿਹਾ ਗਿਆ। ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ ਤੋਪਾਂ ਨਾਲ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਪਰ ਸਾਰੇ ਲੋਕ ਘਰਾਂ ਦੀਆ ਛੱਤਾਂ ’ਤੇ ਚੜ੍ਹ ਗਏ।
ਪਿੰਡ ਦਾ ਮਾਹੌਲ ਬਹੁਤ ਤਣਾਅ ਵਾਲਾ ਬਣ ਗਿਆ। ਫ਼ੌਜ ਵੱਲੋਂ ਕੁਝ ਤੋਪ ਦੇ ਗੋਲੇ ਦਾਗੇ ਗਏ। ਇੱਕ ਗੋਲਾ ਧਰਮਸ਼ਾਲਾ ਵਿੱਚ ਜਾ ਡਿੱਗਿਆ ਜਿੱਥੇ ਬਰਾਤ ਠਹਿਰੀ ਹੋਈ ਸੀ। ਇਸ ਦੌਰਾਨ ਇੱਕ ਬਰਾਤੀ ਮਾਰਿਆ ਗਿਆ। ਇਸ ਮਗਰੋਂ ਸਾਰੇ ਪਿੰਡ ਵਾਸੀਆਂ ਨੂੰ ਵਿਸਵੇਦਾਰਾਂ ਹਵੇਲੀ ਵਿੱਚ ਇੱਕਠਾ ਕਰ ਲਿਆ ਗਿਆ। ਫ਼ੌਜ ਅਤੇ ਪੁਲੀਸ ਨੇ ਸਾਰੇ ਪਿੰਡ ਵਿੱਚ ਗਸ਼ਤ ਸ਼ੁਰੂ ਕਰ ਦਿੱਤੀ। ਘਰ-ਘਰ ਦੀ ਤਲਾਸ਼ੀ ਲਈ ਗਈ। ਗਸ਼ਤ ਦੌਰਾਨ ਇੱਕ ਘਰ ਵਿੱਚ ਰਾਮ ਸਿੰਘ ਬਾਗੀ ਅਤੇ ਉਸ ਦੇ 2 ਸਾਥੀ ਲੁਕੇ ਸਨ। ਫ਼ੌਜ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਤਲਾਸ਼ੀ ਦੌਰਾਨ ਕੁਝ ਵੀ ਇਤਰਾਜ਼ਯੋਗ ਨਾ ਮਿਲਿਆ। ਲਗਪਗ ਸੌ ਦੇ ਕਰੀਬ ਪਿੰਡ ਵਾਸੀਆਂ ਅਤੇ ਹੋਰਾਂ ਨੂੰ ਰੋਕ ਕੇ ਬਾਕੀਆਂ ਨੂੰ ਘਰੀਂ ਜਾਣ ਦਿੱਤਾ ਗਿਆ। ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਣ ਲੱਗੀ। ਜਦੋਂ ਧਰਮ ਸਿੰਘ ਫੱਕਰ ਨੇ ਆਪਣਾ ਨਾਂ ਲਿਖਵਾਇਆ ਤਾਂ ਡਿਪਟੀ ਕਮਿਸ਼ਨਰ ਨੇ ਪੁਲੀਸ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਪਰ ਮੇਜਰ ਗੁਰਦਿਆਲ ਸਿੰਘ ਬਰਾੜ ਨੇ ਤੁਰੰਤ ਰੋਕ ਦਿੱਤਾ। ਮੇਜਰ ਬਰਾੜ ਨੇ ਡੀਸੀ ਨੂੰ ਕਿਹਾ ਕਿ ਧਰਮ ਸਿੰਘ ਉਨ੍ਹਾਂ ਦੀ ਹਿਰਾਸਤ ਵਿੱਚ ਹੈ। ਉਹ ਧਰਮ ਸਿੰਘ ਨੂੰ ਗੋਲੀ ਨਹੀਂ ਮਾਰ ਸਕਦੇ। ਇਸ ਦੌਰਾਨ 24 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਜਿਨ੍ਹਾਂ ਵਿੱਚ 19 ਕਿਸ਼ਨਗੜ੍ਹ ਵਾਸੀ ਸਨ।
ਇਸ ਘਟਨਾ ਨੇ ਸਾਰੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ। ਉਸ ਵੇਲੇ ਅੰਬਾਲਾ ਤੋਂ ਛਪਦੇ ਅੰਗਰੇਜ਼ੀ ਅਖਬਾਰ ‘ਦਿ ਟ੍ਰਿਬਿਊਨ’ ਦੀ ਸੰਪਾਦਕੀ ਵਿੱਚ ਇਸ ਘਟਨਾ ਸਬੰਧੀ ਵੇਰਵਾ ਛਾਪਿਆ ਗਿਆ। ਸਾਰੀਆਂ ਸਿਆਸੀ ਪਾਰਟੀਆਂ ਨੇ ਬੜੇ ਤਿੱਖੇ ਪ੍ਰਤੀਕਰਮ ਦਿੱਤੇ। ਕਾਂਗਰਸ ਦੇ ਬਾਬੂ ਬ੍ਰਿਸ਼ਭਾਨ ਅਤੇ ਅਕਾਲੀ ਦਲ ਦੇ ਜਥੇਦਾਰ ਕਰਤਾਰ ਸਿੰਘ ਦੀ ਅਗਵਾਈ ਹੇਠ ਪੜਤਾਲੀਆ ਕਮੇਟੀ ਬਣਾਈ ਗਈ। ਸਾਰੇ ਦੇਸ਼ ਵਿੱਚ ਇਸ ਕਾਰਵਾਈ ਦੀ ਵੱਡੇ ਪੱਧਰ ’ਤੇ ਚਰਚਾ ਹੋਈ। ਗ੍ਰਿਫ਼ਤਾਰ ਹੋਏ ਮੁਜਾਰਾ ਆਗੂਆਂ ਅਤੇ ਹੋਰਨਾਂ ਦਾ ਕੇਸ ਲੜਨ ਲਈ ਕਾਮਰੇਡ ਜੰਗੀਰ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਡਿਫੈਂਸ ਕਮੇਟੀ ਬਣਾਈ ਗਈ।
ਹੋਰ ਹਥਿਆਰਬੰਦ ਵਾਲੰਟੀਅਰਾਂ ਨੂੰ ਸਿਖਲਾਈ ਦੇ ਕੇ ਤਿਆਰ ਕਰਨ ਲਈ ਪ੍ਰੋਗਰਾਮ ਬਣਾਇਆ ਗਿਆ ਅਤੇ ਵਿਸਵੇਦਾਰਾਂ ਨੂੰ ਸਿੱਧੀ ਟੱਕਰ ਦੇਣ ਦੀ ਨੀਤੀ ਬਣਾਈ ਗਈ। ਸਤੰਬਰ 1956 ਨੂੰ ਸਾਰੇ ਆਗੂ ਬਰੀ ਹੋ ਗਏ। ਗਿਆਨ ਸਿੰਘ ਦੀ ਸਰਕਾਰ ਮੁਜਾਰਿਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਸੀ। ਇਸ ਲਈ ਲੋਕ ਪੱਖੀ ਸਾਰੀਆਂ ਧਿਰਾਂ ਇਸ ਦੇ ਖ਼ਿਲਾਫ਼ ਹੋ ਗਈਆਂ ਸਨ। ਉਨ੍ਹਾਂ ਦਿਨਾਂ ਵਿੱਚ ਪਰਜਾ ਮੰਡਲ, ਲਾਲ ਪਾਰਟੀ ਮੁਜਾਰਾਵਾਰ ਕੌਂਸਲ ਅਤੇ ਪੈਪਸੂ ਕਿਸਾਨ ਸਭਾ ਦਾ ਪ੍ਰਤੀਨਿਧ ਮੰਡਲ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਿਆ ਅਤੇ ਮੁਜਾਰਿਆਂ ’ਤੇ ਹੋ ਰਹੇ ਜੁਲਮ ਸਬੰਧੀ ਇੱਕ ਪੱਤਰ ਦਿੱਤਾ। ਇਸ ਨਾਲ ਗਿਆਨ ਸਿੰਘ ਦੀ ਸਰਕਾਰ ਭੰਗ ਹੋ ਗਈ ਅਤੇ ਕੇਂਦਰ ਵੱਲੋਂ ਪੈਪਸੂ ਦਾ ਰਾਜ ਪ੍ਰਬੰਧ ਚਲਾਉਣ ਲਈ ਪੀਐੱਸ ਰਾਓ ਸੁਰੱਖਿਆ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ। ਹੁਣ ਸਾਰੀ ਤਾਕਤ ਰਾਓ ਅਤੇ ਰਾਜ ਪ੍ਰਮੁੱਖ ਯਾਦਵਿੰਦਰ ਸਿੰਘ ਹੱਥ ਆ ਗਈ। ਦੇਸ਼ ਦੇ ਗ੍ਰਹਿ ਮੰਤਰੀ ਕੈਲਾਸ਼ ਨਾਥ ਕਾਟਜੂ ਨੇ ਕਿਸ਼ਨਗੜ੍ਹ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਪੀਐੱਸ ਰਾਓ ਨੇ ਕਿਸ਼ਨਗੜ੍ਹ ਘਟਨਾ ਦੀ ਪੜਤਾਲ ਕੀਤੀ। ਵਿਸਵੇਦਾਰ ਮੁਜਾਰਿਆਂ ਦੀ ਜ਼ਮੀਨ ਖੋਹਣਾ ਚਾਹੁੰਦੇ ਸਨ ਜੋ ਉਨ੍ਹਾਂ ਦੇ ਰੁਜ਼ਗਾਰ ਦਾ ਸਾਧਨ ਸੀ। ਸੰਨ 1953 ਵਿੱਚ ਆਲ੍ਹਾ ਮਾਲਕੀ ਹੱਕਾਂ ਦੇ ਖਾਤਮੇ ਸਬੰਧੀ ਕਾਨੂੰਨ 1953, ਮਰੂਸੀ ਮੁਜਾਰਿਆਂ ਨੂੰ ਮਾਲਕੀ ਹੱਕ ਦੇਣ ਲਈ ਕਾਨੂੰਨ 1953 ਅਤੇ ਮੁਜਾਰਾ ਤੇ ਖੇਤੀਬਾੜੀ ਕਮਿਸ਼ਨ ਕਾਨੂੰਨ 1953 ਬਣੇ ਗਏ।
ਇਨ੍ਹਾਂ ਕਾਨੂੰਨਾਂ ਨਾਲ ਮੁਜਾਰਿਆਂ ਦੀਆਂ ਬਹੁਤੀਆਂ ਸਮੱਸਿਆਵਾਂ ਹੱਲ ਹੋ ਗਈਆਂ। ਇਹ ਇਤਿਹਾਸਕ ਜਿੱਤ ਸੀ। ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ, ਬਚਨ ਸਿੰਘ ਬਖਸ਼ੀਵਾਲਾ, ਜੋਗਾ ਸਿੰਘ ਅਤੇ ਹੋਰ ਸਾਥੀਆਂ ਦੀ ਮੁਜਾਰਿਆਂ ਨੂੰ ਵਡਮੁੱਲੀ ਦੇਣ ਹੈ। ਇਨ੍ਹਾਂ ਸਦਕਾ ਮੁਜਾਰੇ ਜ਼ਮੀਨਾਂ ਦੇ ਮਾਲਕ ਬਣੇ। ਉਸ ਘਟਨਾ ਦੀ ਯਾਦ ਅਤੇ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜਾ ਰੱਖਣ ਲਈ 19 ਮਾਰਚ (6 ਚੇਤ) ਨੂੰ ਭਾਰਤੀ ਕਮਿਊਨਿਸਟ ਪਾਰਟੀ ਅਤੇ ਪਿੰਡ ਕਿਸ਼ਨਗੜ੍ਹ ਵਾਸੀ ਸਮਾਗਮ ਕਰਵਾਉਂਦੇ ਹਨ।

Advertisement
Advertisement