ਪਿੰਡ ਬਡਰੁੱਖਾਂ ਦੀ ਧੀ ਇਟਲੀ ਵਿੱਚ ਡਾਕਟਰ ਬਣੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਸਤੰਬਰ
ਇਤਿਹਾਸਕ ਪਿੰਡ ਬਡਰੁੱਖਾਂ ਦੀ ਧੀ ਰੋਮਰਾਜ ਕੌਰ ਆਪਣੀ ਮਿਹਨਤ ਸਦਕਾ ਇਟਲੀ ਵਿਚ ਡਾਕਟਰ ਬਣੀ ਹੈ। ਰੋਮਰਾਜ ਕੌਰ ਨੇ ਇਟਲੀ ਦੀ ਰਾਜਧਾਨੀ ਰੋਮ ਦੀ ਸਾਪੀਐਂਜ਼ਾ ਯੂਨੀਵਰਸਿਟੀ ਤੋਂ ਐੱਮਬੀਬੀਐੱਸ ਦੀ ਡਿਗਰੀ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਰੋਮਰਾਜ ਕੌਰ ਆਪਣੇ ਪਿਤਾ ਰਾਜਿੰਦਰ ਸਿੰਘ ਅਤੇ ਮਾਤਾ ਸਰਬਜੀਤ ਕੌਰ, ਦੋ ਭੈਣਾਂ ਅਤੇ ਇੱਕ ਭਰਾ ਸਮੇਤ ਇਟਲੀ ਦੇ ਸ਼ਹਿਰ ਰੋਮ ’ਚ ਰਹਿੰਦੀ ਹੈ। ਪਿੰਡ ਬਡਰੁੱਖਾਂ ਦਾ ਵਸਨੀਕ ਰਾਜਿੰਦਰ ਸਿੰਘ ਪੁਤਰ ਕਰਤਾਰ ਸਿੰਘ 1984 ਵਿਚ ਇਟਲੀ ਗਿਆ ਸੀ। ਰੋਮਰਾਜ ਕੌਰ ਦਾ ਜਨਮ ਇਟਲੀ ਵਿਚ ਹੀ ਹੋਇਆ ਸੀ। ਇਟਲੀ ਤੋਂ ਫੋਨ ’ਤੇ ਗੱਲਬਾਤ ਕਰਦਿਆਂ ਰੋਮਰਾਜ ਕੌਰ ਦੇ ਪਿਤਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਹੈ। ਉਸ ਨੇ ਰੋਮ ਦੀ ਸਾਪੀਐਂਜ਼ਾ ਯੂਨੀਵਰਸਿਟੀ ਤੋਂ ਮੈਡੀਕਲ ਦੀ ਪੜ੍ਹਾਈ ਸੌ ਫੀਸਦੀ ਨੰਬਰ ਨਾਲ ਪੂਰੀ ਕੀਤੀ ਹੈ। ਬੀਤੀ 26 ਸਤੰਬਰ ਨੂੰ ਉਸ ਨੂੰ ਡਿਗਰੀ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਰੋਮਰਾਜ ਕੌਰ ਨੇ ਜਿਥੇ ਪਰਿਵਾਰ ਅਤੇ ਆਪਣੇ ਪਿੰਡ ਬਡਰੁੱਖਾਂ ਦਾ ਨਾਂ ਰੌਸ਼ਨ ਕੀਤਾ ਹੈ ਉਥੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਮਾਣ ਵੀ ਵਧਾਇਆ ਹੈ। ਉਨ੍ਹਾਂ ਕਿਹਾ ਕਿ ਧੀਆਂ ਕਿਸੇ ਵੀ ਖੇਤਰ ਵਿਚ ਪੁੱਤਰਾਂ ਨਾਲੋਂ ਘੱਟ ਨਹੀਂ ਹੈ, ਉਸ ਦੀ ਧੀ ਰੋਮਰਾਜ ਕੌਰ ਦੀ ਸ਼ੁਰੂ ਤੋਂ ਹੀ ਪੜ੍ਹਾਈ ਪ੍ਰਤੀ ਬੇਹੱਦ ਲਗਨ ਸੀ ਜਿਸ ਨੇ ਆਪਣੀ ਮਿਹਨਤ ਸਦਕਾ ਇਸ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੋਮਰਾਜ ਕੌਰ ਇਟਲੀ ਵਿਚ ਔਰਤਾਂ ਰੋਗਾਂ ਦੇ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਏਗੀ। ਪਿੰਡ ਬਡਰੁੱਖਾਂ ਸਥਿਤ ਘਰ ਵਿਚ ਮੌਜੂਦ ਰਾਜਿੰਦਰ ਸਿੰਘ ਦੇ ਮਾਤਾ ਬਲਵੰਤ ਕੌਰ ਨੇ ਆਪਣੀ ਪੋਤਰੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।