ਮਜ਼ਦੂਰ ਪਰਿਵਾਰ ਦੀ ਧੀ ਹਾਕੀ ’ਚ ਦਿਖਾਵੇਗੀ ਜੌਹਰ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 24 ਨਵੰਬਰ
ਪਿੰਡ ਭੋਤਨਾ ਦੇ ਮਜ਼ਦੂਰ ਦੀ ਧੀ ਪਰਿਵਾਰਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਸਖ਼ਤ ਮਿਹਨਤ ਸਦਕਾ ਰਾਸ਼ਟਰੀ ਮੁਕਾਬਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰੇਗੀ। 15 ਸਾਲਾ ਦਿਲਪ੍ਰੀਤ ਕੌਰ ਦੀ ਚੋਣ ਅੰਡਰ-17 ਸਬ ਕੌਮੀ ਜੂਨੀਅਨ ਹਾਕੀ ਚੈਂਪੀਅਨਸ਼ਿਪ ਲਈ ਹੋਈ ਹੈ। ਦਿਲਪ੍ਰੀਤ ਦੇ ਪਿਤਾ ਕੁਲਵਿੰਦਰ ਸਿੰਘ ਮਜ਼ਦੂਰੀ ਕਰਦੇ ਹਨ ਅਤੇ ਮਾਤਾ ਜਸਵੀਰ ਕੌਰ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਜੀਵਨ ਬਸਰ ਕਰਦੇ ਹਨ। ਕਰੋਨਾ ਕਾਲ ਦੌਰਾਨ ਦਿਲਪ੍ਰੀਤ ਨੇ 6ਵੀਂ ਵਿੱਚ ਪੜ੍ਹਦਿਆਂ ਪਿੰਡ ਦੇ ਖੇਡ ਮੈਦਾਨ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਪ੍ਰਭਾਵਸ਼ਾਲੀ ਖੇਡ ਸਦਕਾ ਉਹ ਸੂਬਾ ਪੱਧਰ ’ਤੇ ਹਾਕੀ ਮੁਕਾਬਲਿਆਂ ਤੱਕ ਪਹੁੰਚੀ ਜਿਸ ਤੋਂ ਬਾਅਦ ਉਸ ਦੀ ਪੀਆਈਐੱਫ਼ (ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ) ਵਲੋਂ ਨੈਸ਼ਨਲ ਸਪੋਰਟਸ ਅਕੈਡਮੀ ਬਾਦਲ ਲਈ ਚੋਣ ਹੋਈ। ਇੱਥੇ ਰਹਿ ਕੇ 10ਵੀਂ ਦੀ ਪੜ੍ਹਾਈ ਦੇ ਨਾਲ ਨਾਲ ਹਾਕੀ ਖੇਡ ਰਹੀ ਹੈ। ਉਸ ਦੀ ਬਿਹਤਰ ਖੇਡ ਸਦਕਾ ਹੁਣ ਉਹ ਪੰਜਾਬ ਦੀ ਟੀਮ ਲਈ ਕੌਮੀ ਮੁਕਾਬਲਿਆਂ ਲਈ ਚੁਣੀ ਗਈ ਹੈ। ਉਹ ਹਾਕੀ ਇੰਡੀਆ ਵੱਲੋਂ 26 ਨਵੰਬਰ ਤੋ 6 ਦਸੰਬਰ ਤੱਕ ਤੇਲੰਗਾਨਾ ਸਟੇਟ ਦੇ ਸਿਕੰਦਰਾਬਾਦ ਸ਼ਹਿਰ ’ਚ ਹੋਣ ਵਾਲੀ ਸਬ ਜੂਨੀਅਰ ਨੈਸ਼ਨਲ ਚੈਪੀਅਨਸ਼ਿਪ ਵਿੱਚ ਭਾਗ ਲਵੇਗੀ। ਉਨ੍ਹਾਂ ਦੀ ਟੀਮ ਦਾ ਮੁਕਾਬਲਾ ਗੁਜਰਾਤ, ਅਸਾਮ ਤੇ ਮਹਾਰਾਸ਼ਟਰ ਨਾਲ ਵੀ ਹੋਵੇਗਾ। ਭੋਤਨਾ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਤੋਂ ਇਲਾਵਾ ਇਸਦੇ ਦੋਵੇਂ ਛੋਟੇ ਭਰਾ ਧਰਮਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵੀ ਸਟੇਟ ਪੱਧਰ ਦੇ ਹਾਕੀ ਮੁਕਾਬਲੇ ਖੇਡ ਚੁੱਕੇ ਹਨ। ਉਹਨਾਂ ਕਿਹਾ ਕਿ ਲਵਪ੍ਰੀਤ ਨੇ ਆਪਣੇ ਪਰਿਵਾਰਕ ਹਾਲਾਤਾਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਬਲਕਿ ਇਸ ਨੂੰ ਆਪਣੀ ਤਾਕਤ ਬਣਾ ਕੇ ਇੱਥੋਂ ਤੱਕ ਪੁੱਜੀ ਹੈ। ਉਨ੍ਹਾਂ ਦਿਲਪ੍ਰੀਤ ਦੇ ਇਸ ਟੂਰਨਾਮੈਂਟ ਤੋਂ ਇਲਾਵਾ ਹੋਰ ਅੱਗੇ ਵੀ ਹਾਕੀ ਵਿੱਚ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ।