ਫ਼ਰੀਦਕੋਟ ਦੇ ਸਾਧਾਰਨ ਪਰਿਵਾਰ ਦੀ ਧੀ ਹਰਿਆਣਾ ’ਚ ਜੱਜ ਬਣੀ
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 17 ਅਕਤੂਬਰ
ਪੰਜਗਰਾਈਂ ਕਲਾਂ ਦੇ ਸਾਧਾਰਨ ਕਿਸਾਨ ਪਰਿਵਾਰ ਦੀ ਧੀ ਨੇ ਹਰਿਆਣਾ ਸਿਵਲ ਸਰਵਿਸਿਜ਼ (ਜੁਡੀਸ਼ਰੀ) ਦੀ ਪ੍ਰੀਖਿਆ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ਅਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਪਿੰਡ ਵਿੱਚ ਇਸ ਪ੍ਰਾਪਤੀ ’ਤੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਡ ਦੇ ਲੋਕਾਂ ਨੇ ਇਸ ਹੋਣਹਾਰ ਧੀ ਦਾ ਸ਼ਾਨਦਾਰ ਸੁਆਗਤ ਕੀਤਾ। ਤਪਿੰਦਰ ਕੌਰ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਉਸ ਨੂੰ ਇਹ ਸਭ ਕੁਝ ਸੁਫ਼ਨਾ ਲੱਗ ਰਿਹਾ ਹੈ। ਉਸ ਨੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਤੇ ਹੀ ਸੋਚ ਲਿਆ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਜੱਜ ਦੀ ਕੁਰਸੀ ’ਤੇ ਬੈਠੇਗੀ। ਉਸ ਨੇ ਦੋ ਵਾਰ ਕੋਸ਼ਿਸ਼ ਕੀਤੀ। ਪਹਿਲੀ ਕੋਸ਼ਿਸ਼ ਵਿੱਚ ਉਸ ਨੇ ਲਿਖਤ ਪ੍ਰੀਖਿਆ ਪਾਸ ਕਰ ਲਈ ਸੀ ਪ੍ਰੰਤੂ ਉਹ ਇੰਟਰਵਿਊ ਵਿੱਚ ਸਫ਼ਲ ਨਹੀਂ ਹੋ ਸਕੀ ਸੀ। ਤਪਿੰਦਰ ਨੇ ਦਸਵੀਂ ਤੱਕ ਦੀ ਪੜ੍ਹਾਈ ਉਸ ਨੇ ਸੰਤ ਕਿਰਪਾਲ ਸਿੰਘ ਪਬਲਿਕ ਸਕੂਲ ਨੀਲੋਂ (ਲੁਧਿਆਣਾ) ਤੋਂ ਪਾਸ ਕੀਤੀ। ਬਾਰ੍ਹਵੀਂ ਦਿੱਲੀ ਇੰਟਰਨੈਸ਼ਨਲ ਸਕੂਲ ਫ਼ਰੀਦਕੋਟ ਤੋਂ ਅਤੇ ਐੱਲਐੱਲਬੀ ਰਿਆਇਤ ਬਾਹਰਾ ਕਾਲਜ ਰੋਪੜ ਤੋਂ ਪਾਸ ਕੀਤੀ। ਇਸ ਤੋਂ ਆਪਣਾ ਸੁਫ਼ਨਾ ਪੂਰਾ ਕਰਨ ਦਾ ਸਫ਼ਰ ਸ਼ੁਰੂ ਹੋਇਆ। ਪਿੰਡ ਵਾਸੀਆਂ ਨੇ ਇਸ ਬੱਚੀ ਨੂੰ ਖੁੱਲ੍ਹੀ ਜੀਪ ਵਿੱਚ ਬਿਠਾ ਕੇ ਪਿੰਡ ਦਾ ਗੇੜਾ ਲਾ ਖੁਸ਼ੀ ਸਾਂਝੀ ਕੀਤੀ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਜ ਤਪਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸੁਖਮੰਦਰ ਸਿੰਘ ਅਤੇ ਸਰਪੰਚ ਕੇਵਲ ਸਿੰਘ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ।