ਨੂੰਹ ਸੱਸ ਦੀ ਲੜਾਈ ਟੈਂਕੀ ਅਤੇ ਟਾਵਰ ’ਤੇ ਪੁੱਜੀ
ਪ੍ਰਮੋਦ ਕੁਮਾਰ ਸਿੰਗਲਾ/ਰੋਹਿਤ ਗੋਇਲ
ਸ਼ਹਿਣਾ/ਪੱਖੋ ਕੈਂਚੀਆਂ, 22 ਅਕਤੂਬਰ
ਇਸ ਬਲਾਕ ਦੇ ਪਿੰਡ ਭਗਤਪੁਰਾ ਮੌੜ ਤੋਂ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੱਸ ਅਤੇ ਨੂੰਹ ਦੀ ਲੜਾਈ ਵਾਟਰ ਵਰਕਸ ਦੀ ਟੈਂਕੀ ਅਤੇ ਟਾਵਰ ਤੱਕ ਪਹੁੰਚ ਗਈ। ਝਗੜਾ ਹੋਣ ਤੋਂ ਬਾਅਦ ਸੱਸ ਟੈਂਕੀ ’ਤੇ ਅਤੇ ਨੂੰਹ ਨੇ ਟਾਵਰ ’ਤੇ ਚੜ੍ਹ ਕੇ ਵਿਰੋਧ ਜਤਾਇਆ ਜਿਸ ਨੂੰ ਹੇਠਾਂ ਉਤਾਰਨ ਲਈ ਪੁਲੀਸ ਨੂੰ ਕਾਫ਼ੀ ਸਮਾਂ ਲੱਗਿਆ।
ਨੂੰਹ ਨੇ ਘਰ ਵਿੱਚ ਲੜਾਈ-ਝਗੜਾ ਹੋਣ ਦੀ ਸ਼ਿਕਾਇਤ ਥਾਣਾ ਸ਼ਹਿਣਾ ਵਿਖੇ ਦਿੱਤੀ ਸੀ, ਜਿਸ ਤੋਂ ਬਾਅਦ ਥਾਣਾ ਸ਼ਹਿਣਾ ਦੀ ਪੁਲੀਸ ਅੱਜ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ।
ਇਸ ਦਾ ਵਿਰੋਧ ਕਰਦਿਆਂ ਸਹੁਰਾ ਪਰਿਵਾਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਨੂੰਹ ਵੱਲੋਂ ਸੱਸ ਦੀ ਕੁੱਟਮਾਰ ਕੀਤੀ ਗਈ ਅਤੇ ਉਲਟਾ ਪੁਲੀਸ ਉਨ੍ਹਾਂ ਦੇ ਹੀ ਮੈਂਬਰਾਂ ਨੂੰ ਥਾਣੇ ਲੈ ਗਈ| ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਕਾਰਨ ਉਨ੍ਹਾਂ ਨੂੰ ਇਸ ਕੇਸ ਨਾਲ ਜੋੜਿਆ ਗਿਆ ਹੈ ਅਤੇ ਥਾਣੇ ਭੇਜ ਕੇ ਜ਼ਲੀਲ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਵੀ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਮੈਂਬਰਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ।
ਦੂਜੇ ਪਾਸੇ ਨੂੰਹ ਵੀ ਅਨਾਜ ਮੰਡੀ ਵਿੱਚ ਟਾਵਰ ’ਤੇ ਚੜ੍ਹ ਕੇ ਆਪਣਾ ਵਿਰੋਧ ਜਤਾਉਣ ਲੱਗੀ, ਉਸ ਨੇ ਕਿਹਾ ਕਿ ਇਸ ਕੇਸ ਨੂੰ ਸਿਆਸੀ ਰੰਗ ਦੇ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ, ਜੇ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸੰਘਰਸ਼ ਨਹੀਂ ਛੱਡੇਗੀ। ਇਸ ਮੌਕੇ ਥਾਣਾ ਸ਼ਹਿਣਾ ਦੀ ਪੁਲੀਸ ਵੀ ਮੌਜੂਦ ਸੀ। ਐੱਸਐੱਚਓ ਅੰਮ੍ਰਿਤਪਾਲ ਨੇ ਕਿਹਾ ਕਿ ਦੋਵੇਂ ਧਿਰਾਂ ਨੂੰ ਹੇਠਾਂ ਉਤਾਰ ਲਿਆ ਹੈ ਅਤੇ ਗੱਲਬਾਤ ਜਾਰੀ ਹੈ। ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।