ਡੀਏਪੀ ਸੰਕਟ ਨੇ ਹਲੂਣਿਆ ਖੇਤੀਬਾੜੀ ਵਿਭਾਗ
ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਨਵੰਬਰ
ਡੀਏਪੀ ਖਾਦ ਦੇ ਸੰਕਟ ਨੇ ਸਿਰਫ਼ ਖੇਤੀਬਾੜੀ ਵਿਭਾਗ ਹੀ ਨਹੀਂ ਬਲਕਿ ਸਿਵਲ ਪ੍ਰਸ਼ਾਸਨ ਨੂੰ ਵੀ ਬਿਪਤਾ ’ਚ ਪਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਏਡੀਸੀ, ਐੱਸਡੀਐੱਮ ਖਾਦ ਡੀਲਰਾਂ ਦੀ ਚੈਕਿੰਗ ਲਈ ਡਟ ਗਏ ਹਨ। ਖੇਤੀਬਾੜੀ ਵਿਭਾਗ ਜੇਕਰ ਪਹਿਲਾਂ ਹੀ ਬਦਲ ਵਾਲੀਆਂ ਖਾਦਾਂ ਦੀ ਵਰਤੋਂ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰਦਾ ਤਾਂ ਸੰਕਟ ਤੋਂ ਨਿਜਾਤ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ।
ਜ਼ਿਲ੍ਹੇ ’ਚ ਹਾੜ੍ਹੀ ਦੌਰਾਨ ਤਕਰੀਬਨ ਇੱਕ ਲੱਖ 76 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਣੀ ਹੈ ਜਿਸ ਲਈ ਤਕਰੀਬਨ 25 ਹਜ਼ਾਰ ਮੀਟ੍ਰਿਕ ਟਨ ਫਾਸਫੈਟਿਕ ਖਾਦਾਂ ਦੀ ਜ਼ਰੂਰਤ ਹੈ। ਡੀਏਪੀ ਖਾਦ ਸੰਕਟ ਨਾਲ ਨਜਿੱਠਣ ਲਈ ਖੇਤੀਬਾੜੀ ਵਿਭਾਗ ਨੇ ਹੁਣ ਡੀਏਪੀ ਦੇ ਬਦਲ ਵਾਲੀਆਂ ਖਾਦਾਂ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਪਰ ਕਿਸਾਨ ਉਨ੍ਹਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ। ਡਾ. ਸੁਖਰਾਜ ਕੌਰ ਦਿਓਲ ਕਾਰਜਕਾਰੀ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਡੀਏਪੀ ਦੇ ਬਦਲ ਵਾਲੀਆਂ ਖਾਦਾਂ ਵਿੱਚ ਡੀਲਰਾਂ ਅਤੇ ਖਾਦ ਵਿਕਰੇਤਾ ਦੁਕਾਨਦਾਰਾਂ ਕੋਲ ਉਪਲੱਬਧ ਹਨ। ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਡੀਏਪੀ ਦੀ ਕਾਲਾਬਜ਼ਾਰੀ ਬਿਲਕੁਲ ਵੀ ਨਹੀਂ ਹੋਣ ਦੇਣਗੇ।
ਉਨ੍ਹਾਂ ਕਿਹਾ ਕਿ ਡੀਏਪੀ ਦੀ ਦੇ ਬਦਲ ਦੇ ਤੌਰ ’ਤੇ ਟ੍ਰਿਪਲ ਸੁਪਰ ਫਾਸਫੇਟ ਖਾਦ, ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਬਜ਼ਾਰ ਵਿਚ ਉਪਲਭਧ ਹਨ। ਟ੍ਰਿਪਲ ਸਪਰ ਫਾਸਫੇਟ ਵਿੱਚ ਡੀਏਪੀ ਵਾਗੂ 46 ਫ਼ੀਸਦ ਫਾਸਫੋਰਸ ਤੱਤ ਹੁੰਦਾ ਹੈ ਅਤੇ ਇਸ ਦੀ ਕੀਮਤ ਪ੍ਰਤੀ ਬੋਰੀ 1250 ਰੁਪਏ ਹੈ ਜਦ ਕਿ ਡੀਏਪੀ ਦੀ ਕੀਮਤ ਪ੍ਰਤੀ ਬੈਗ 1350 ਰੁਪਏ ਹੈ। ਕਿਸਾਨ 12:32:16 ਖਾਦ ਦੀ ਵਰਤੋਂ ਵੀ ਡੀ ਏ ਪੀ ਦੇ ਬਦਲ ਵੱਜੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਿੰਗਲ ਸੁਪਰ ਫਸਫੇਟ ਵਿੱਚ 16 ਫੀਸਦੀ ਫਾਸਫੋਰਸ ਅਤੇ 11 ਫੀਸਦੀ ਸਲਫਰ ਪਾਇਆ ਜਾਂਦਾ ਹੈ। ਇਸ ਵਿੱਚ ਸਲਫਰ ਤੱਤ ਮੌਜੂਦ ਹੋਣ ਕਾਰਨ ਇਹ ਖਾਦ ਤੇਲ ਬੀਜਾਂ ਅਤੇ ਦਾਲਾਂ ਦੀਆਂ ਫਸਲਾਂ ਲਈ ਹੋਰ ਖਾਦਾਂ ਦੇ ਮੁਕਾਬਲੇ ਜ਼ਿਆਦਾ ਲਾਹੇਵੰਦ ਹੈ।
ਡੀਏਪੀ ਦੀ ਜਮ੍ਹਾਂਖੋਰੀ ਰੋਕਣ ਲਈ ਪ੍ਰਸ਼ਾਸਨ ਹਰਕਤ ’ਚ ਆਇਆ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਵਿੱਚ ਡੀਏਪੀ ਖਾਦ ਦੀ ਜਮ੍ਹਾਖੋਰੀ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਹਰਕਤ ’ਚ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਜਕਾਰੀ ਮੈਜਿਸਟ੍ਰੇਟ ਅਤੇ ਖੇਤੀਬਾੜੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਬਣਾਕੇ ਅਚਨਚੇਤ ਚੈਕਿੰਗ ਕਰਨੀ ਆਰੰਭ ਕਰ ਦਿੱਤੀ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲੋੜੀਂਦੀ ਮਾਤਰਾ ਵਿੱਚ ਖਾਦ ਮੌਜੂਦ ਹੈ ਅਤੇ ਕਿਸੇ ਵੀ ਡੀਲਰ ਵੱਲੋਂ ਖਾਦ ਦੀ ਜਮ੍ਹਾਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।