For the best experience, open
https://m.punjabitribuneonline.com
on your mobile browser.
Advertisement

ਡੈਮ ਪ੍ਰਸ਼ਾਸਨ ਨੇ ਕੰਧ ਢਾਹ ਕੇ ਕਬਜ਼ਾ ਛੁਡਵਾਇਆ

10:14 AM Nov 19, 2023 IST
ਡੈਮ ਪ੍ਰਸ਼ਾਸਨ ਨੇ ਕੰਧ ਢਾਹ ਕੇ ਕਬਜ਼ਾ ਛੁਡਵਾਇਆ
ਸ਼ਾਹਪੁਰ ਕੰਢੀ ਡੈਮ ਪ੍ਰਸ਼ਾਸਨ ਵੱਲੋਂ ਢਾਹੀ ਗਈ ਨਾਜਾਇਜ਼ ਕਬਜ਼ੇ ਵਾਲੀ ਕੰਧ।
Advertisement

ਨਾਜਾਇਜ਼ ਕਬਜ਼ਾ

ਐੱਨਪੀ ਧਵਨ
ਪਠਾਨਕੋਟ, 18 ਨਵੰਬਰ
ਮਾਧੋਪੁਰ ਵਿੱਚ ਕੈਨਾਲ ਰੈਸਟ ਹਾਊਸ ਅਤੇ ਸ਼ਾਹਪੁਰ ਕੰਢੀ ਡੈਮ ਦੀ ਜ਼ਮੀਨ ’ਤੇ ਇੱਕ ਨਾਮੀ ਕਾਰੋਬਾਰੀ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਦੇ ਮਾਮਲੇ ਵਿੱਚ ਡੈਮ ਦੇ ਪ੍ਰਸ਼ਾਸਨ ਨੇ ਕੰਡਿਆਲੀ ਤਾਰ ਵਾਲੇ ਪਿੱਲਰ ਪੁੱਟ ਕੇ ਕਬਜ਼ਾ ਛੁਡਵਾ ਲਿਆ ਹੈ ਅਤੇ ਉਥੇ ਆਪਣੀ ਜਗ੍ਹਾ ’ਤੇ ਪਿੱਲਰ ਲਗਾ ਦਿੱਤੇ ਹਨ। ਹੁਣ ਕਿਸੇ ਬਾਹਰਲੇ ਜ਼ਿਲ੍ਹੇ ਦੇ ਰੈਵੇਨਿਊ ਵਿਭਾਗ ਕੋਲੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇਗੀ ਅਤੇ ਫਿਰ ਕਬਜ਼ਾ ਬਹਾਲ ਕਰਵਾਇਆ ਜਾਵੇਗਾ। ਦੂਜੇ ਪਾਸੇ ਕੈਨਾਲ ਰੈਸਟ ਹਾਊਸ ਦੀ ਜ਼ਮੀਨ ’ਤੇ ਕਬਜ਼ਾ ਹਾਲੇ ਵੀ ਬਰਕਰਾਰ ਹੈ। ਕੈਨਾਲ ਰੈਸਟ ਹਾਊਸ ਵਿੱਚ ਹੀ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਹੈ। ਅੰਗਰੇਜ਼ਾਂ ਵੇਲੇ ਦੇ ਇਸ ਰੈਸਟ ਹਾਊਸ ਦਾ ਰਕਬਾ 23 ਕਨਾਲ 18 ਮਰਲੇ ਹੈ। ਇਸ ਦੇ ਸਾਹਮਣੇ ਅੰਗਰੇਜ਼ਾਂ ਨੇ ਲੋਕਾਂ ਦੇ ਟਹਿਲਣ ਲਈ ਇੱਕ ਖੂਬਸੂਰਤ ਪਰੀਆਂ ਵਾਲਾ ਬਾਗ ਵੀ ਬਣਾਇਆ ਹੋਇਆ ਸੀ। ਸਾਲ 2011 ਵਿੱਚ ਪਠਾਨਕੋਟ ਨੂੰ ਜ਼ਿਲ੍ਹੇ ਦਾ ਦਰਜਾ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਰੈਸਟ ਹਾਊਸ ਨੂੰ ਆਪਣੀ ਰਿਹਾਇਸ਼ ਬਣਾ ਲਿਆ ਸੀ।
ਰੈਸਟ ਹਾਊਸ ਦੇ ਸਾਹਮਣੇ ਪੈਂਦੇ ਪਰੀਆਂ ਵਾਲੇ ਬਾਗ ਵਾਲੀ ਜ਼ਮੀਨ ਸ਼ਾਹਪੁਰ ਕੰਢੀ ਡੈਮ ਅਥਾਰਟੀ ਨੇ ਐਕੁਆਇਰ ਕਰ ਲਈ ਸੀ। ਇਸ ਕਰਕੇ ਡੀਸੀ ਨੇ ਰੈਸਟ ਹਾਊਸ ਦਾ ਆਪਣਾ ਐਂਟਰੀ ਗੇਟ ਬੰਦ ਕਰ ਕੇ ਰੈਸਟ ਹਾਊਸ ਦੇ ਪਿਛਲੇ ਪਾਸੇ ਇੱਕ ਹੋਰ ਗੇਟ ਬਣਾ ਲਿਆ। ਬੰਦ ਕੀਤੇ ਗਏ ਗੇਟ ਦੇ ਪਿੱਲਰ ਦੇ ਨਾਲ ਲੱਗਦੀ ਰੈਸਟ ਹਾਊਸ ਵਾਲੀ ਕੰਧ ਢਾਹ ਦਿੱਤੀ ਗਈ। ਜਿਹੜੀ ਕੰਧ ਢਾਹੀ ਗਈ, ਉਸ ਦੇ ਨਾਲ ਹੀ ਇੱਕ ਨਾਮੀ ਤੇ ਰਸੂਖਦਾਰ ਦੀ 29 ਕਨਾਲ 16 ਮਰਲੇ ਜ਼ਮੀਨ ਲੱਗਦੀ ਹੈ। ਉਕਤ ਰਸੂਖਦਾਰ ਨੇ ਢਾਹੀ ਗਈ ਕੰਧ ਵਾਲੇ ਪਾਸੇ (ਰੈਸਟ ਹਾਊਸ ਵਾਲੀ ਜਗ੍ਹਾ) ਆਪਣਾ ਕਬਜ਼ਾ ਕਰ ਲਿਆ। ਇਸ ਤਰ੍ਹਾਂ ਡੀਸੀ ਦੀ ਰਿਹਾਇਸ਼ ਵਾਲੀ ਕੰਧ ਪੁਰਾਣੀ ਕੰਧ ਨਾਲੋਂ ਪਿੱਛੇ ਕਰ ਦਿੱਤੀ ਗਈ ਤੇ ਉਥੇ ਪ੍ਰੀਕਾਸਟ ਕੰਕਰੀਟ ਵਾਲੀਆਂ ਸਲੈਬਾਂ ਨਾਲ ਕੰਧ ਖੜ੍ਹੀ ਕਰ ਦਿੱਤੀ ਗਈ। ਇਸੇ ਤਰ੍ਹਾਂ ਹੀ ਰੈਸਟ ਹਾਊਸ ਦੇ ਸਾਹਮਣੇ ਜੋ ਜਗ੍ਹਾ ਸ਼ਾਹਪੁਰ ਕੰਢੀ ਡੈਮ ਲਈ ਪ੍ਰਸ਼ਾਸਨ ਨੇ ਐਕੁਆਇਰ ਕੀਤੀ ਸੀ ਉਸ ਉਪਰ ਵੀ ਰਸੂਖਦਾਰ ਨੇ ਕਬਜ਼ਾ ਕਰ ਕੇ ਪਿੱਲਰ ਲਗਾ ਕੇ ਕੰਡਿਆਲੀ ਤਾਰ ਲਗਾ ਦਿੱਤੀ ਸੀ।
ਸ਼ਾਹਪੁਰ ਕੰਢੀ ਡੈਮ ਦੇ ਚੀਫ ਇੰਜਨੀਅਰ ਸ਼ੇਰ ਸਿੰਘ ਨੇ ਕਿਹਾ ਕਿ ਉਹ ਬਿਮਾਰ ਹਨ ਤੇ ਬੋਲਣ ਦੀ ਹਾਲਤ ਵਿੱਚ ਨਹੀਂ ਹਨ। ਸਿੰਜਾਈ ਵਿਭਾਗ ਦੇ ਸਬੰਧਤ ਜੂਨੀਅਰ ਇੰਜਨੀਅਰ ਅਰੁਣ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਮਹੀਨੇ ਅਤੇ ਇਸ ਸਾਲ ਫਰਵਰੀ ਮਹੀਨੇ 2 ਵਾਰ ਰੈਸਟ ਹਾਊਸ ਦੇ ਸਾਹਮਣੇ ਅਤੇ ਨਾਲ ਲੱਗਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਪਰ ਪ੍ਰਾਈਵੇਟ ਰਸੂਖਦਾਰ ਨੇ ਨਿਸ਼ਾਨਦੇਹੀ ਵਾਲੀ ਬੁਰਜੀ ਨੂੰ ਪੁੱਟ ਦਿੱਤਾ ਤੇ ਰੈਸਟ ਹਾਊਸ ਦੇ ਅੰਦਰ ਵਾਲੀ ਜ਼ਮੀਨ ’ਤੇ ਕਬਜ਼ਾ ਕਰ ਲਿਆ। ਹੁਣ ਮਾਮਲਾ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਕੋਲ ਪੁੱਜ ਗਿਆ ਹੈ ਅਤੇ ਉਨ੍ਹਾਂ ਨੂੰ ਲਿਖਿਆ ਗਿਆ ਹੈ ਕਿ ਕਿਸੇ ਤੀਜੀ ਪਾਰਟੀ ਭਾਵ ਕਿਸੇ ਬਾਹਰਲੇ ਜ਼ਿਲ੍ਹੇ ਦੇ ਰੈਵੇਨਿਊ ਵਿਭਾਗ ਤੋਂ ਨਿਸ਼ਾਨਦੇਹੀ ਕਰਵਾਈ ਜਾਵੇ।

Advertisement

ਨਾਜਾਇਜ਼ ਕਬਜ਼ੇ ਬਾਰੇ ਡੀਸੀ ਨੂੰ ਕਰਵਾਇਆ ਸੀ ਜਾਣੂ: ਐੱਸਡੀਓ

ਮਾਧੋਪੁਰ ਹੈਡਵਰਕਸ ਦੇ ਇੰਚਾਰਜ ਐੱਸਡੀਓ ਪ੍ਰਦੀਪ ਕੁਮਾਰ ਨੂੰ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਰੈਸਟ ਹਾਊਸ ਵਾਲੀ ਜਗ੍ਹਾ ਨਾਜਾਇਜ਼ ਕਬਜ਼ੇ ਨੂੰ ਲੈ ਕੇ ਮੁਅੱਤਲ ਕੀਤਾ ਜਾ ਚੁੱਕਾ ਹੈ। ਪ੍ਰਦੀਪ ਕੁਮਾਰ ਨੇ ਕਿਹਾ ਕਿ ਸਾਲ 2011 ਤੋਂ ਰੈਸਟ ਹਾਊਸ ਵਿੱਚ ਡਿਪਟੀ ਕਮਿਸ਼ਨਰ ਰਹਿ ਰਹੇ ਹਨ। ਡਿਪਟੀ ਕਮਿਸ਼ਨਰ ਨੇ ਹੀ ਇਸ ਵਿੱਚ ਸ਼ਾਹਪੁਰ ਕੰਢੀ ਡੈਮ ਦੇ ਪ੍ਰਸ਼ਾਸਨ ਤੋਂ ਤਬਦੀਲੀਆਂ ਕਰਵਾਈਆਂ ਹਨ। ਜਦੋਂ ਨਾਜਾਇਜ਼ ਕਬਜ਼ਾ ਹੋ ਰਿਹਾ ਸੀ ਤਾਂ ਉਨ੍ਹਾਂ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਸੀ।

Advertisement
Author Image

Advertisement
Advertisement
×