ਚਾਹ ਦੇ ਖੋਖੇ ’ਚ ਸਿਲੰਡਰ ਫਟਿਆ; ਜਾਨੀ ਨੁਕਸਾਨ ਤੋਂ ਬਚਾਅ
ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਦਸੰਬਰ
ਇੱਥੋਂ ਦੀ ਜਰਨੈਲੀ ਸੜਕ ’ਤੇ ਇਕ ਨਿੱਜੀ ਹਸਪਤਾਲ ਦੇ ਬਾਹਰ ਚਾਹ ਦੇ ਖੋਖੇ ਵਿਚ ਅਚਾਨਲ ਸਿਲੰਡਰ ਫਟ ਗਿਆ, ਜਿਸ ਨਾਲ ਖੋਖੇ ਦੀ ਛੱਤ ਉੱਡ ਕੇ ਕਾਫ਼ੀ ਦੂਰ ਜਾ ਕੇ ਡਿੱਗੀ। ਇਸ ਹਾਦਸੇ ਵਿਚ ਕੋਲ ਖੜ੍ਹੇ ਇਕ ਬੱਚੇ ਸਮੇਤ ਤਿੰਨ ਵਿਅਕਤੀਆਂ ਦਾ ਬਚਾਅ ਹੋ ਗਿਆ ਪਰ ਖੋਖਾ ਅਤੇ ਉਸ ਵਿਚ ਪਏ ਸਮਾਨ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ। ਖੋਖੇ ਦੇ ਮਾਲਕ ਜਿਆ ਲਾਲ ਨੇ ਦੱਸਿਆ ਕਿ ਉਹ ਹਸਪਤਾਲ ਦੇ ਅੰਦਰ ਮਰੀਜ਼ਾਂ ਨੂੰ ਚਾਹ ਦੇਣ ਗਿਆ ਸੀ ਤਾਂ ਇਸ ਦੌਰਾਨ ਉਸਦੀ ਪਤਨੀ ਨੇ ਠੰਢ ਕਾਰਨ ਵੱਡੇ ਗੈਸ ਸਿਲੰਡਰ ਵਿਚ ਜੰਮੀ ਗੈਸ ਨੂੰ ਗਰਮ ਕਰਨ ਲਈ ਛੋਟੇ ਸਿਲੰਡਰ ਦੀ ਸਵਿੱਚ ਆਨ ਕੀਤੀ ਸੀ ਪਰ ਪਿਛੋਂ ਸਿਲੰਡਰ ਫਟ ਗਿਆ। ਧਮਾਕੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਇਸ ਸਬੰਧੀ ਨੇੜਲੇ ਛੋਟੇ ਗੈਸ ਸਿਲੰਡਰ ਵਿਚ ਗੈਸ ਭਰਨ ਵਾਲੇ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਛੋਟੇ ਮੋਟੇ ਕੰਮ ਲਈ ਸਿਲੰਡਰ ਭਰਦਾ ਹੈ ਜਦੋਂ ਉਸ ਨੂੰ ਪੁੱਛਿਆ ਕਿ ਉਹ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਏਐਫਐਸਓ ਅਮਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਸ਼ਹਿਰ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਕਿ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਵਪਾਰਕ ਕੰਮਾਂ ਲਈ ਨਾ ਕੀਤੀ ਜਾ ਸਕੇ। ਇਹ ਹਾਦਸਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਜਿਸ ਦੀ ਉਹ ਟੀਮ ਭੇਜ ਕੇ ਜਾਂਚ ਕਰਵਾਉਣਗੇ। ਭਵਿੱਖ ਵਿਚ ਟੀਮਾਂ ਦੀ ਡਿਊਟੀ ਵਧਾਈ ਜਾਵੇਗੀ ਅਤੇ ਜਾਂਚ ਹੋਵੇਗੀ ਕਿ ਭਵਿੱਖ ਵਿਚ ਘਰੇਲੂ ਗੈਸ ਸਿਲੰਡਰ ਦੀ ਦੂਰਵਰਤੋਂ ਨਾ ਕੀਤੀ ਜਾਵੇ।