ਠੰਢੇ ਮੋਮੋਜ਼ ਦੇਣ ’ਤੇ ਗਾਹਕ ਨੇ ਰੇਹੜੀ ਪਲਟਾਈ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਨਵੰਬਰ
ਮੇਹਰਬਾਨ ਇਲਾਕੇ ਦੇ ਪਿੰਡ ਗੌਂਸਗੜ੍ਹ ਨੇੜੇ ਇੱਕ ਰੇਹੜੀ ਵਾਲੇ ਤੋਂ ਮੋਮੋਜ਼ ਖਾਣ ਗਏ ਇੱਕ ਨੌਜਵਾਨ ਨੇ ਮੋਮੋਜ਼ ਠੰਢੇ ਹੋਣ ਕਾਰਨ ਵਿਵਾਦ ਤੋਂ ਬਾਅਦ ਗੁੱਸੇ ਵਿੱਚ ਆ ਕੇ ਰੇਹੜੀ ਪਲਟਾ ਦਿੱਤੀ ਤੇ ਰੇਹੜੀ ’ਤੇ ਰੱਖਿਆ ਗਰਮ ਤੇਲ 10 ਮਹੀਨੇ ਦੇ ਬੱਚੇ ’ਤੇ ਪੈ ਗਿਆ। ਬੱਚਾ ਬੁਰੇ ਤਰੀਕੇ ਦੇ ਨਾਲ ਝੁਲਸ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮੇਹਰਬਾਨ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਬੱਚੇ ਦੇ ਪਿਤਾ ਸ਼ੁਭਮ ਕੁਮਾਰ ਨੇ ਦੱਸਿਆ ਕਿ ਉਹ ਗੌਂਸਗੜ੍ਹ ’ਚ ਮੋਮੋਜ਼ ਵੇਚਣ ਦਾ ਕੰਮ ਕਰਦਾ ਹੈ। ਦੇਰ ਰਾਤ ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਮੋਮੋਜ਼ ਖਾਣ ਲਈ ਆਇਆ। ਉਸਨੇ ਮੋਮੋਜ਼ ਲਏ ਅਤੇ ਖਾਣ ਤੋਂ ਬਾਅਦ ਉਸ ਨੇ ਦੱਸਿਆ ਕਿ ਮੋਮੋਜ਼ ਠੰਢੇ ਹਨ। ਸ਼ੁਭਮ ਨੇ ਕਿਹਾ ਕਿ ਜੇਕਰ ਮੋਮੋਜ਼ ਠੰਢੇ ਹਨ ਤਾਂ ਸੁੱਟ ਦਿਉ, ਉਹ ਦੁਬਾਰਾ ਹੋਰ ਬਣਾ ਦਿੰਦਾ ਹੈ, ਇਸ ਦੌਰਾਨ ਉਸਦੀ ਗਾਹਕ ਦੇ ਨਾਲ ਬਹਿਸ ਸ਼ੁਰੂ ਹੋ ਗਈ, ਦੇਖਦੇ ਹੀ ਦੇਖਦੇ ਮਾਹੌਲ ਕਾਫ਼ੀ ਤਲਖੀ ਗਰਮਾ ਗਿਆ। ਗਾਹਕ ਨੇ ਉਸਦੀ ਰੇਹੜੀ ਪਲਟਾ ਦਿੱਤੀ, ਜਿਸ ਦੌਰਾਨ ਰੇਹੜੀ ’ਤੇ ਕੜਾਹੀ ’ਚ ਪਿਆ ਗਰਮ ਤੇਲ ਉਥੇ ਨੇੜੇ ਹੀ ਸੌਂ ਰਹੇ ਉਸ ਦੇ 10 ਮਹੀਨੇ ਦੇ ਬੱਚੇ ਰੁਦਰ ’ਤੇ ਜਾ ਪਿਆ। ਜਿਸ ਕਾਰਨ ਬੱਚੇ ਦੇ ਹੱਥ ਅਤੇ ਛਾਤੀ ਬੁਰੀ ਤਰ੍ਹਾਂ ਝੁਲਸ ਗਏ ਹਨ। ਮੁਲਜ਼ਮ ਪਰਿਵਾਰ ਸਮੇਤ ਮੌਕੇ ਤੋਂ ਭੱਜ ਗਿਆ। ਸ਼ੁਭਮ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੇ ਇਲਾਜ਼ ਲਈ ਸਿਵਲ ਹਸਪਤਾਲ ਪੁੱਜਿਆ, ਜਿਥੇ ਡਾਕਟਰਾਂ ਨੇ ਉਸਦਾ ਇਲਾਜ਼ ਸ਼ੁਰੂ ਕਰ ਦਿੱਤਾ ਹੈ।