ਅਮਰਗੜ੍ਹ ਦਾ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ
ਪੱਤਰ ਪ੍ਰੇਰਕ
ਅਮਰਗੜ੍ਹ, 14 ਅਕਤੂਬਰ
ਹੀਰਾ ਇੰਟਰਨੈਸ਼ਨਲ ਗਰੁਪ ਵੱਲੋਂ ਐੱਮਡੀ ਹੀਰਾ ਸਿੰਘ ਤੇ ਜੱਗੀ ਸਿੰਘ ਦੀ ਦੇਖ ਰੇਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਸਭਿਆਚਾਰਕ ਮੇਲਾ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਐੱਸਐੱਸਪੀ ਗਗਨਅਜੀਤ ਸਿੰਘ, ਦੁਬਈ ਦੇ ਸ਼ੇਖ ਡਾ. ਅਬੂ ਅਬਦੁੱਲਾ ਤੇ ਸ਼ੇਖ ਓਮਰ ਅਲ ਮਰਜ਼ੂਕੀ ਨੇ ਕੀਤਾ। ਸਮਾਗਮ ਵਿੱਚ ਡੀਆਈਜੀ ਮਨਦੀਪ ਸਿੰਘ ਸਿੱਧੂ, ਜੱਜ ਮਹਿੰਦਰ ਪਾਲ ਸਿੰਘ ਲਿਬੜਾ, ਜੱਜ ਗੁਰਇਕਬਾਲ ਸਿੰਘ, ਜਨਨਾਇਕ ਜਨਤਾ ਪਾਰਟੀ ਹਰਿਆਣਾ ਦੇ ਦਿਗਵਿਜੇ ਸਿੰਘ ਚੌਟਾਲਾ, ਡੀਐੱਸਪੀ ਸੁਰਿੰਦਰ ਸਿੰਘ ਸੀਐੱਮ ਸਕਿਉਰਿਟੀ, ਐੱਮਡੀ ਸਵਰਨਜੀਤ ਸਿੰਘ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਆਦਿ ਵਿਸੇਸ਼ ਤੌਰ ’ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਗਿਆਨ ਦਾਸ ਦੇ ਇੱਕ ਧਾਰਮਿਕ ਗੀਤ ਨਾਲ ਕੀਤੀ ਗਈ। ਇਸ ਉਪਰੰਤ ਗਾਇਕ ਸੁਰਜੀਤ ਖਾਨ ਨੇ ਆਪਣੀ ਬੁਲੰਦ ਆਵਾਜ਼ ਵਿਚ ਗੀਤ ਗਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਇਸ ਉਪਰੰਤ ਦਿਲਪ੍ਰੀਤ ਢਿੱਲੋਂ, ਜੈਲੀ, ਗੈਬੀ ਚਹਿਲ, ਅਲਾਪ ਸਿੰਕਦਰ, ਸਾਰਗ ਸਕੰਦਰ, ਭਾਪਕਾ ਖੰਨਾ, ਜਾਰਾ ਖ਼ਾਨ, ਲੱਕੀ ਘੁੰਮਣ, ਡਾਲਰ ਧੂਰੀ, ਜਫ਼ਰ ਆਦਿ ਗਾਇਕੀ ਦੇ ਜੌਹਰ ਵਿਖਾਉਂਦਿਆਂ ਸਰੋਤਿਆ ਨੂੰ ਦੇਰ ਰਾਤ ਤੱਕ ਕੀਲੀ ਰੱਖਿਆ। ਫ਼ਿਲਮੀ ਕਲਾਕਾਰ ਰਾਜਪਾਲ ਯਾਦਵ ਤੇ ਥੂਤੇ ਦੇ ਕਮੇਡੀ ਟੋਟਕਿਆਂ ਨੇ ਢਿੱਡੀ ਪੀੜਾਂ ਪਾ ਦਿੱਤੀਆਂ। ਫ਼ਿਲਮੀ ਕਲਾਕਾਰ ਹੌਬੀ ਧਾਲੀਵਾਲ ਨੇ ਜਿੱਥੇ ਗੀਤ ਗਾ ਕੇ ਵਾਹਵਾ ਖੱਟੀ, ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਲਾਕਾਰਾ ਨੂੰ ਉਨ੍ਹਾਂ ਦੇ ਇਲਾਕੇ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ।