ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ: ਧਨੇਰ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਅਕਤੂਬਰ
ਨੇੜਲੇ ਪਿੰਡ ਅਖਾੜਾ ਦੇ ਗੈਸ ਫੈਕਟਰੀ ਸੰਘਰਸ਼ ਮੋਰਚੇ ’ਚ ਅੱਜ ਵੱਡਾ ਇਕੱਠ ਕਰਕੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਬਰਸੀ ਮਨਾਈ ਗਈ। ਇਸ ਮੌਕੇ ਹਰੀਆਂ ਪੱਗਾਂ ਤੇ ਚੁੰਨੀਆਂ ਦਾ ਹੜ੍ਹ ਦੇਖਣ ਨੂੰ ਮਿਲਿਆ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਅੱਜ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਗੈਸ ਫੈਕਟਰੀ ਵਿਰੋਧੀ ਮੋਰਚੇ ਦੀ ਹਮਾਇਤ ਕੀਤੀ ਅਤੇ ਨਵੀਂ ਸਿੱਖਿਆ ਨੀਤੀ ਬਾਰੇ ਸਰਕਾਰ ਦੀ ਆਲੋਚਨਾ ਕੀਤੀ।
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਪੁਲੀਸ ਪ੍ਰਸ਼ਾਸਨ ਵੱਲੋਂ ਜਬਰੀ ਇਹ ਧਰਨਾ ਚੁਕਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜਿਸ ਮਗਰੋਂ ਅੱਜ ਬਰਸੀ ਸਮਾਗਮ ਦੇ ਇਕੱਠ ਵਿੱਚ ਹੋਰ ਜ਼ਿਆਦਾ ਗਿਣਦੀ ਵਿੱਚ ਧਰਨਾਕਾਰੀਆਂ ਨੇ ਸ਼ਮੂਲੀਅਤ ਕੀਤੀ ਹੈ। ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕੇਂਦਰ ਸਰਕਾਰ ਵੱਲੋਂ ਲਖੀਮਪੁਰ ਖੀਰੀ ’ਚ ਅੱਜ ਦੇ ਦਿਨ 2021 ’ਚ ਸ਼ਹੀਦ ਹੋਏ ਚਾਰ ਕਿਸਾਨਾਂ ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਨੱਛਤਰ ਸਿੰਘ ਅਤੇ ਪੱਤਰਕਾਰ ਸ਼ਹੀਦ ਰਮਨ ਕਸ਼ਯਪ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ ਮਿਸ਼ਰਾ ਨੇ ਕਿਸਾਨਾਂ ’ਤੇ ਥਾਰ ਗੱਡੀ ਚਾੜ੍ਹ ਕੇ ਉਨ੍ਹਾਂ ਦੀ ਜਾਨ ਲਈ ਸੀ ਜਿਸ ਮਗਰੋਂ ਦਿੱਲੀ ਦੇ ਇਤਿਹਾਸਕ ਅੰਦੋਲਨ ਸਮੇਂ ਤਕੜਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ਸਬੰਧ ਵਿੱਚ ਹਾਲੇ ਤੱਕ ਅਦਾਲਤ ਨੇ ਮੁਲਜ਼ਮ ਤੇ ਉਸ ਦੇ ਸਾਥੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ। ਉਨ੍ਹਾਂ ਨਵੀਂ ਖੇਤੀ ਨੀਤੀ ’ਤੇ ਬਹਿਸ ਵਿਚਾਰ ਲਈ ਸਰਕਾਰ ਤੋਂ ਮੀਟਿੰਗ ਸੱਦਣ ਦੀ ਵੀ ਮੰਗ ਕੀਤੀ। ਜਨਰਲ ਸੱਕਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਸਰਕਾਰ ਅਤੇ ਅਦਾਲਤਾਂ ਦੇ ਉਲਟ ਫ਼ੈਸਲਿਆ ਦੇ ਬਾਵਜੂਦ ਇਹ ਗੈਸ ਫੈਕਟਰੀਆਂ ਕਿਸੇ ਵੀ ਹਾਲਤ ’ਚ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ 13 ਅਕਤੂਬਰ ਨੂੰ ਕਿਸਾਨ ਲਹਿਰ ਦੇ ਸ਼ਹੀਦ ਪਿਰਥੀ ਸਿੰਘ ਚੱਕ ਅਲੀਸ਼ੇਰ ਦੀ ਬਰਸੀ ’ਤੇ ਸੂਬਾ ਪੱਧਰੀ ਇੱਕਤਰਤਾ ਕੀਤੀ ਜਾ ਰਹੀ ਹੈ। ਮਾਨਸਾ ਦੇ ਕੁਲਰੀਆਂ ਪਿੰਡ ਦੀ ਆਬਾਦਕਾਰ ਕਿਸਾਨਾਂ ਦੀ ਜ਼ਮੀਨ ਦਾ ਹੱਕ ਬਹਾਲ ਕਰਾਉਣ ਲਈ ਅਤੇ ਕਿਸਾਨਾਂ ’ਤੇ ਕਾਤਲਾਨਾ ਹਮਲਾ ਕਰਨ ਦੇ ਮੁਲਜ਼ਮ ਰਾਜਬੀਰ ਸਰਪੰਚ ਦਰਜ ਪਰਚੇ ’ਚ ਗ੍ਰਿਫ਼ਤਾਰ ਕਰਵਾਉਣ ਲਈ ਵੱਡਾ ਅੰਦੋਲਨ ਖੜ੍ਹਾ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸੁਖਚੈਨ ਸਿੰਘ ਰਾਮਾ, ਰਣਧੀਰ ਸਿੰਘ ਭੱਟੀਵਾਲ, ਜਸਕਰਨ ਸਿੰਘ ਮੋਰਾਂਵਾਲੀ, ਗੁਰਨਾਮ ਸਿੰਘ ਬਠਿੰਡਾ, ਕੰਵਲਜੀਤ ਖੰਨਾ, ਇੰਦਰਜੀਤ ਸਿੰਘ ਧਾਲੀਵਾਲ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ। ਗੁਰਤੇਜ ਸਿੰਘ ਅਖਾੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ।