For the best experience, open
https://m.punjabitribuneonline.com
on your mobile browser.
Advertisement

ਪੱਛਮ ਦੀ ਬਿਹਤਰੀ ਦਾ ਕੱਚ-ਸੱਚ

08:00 AM Jun 23, 2024 IST
ਪੱਛਮ ਦੀ ਬਿਹਤਰੀ ਦਾ ਕੱਚ ਸੱਚ
Advertisement

ਸੁਰਿੰਦਰ ਸਿੰਘ ਤੇਜ

Advertisement

ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ‘ਪੱਛਮ’, ‘ਪੱਛਮੀ ਕਦਰਾਂ’, ‘ਪੱਛਮੀ ਹਿੱਤਾਂ’ ਦੀ ਗੱਲ ਨਾ ਹੁੰਦੀ ਹੋਵੇ। ਪੱਛਮ ਨੂੰ ਬਾਕੀ ਦੀ ਦੁਨੀਆ ਇਕ ਪਾਸੇ ਤਾਂ ਆਧੁਨਿਕਤਾ ਦਾ ਸੋਮਾ ਮੰਨਦੀ ਆਈ ਹੈ ਅਤੇ ਦੂਜੇ ਪਾਸੇ ਪੁਆੜਿਆਂ ਦੀ ਜੜ੍ਹ ਵੀ ਦੱਸਦੀ ਹੈ। ‘ਪੱਛਮ’ ਦਾ ਸਾਡਾ ਸੰਕਲਪ ਬੁਨਿਆਦੀ ਤੌਰ ’ਤੇ ਗੋਰੀ-ਚਿੱਟੀ ਚਮੜੀ ਵਾਲਿਆਂ ਨਾਲ ਜੁੜਿਆ ਹੋਇਆ ਹੈ, ਚਾਹੇ ਉਹ ਯੂਰੋਪ ਵਿਚ ਵਸੇ ਹੋਣ, ਚਾਹੇ ਅਮਰੀਕਾ-ਕੈਨੇਡਾ ਵਿਚ ਅਤੇ ਚਾਹੇ ਆਸਟਰੇਲੀਆ-ਨਿਊਜ਼ੀਲੈਂਡ ਵਿਚ। ਤੋਪਾਂ ਤੇ ਬੰਦੂਕਾਂ ਦੀ ਈਜਾਦ ਦੇ ਨਾਲ ਪੱਛਮ ਤਾਕਤ ਤਾਂ 15ਵੀਂ ਸਦੀ ਦੇ ਅੰਤ ਜਾਂ 16ਵੀਂ ਸਦੀ ਦੀ ਸ਼ੁਰੂਆਤ ਵੇਲੇ ਫੜਨ ਲੱਗ ਪਿਆ ਸੀ ਪਰ ਇਸਦਾ ਮੌਜੂਦਾ ਅਕਸ ਤੇ ਸ਼ਨਾਖ਼ਤ ਰੇਲਵੇ ਤੇ ਟੈਲੀਗ੍ਰਾਫ ਦੀ ਖੋਜ ਵਾਂਗ 19ਵੀਂ ਸਦੀ ਦੇ ਮੁੱਢ ਵਿਚ ਵਿਕਸਤ ਹੋਣੇ ਸ਼ੁਰੂ ਹੋਏ। ਪਿਛਲੀਆਂ ਦੋ ਸਦੀਆਂ ਦੌਰਾਨ ਇਸ ਨੂੰ ਅਖੰਡ ਜਾਂ ਏਕੀਕ੍ਰਿਤ ਸਭਿਅਤਾ ਵਾਲਾ ਜਾਮਾ ਇਸ ਨੇ ਖ਼ੁਦ ਨਹੀਂ ਪਹਿਨਾਇਆ, ਬਾਕੀ ਦੁਨੀਆ ਨੇ ਪਹਿਨਾਇਆ ਇਸ ਦੀ ਅਧੀਨਗੀ ਕਬੂਲ ਕਰ ਕੇ। ਪੱਛਮ ਨੇ ਤਾਂ ਇਸ ਸਰਦਾਰੀ ਨੂੰ ਚਿਰ-ਸਥਾਈ ਬਣਾਉਣ ਦੇ ਬਿਰਤਾਂਤ ਹੀ ਸਿਰਜੇ। ਉਸ ਨੇ ਆਪਣੀ ਸਰਦਾਰੀ ਤੇ ਬਿਹਤਰੀ ਦੀਆਂ ਜੜ੍ਹਾਂ ਪ੍ਰਾਚੀਨ ਯੂਨਾਨੀ ਤੇ ਰੋਮਨ ਸਭਿਅਤਾਵਾਂ ਵਿਚੋਂ ਲੱਭੀਆਂ, ਉਨ੍ਹਾਂ ਨੂੰ ਉਦਾਰ-ਚਿੱਤ ਰਾਜ-ਪ੍ਰਬੰਧ ਵਜੋਂ ਸੰਵਾਰ-ਸ਼ਿੰਗਾਰ ਕੇ ਪੇਸ਼ ਕੀਤਾ ਅਤੇ ਫਿਰ ਇਹ ਕਥਾਨਕ ਸਿਰਜਿਆ ਕਿ ਜੇਕਰ ਪੱਛਮ ਨਾ ਹੁੰਦਾ ਤਾਂ ਏਸ਼ੀਆ, ਅਫ਼ਰੀਕਾ ਤੇ ਦੋਵੇਂ ਅਮਰੀਕੀ ਮਹਾਂਦੀਪ ਜਾਹਿਲਾਂ ਤੇ ਜਾਂਗਲੀਆਂ ਦਾ ਜਹਾਨ ਬਣੇ ਰਹਿਣੇ ਸਨ। ਹੁਣ ਵੀ ਦੁਨੀਆ ਭਰ ਵਿਚ ਇਹ ਪ੍ਰਭਾਵ ਆਮ ਹੀ ਹੈ ਕਿ ਵਿਗਿਆਨ, ਟੈਕਨਾਲੋਜੀ, ਫਲਸਫ਼ਾ, ਜਮਹੂਰੀਅਤ, ਪੂੰਜੀਵਾਦ ਤੇ ਸਮਾਨਤਾਵਾਦ, ਅਤਿਆਧੁਨਿਕ ਇਲਾਜ ਪ੍ਰਣਾਲੀਆਂ, ਆਧੁਨਿਕ ਕਲਾਵਾਂ ਤੇ ਸੁਹਜਵਾਦੀ ਸਾਹਿਤ ਵਰਗੀਆਂ ਸਾਰੀਆਂ ਵਿਧਾਵਾਂ ਪੱਛਮ ਦੀ ਹੀ ਦੇਣ ਹਨ। ਪੱਛਮ ਦੀ ਇਕਜੁੱਟ ਤਹਿਜ਼ੀਬੀ ਸ਼ਨਾਖ਼ਤ ਤੇ ਇਸ ਵਿਚੋਂ ਉਪਜੀ ਵਿਦਵਤਾ ਰਾਹੀਂ ਸਿੱਧੇ ਤੇ ਅਸਿੱਧੇ ਤੌਰ ਉੱਤੇ ਇਹੋ ਪ੍ਰਭਾਵ ਰਚਿਆ ਗਿਆ ਕਿ ਗੋਰੀ ਨਸਲ ਬੌਧਿਕ, ਮਨੋਵਿਗਿਆਨਕ ਤੇ ਸਭਿਆਚਾਰਕ ਪੱਖਾਂ ਤੋਂ ਬਾਕੀ ਸਾਰੀਆਂ ਨਸਲਾਂ ਤੋਂ ਬਿਹਤਰ ਹੈ ਅਤੇ ਇਸੇ ਸ੍ਰੇਸ਼ਠਤਾ ਦੀ ਬਦੌਲਤ ਇਹ ਬਾਕੀ ਨਸਲਾਂ ਉੱਤੇ ਰਾਜ ਕਰਨ ਦੀ ਵੀ ਹੱਕਦਾਰ ਹੈ। ਇਸੇ ਕਥਾਨਕ ਨੇ ਹੀ ਇਸਾਈ ਧਰਮ ਨੂੰ ਬਾਕੀ ਸਾਰੇ ਧਰਮਾਂ ਨਾਲੋਂ ਵੱਧ ਉਦਾਰ, ਵੱਧ ਰੌਸ਼ਨ-ਖਿਆਲ ਤੇ ਵੱਧ ਇਨਸਾਨਮੁਖੀ ਹੋਣ ਦਾ ਭਰਮ ਸਿਰਜਿਆ। ਇਹ ਭਰਮ ਹੁਣ ਵੀ ਬਰਕਰਾਰ ਹੈ।
ਇਨ੍ਹਾਂ ਸਾਰੇ ਸਿਧਾਤਾਂ, ਸੰਕਲਪਾਂ, ਦਾਅਵਿਆਂ ਤੇ ਭਰਮ-ਭੁਲੇਖਿਆਂ ਨੂੰ ਤਵਾਰੀਖ਼ੀ ਸੱਚਾਂ ਦਾ ਆਈਨਾ ਦਿਖਾਉਂਦੀ ਹੈ ਡਾ. ਜੋਜ਼ੇਫਾਈਨ ਕੁਇੰਨ ਦੀ ਕਿਤਾਬ ‘ਹਾਊ ਦਿ ਵਲ਼ਡ ਮੇਡ ਦਿ ਵੈਸਟ’ (ਦੁਨੀਆ ਨੇ ‘ਪੱਛਮ’ ਕਿਵੇਂ ਘੜਿਆ; ਬਲੂਮਜ਼ਬਰੀ; 504 ਪੰਨੇ; 699 ਰੁਪਏ)। ਇਹ ਕਿਤਾਬ ਇਨਸਾਨੀ ਵਿਕਾਸ ਦੇ ਪਿਛਲੇ ਚਾਰ ਹਜ਼ਾਰ ਵਰ੍ਹਿਆਂ ਦੇ ਇਤਿਹਾਸ ਨੂੰ ਕੁੰਜੀਬੰਦ ਕਰ ਕੇ ਇਹ ਦੱਸਦੀ ਹੈ ਕਿ ਗੋਰੀ ਨਸਲ, ਬਾਕੀ ਨਸਲਾਂ ਨਾਲੋਂ ਉੱਤਮ ਕਿਸੇ ਵੀ ਤਰ੍ਹਾਂ ਨਹੀਂ ਬਲਕਿ ਇਸ ਦੀ ਸਰਦਾਰੀ ਜਾਇਜ਼ ਸਿੱਧ ਕਰਨ ਲਈ ਪੱਛਮ ਇਤਿਹਾਸਕ ਤੱਤਾਂ ਤੇ ਤੱਥਾਂ ਨੂੰ ਲਗਾਤਾਰ ਛੁਪਾਉਂਦਾ ਤੇ ਝੁਠਲਾਉਂਦਾ ਆ ਰਿਹਾ ਹੈ। ਇਹ ਅਮਲ ਹੁਣ ਵੀ ਕਿਉਂ ਜਾਰੀ ਹੈ ਅਤੇ ਕਿਉਂ ਇਸ ਨੂੰ ‘ਸਭਿਅਤਾਵਾਂ ਦੀ ਜੰਗ’ ਵਰਗੇ ਲੇਬਲਾਂ ਰਾਹੀਂ ਜ਼ਿੰਦਾ ਰੱਖਿਆ ਹੈ, ਇਸ ਦੇ ਦ੍ਰਿਸ਼ਟਾਂਤ ਵੀ ਕਿਤਾਬ ਵਿੱਚ ਮੌਜੂਦ ਹਨ। ਕਿਤਾਬ ਸੈਮੂਅਲ ਹੰਟਿੰਗਟਨ ਦੀ ਲੱਖਾਂ ਦੀ ਤਾਦਾਦ ਵਿੱਚ ਵਿਕੀ ਕਿਤਾਬ ‘ਦਿ ਕਲੈਸ਼ ਆਫ ਸਿਵਿਲਾਈਜੇਸ਼ਨਜ਼’ (1996) ਅੰਦਰਲੇ ਵਿਚਾਰਾਂ ਤੇ ਉਦਾਹਰਣਾਂ ਦੀ ਚੀਰ-ਫਾੜ ਕਰ ਕੇ ਸਾਨੂੰ ਦੱਸਦੀ ਹੈ ਕਿ ਹੰਟਿੰਗਟਨ ਵਰਗੇ ਦਾਨਿਸ਼ਵਰ ਵੀ ਕਿਉਂ ਲਗਾਤਾਰ ਇਹ ਝੂਠ ਵੇਚਦੇ ਆ ਰਹੇ ਹਨ ਕਿ ਭਵਿੱਖ ਦੀਆਂ ਜੰਗਾਂ ਮੁਲਕਾਂ ਦਰਮਿਆਨ ਨਹੀਂ, ‘ਪੱਛਮੀ’, ‘ਇਸਲਾਮੀ’, ‘ਅਫਰੀਕਨ’ ਤੇ ‘ਚੀਨੀ’ ਸਭਿਅਤਾਵਾਂ ਦਰਮਿਆਨ ਹੋਣਗੀਆਂ।
ਆਕਸਫੋਰਡ ਯੂਨੀਵਰਸਿਟੀ ਵਿਚ ਇਤਿਹਾਸ ਤੇ ਪੁਰਾਤੱਤਵ ਵਿਗਿਆਨ ਦੀ ਪ੍ਰੋਫੈਸਰ ਡਾ. ਕੁਇੰਨ ਲਿਖਦੀ ਹੈ ਕਿ ਪੱਛਮ ਦੀ ਬੌਧਿਕ, ਆਰਥਿਕ ਤੇ ਤਕਨੀਕੀ ਪੱਖੋਂ ਅੱਜ ਜੋ ਹਸਤੀ ਹੈ, ਉਸ ਵਿੱਚ ਪੂਰਬ ਦੇ ਗਿਆਨ ਦਾ ਮਹੱਤਵਪੂਰਨ ਯੋਗਦਾਨ ਹੈ। ਉਹ ਤੱਤਾਂ ਤੇ ਤੱਥਾਂ ਦੇ ਹਵਾਲਿਆਂ ਨਾਲ ਦੱਸਦੀ ਹੈ ਕਿ ਜਿਨ੍ਹਾਂ ਯੂਨਾਨੀ ਤੇ ਰੋਮਨ ਸਭਿਅਤਾਵਾਂ ਨੂੰ ਪੱਛਮ ਆਪਣੀ ਮੌਜੂਦਾ ਤਹਿਜ਼ੀਬ ਦੀ ਬੁਨਿਆਦ ਮੰਨਦਾ ਹੈ, ਉਨ੍ਹਾਂ ਸਭਿਅਤਾਵਾਂ ਦੀਆਂ ਜੜ੍ਹਾਂ ਪੱਛਮੀ ਏਸ਼ੀਆ, ਇਰਾਨ, ਭਾਰਤ ਤੇ ਚੀਨ ਦੀਆਂ ਤਹਿਜ਼ੀਬਾਂ ਵਿਚ ਹਨ। ਦਰਅਸਲ, ਇਨਸਾਨੀ ਪ੍ਰਗਤੀ ਦਾ ਇਤਿਹਾਸ ਜੇਕਰ ਇਮਾਨਦਾਰੀ ਨਾਲ ਵਾਚਿਆ ਜਾਵੇ ਤਾਂ ਹੁਣ ਵੀ ਦੁਨੀਆ ਵਿਚ ਜੋ ਕੁਝ ਮੌਜੂਦ ਹੈ, ਉਸ ਦਾ ਬਹੁਤਾ ਹਿੱਸਾ ਯੂਰੋਪ ਵਿੱਚ ਨਹੀਂ, ਪੂਰਬ ਵਿਚ ਉਪਜਿਆ। ਚਾਰ ਹਜ਼ਾਰ ਵਰ੍ਹੇ ਪਹਿਲਾਂ ਏਸ਼ੀਆ ਖੇਤੀ, ਇਮਾਰਤਸਾਜ਼ੀ, ਆਵਾਜਾਈ, ਸ਼ਹਿਰੀ ਵਿਕਾਸ, ਸਿਹਤ-ਸੰਭਾਲ ਤੇ ਰਾਜਸੀ ਪ੍ਰਬੰਧ ਵਰਗੇ ਖੇਤਰਾਂ ਵਿੱਚ ਜੋ ਵਿਕਾਸ ਕਰ ਚੁੱਕਾ ਸੀ, ਉਸ ਦੇ ਮੁਕਾਬਲੇ ਯੂਰੋਪ ਤਾਂ ਅਜੇ ਹਨੇਰਾ-ਜਗਤ ਸੀ। ਕਿਤਾਬ ਇਸ ਹਕੀਕਤ ਦੀ ਤਰਜਮਾਨੀ ਕਰਦੀ ਹੈ ਕਿ ‘ਮਾਨਸੁ ਕੀ ਜਾਤ’ ਅਫਰੀਕਾ ਵਿਚ ਉਪਜੀ ਪਰ ਇਸ ਦਾ ਆਧੁਨਿਕ ਸਰੂਪ ਏਸ਼ੀਆ ਵਿੱਚ ਵਿਕਸਤ ਹੋਇਆ। ਇਸ ਜ਼ਾਤ ਨੇ ਏਸ਼ੀਆ ਤੋਂ ਹੀ ਯੂਰੋਪ ਵੱਲ ਪੈਰ ਵਧਾਏ ਅਤੇ ਨਾਲ ਹੀ ਮੰਗੋਲੀਆ ਤੋਂ ਸਾਇਬੇਰੀਆ ਵਰਗੇ ਘੋਰ ਬਰਫ਼ਾਨੀ ਰਸਤੇ ਰਾਹੀਂ ਅਲਾਸਕਾ ਪੁੱਜ ਕੇ ਅਮਰੀਕੀ ਮਹਾਂਦੀਪਾਂ ਵਿਚ ਇਨਸਾਨੀ ਪਰਵਾਸ ਤੇ ਵਜੂਦ ਸੰਭਵ ਬਣਾਇਆ। ਯੂਰੋਪ, ਅਫਰੀਕਾ ਤੇ ਏਸ਼ੀਆ ਨੂੰ ‘ਜਾਂਗਲੀਪੁਣੇ’ ਤੋਂ ਮੁਕਤ ਕਰਵਾ ਕੇ ਵਿਗਿਆਨਕ ਵਿਚਾਰਵਾਨਤਾ ਦੀ ਲੀਹ ’ਤੇ ਲਿਆਉੁਣ ਦਾ ਸਿਹਰਾ ਹਮੇਸ਼ਾ ਆਪਣੇ ਸਿਰ ਸਜਾਉਂਦਾ ਆਇਆ ਹੈ। ਉਹ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਬਣਾਉਣ ਜਾਂ ਸਮੁੱਚੇ ਦੱਖਣ ਅਮਰੀਕੀ ਮਹਾਂਦੀਪ ਨੂੰ ਯੂਰੋਪੀਅਨ ਰੰਗਤ ਵਿਚ ਰੰਗਣ ਦਾ ਥਾਪੜਾ ਵੀ ਖ਼ੁਦ ਨੂੰ ਦਿੰਦਾ ਆਇਆ ਹੈ। ਪਰ ਕੀ ਉਹ ਅਮਰੀਕੀ ਮਹਾਂਦੀਪਾਂ ਵਿਚ ਪੰਜ ਹਜ਼ਾਰ ਸਾਲਾਂ ਤਕ ਚੱਲੇ ਏਸ਼ਿਆਈ ਪਰਵਾਸ ਦੇ ਨਾਮੋ-ਨਿਸ਼ਾਨ ਮਿਟਾਉਣ ਦਾ ਦੋਸ਼ ਵੀ ਕਬੂਲਦਾ ਹੈ? ਸਾਨੂੰ ਇਹੋ ਪੜ੍ਹਨ ਨੂੰ ਮਿਲਦਾ ਹੈ ਕਿ ਅਮਰੀਕਾ, ਕ੍ਰਿਸਟੋਫਰ ਕੋਲੰਬਸ ਨੇ ਖੋਜਿਆ। ਇਹ ਨਹੀਂ ਦੱਸਿਆ ਜਾਂਦਾ ਕਿ ਮੰਗੋਲੀਆ ਦੇ ਵਸਨੀਕਾਂ ਨੇ ਅਮਰੀਕਾ ਸੱਤ-ਅੱਠ ਹਜ਼ਾਰ ਵਰ੍ਹੇ ਪਹਿਲਾਂ ਹੀ ਖੋਜ ਲਿਆ ਸੀ।
ਨਵੇਂ ਵਿਚਾਰਾਂ ਤੇ ਨਵੇਂ ਸਬੂਤਾਂ ਕਾਰਨ ਬੜੀ ਦਿਲਚਸਪ ਹੈ ਡਾ. ਕੁਇੰਨ ਦੀ ਕਿਤਾਬ। ਇਸ ਅੰਦਰਲੇ ਕੁਝ ਅਹਿਮ ਤੱਤ-ਤੱਥ ਇਸ ਤਰ੍ਹਾਂ ਹਨ:
* ਮੱਧ ਸਾਗਰ ਰਾਹੀਂ ਵਪਾਰ ਰੋਮਨ ਸਾਮਰਾਜ (763 ਈਸਾ ਪੂਰਵ ਤੋਂ 476 ਈਸਵੀ ਤਕ) ਦੌਰਾਨ ਨਹੀਂ ਸੀ ਸ਼ੁਰੂ ਹੋਇਆ ਬਲਕਿ ਅੱਜ ਤੋਂ ਚਾਰ ਹਜ਼ਾਰ ਵਰ੍ਹੇ ਪਹਿਲਾਂ ਵੀ ਇਹ ਚੱਲਦਾ ਆ ਰਿਹਾ ਸੀ। ਦੱਖਣੀ ਭਾਰਤ ਤੋਂ ਕਾਂਸੀ ਜ਼ਮੀਨੀ ਜਾਂ ਅਰਬ ਸਾਗਰ ਦੇ ਰਸਤੇ ਪੱਛਮੀ ਏਸ਼ੀਆ ਵਿਚ ਪੁੱਜਦੀ ਸੀ। ਉੱਥੋਂ ਮੱਧ ਸਾਗਰ ਰਾਹੀਂ ਵੇਲਜ਼ ਅਤੇ ਉੱਥੋਂ ਅੱਗੇ ਸਕੈਂਡੇਨੇਵੀਆ ਤਕ ਪਹੁੰਚਦੀ ਸੀ। ਇਸ ਵਪਾਰ ਦੇ ਸਬੂਤ ਵੇਲਜ਼ ਵਿਚ ਵੀ ਮੌਜੂਦ ਹਨ ਅਤੇ ਸਵੀਡਨ ਵਿਚ ਵੀ।
* ਆਇਰਲੈਂਡ ਵਿਚ ਬਣੀਆਂ ਦੇਗਾਂ ਪੁਰਤਗਾਲ ਵਿਚ ਮਕਬੂਲ ਸਨ। ਇਨ੍ਹਾਂ ਦੇਗਾਂ ਲਈ ਕਾਂਸੀ ਤੇ ਹੋਰ ਧਾਤਾਂ ਭਾਰਤ, ਇਰਾਨ ਤੇ ਕਜ਼ਾਖ਼ਸਤਾਨ ਤੋਂ ਬਰਾਮਦ ਕੀਤੀਆਂ ਜਾਂਦੀਆਂ ਸਨ। ਆਇਰਲੈਂਡ ਸਮੁੰਦਰ ’ਚ ਘਿਰਿਆ ਹੋਇਆ ਹੈ। ਜ਼ਾਹਿਰ ਹੈ ਕਿ ਉਦੋਂ ਵੀ ਕਾਰੋਬਾਰ ਸਮੁੰਦਰ ਰਾਹੀਂ ਹੁੰਦਾ ਹੋਵੇਗਾ।
* ਪੱਛਮ ਅੰਦਰਲਾ ਵਿਕਾਸ ਬਾਹਰੀ ਪ੍ਰਭਾਵਾਂ ਤੋਂ ਮੁਕਤ ਨਹੀਂ ਸੀ। ਯੂਰੋਪ ਤੋਂ ਏਸ਼ੀਆ ਵੱਲ ਪਰਵਾਸ, ਕਾਰੋਬਾਰੀ ਗਤੀਸ਼ੀਲਤਾ ਅਤੇ ਖ਼ੂਨ ਦੇ ਮਿਸ਼ਰਣ ਤੋਂ ਬਚਣਾ ਭੂਗੋਲਿਕ ਸਥਿਤੀਆਂ ਤੇ ਕਾਰਨਾਂ ਕਰਕੇ ਅਸੰਭਵ ਸੀ। ਸਿੰਜਾਈ ਦੇ ਸਿਧਾਂਤ ਤੇ ਤੌਰ-ਤਰੀਕੇ 4100 ਤੋਂ 3900 ਸਾਲ ਪਹਿਲਾਂ ਤਕ ਦੀ ਅਸੀਰੀਅਨ ਸਭਿਅਤਾ ਦੀ ਦੇਣ ਸਨ। ਇਹ ਸਭਿਅਤਾ ਹੁਣ ਵਾਲੇ ਇਰਾਨ ਤੋਂ ਪੂਰਬੀ ਮਿਸਰ ਤਕ ਫੈਲੀ ਹੋਈ ਸੀ। ਇੰਜ ਹੀ, ਬੁੱਤ-ਤਰਾਸ਼ੀ ਅਤੇ ਪੱਥਰ ਉੱਤੇ ਨੱਕਾਸ਼ੀ ਮਿਸਰ ਤੋਂ ਯੂਰੋਪ ਪਹੁੰਚੀ। ਅੱਖਰਕਾਰੀ ਤੇ ਲਿੱਪੀ ਦਾ ਵਿਕਾਸ ਲੇਵੰਤ ਖ਼ਿੱਤੇ (ਅਜੋਕਾ ਸੀਰੀਆ ਤੇ ਪੱਛਮੀ ਇਰਾਕ) ਵਿਚ ਸਭ ਤੋਂ ਪਹਿਲਾਂ ਹੋਇਆ। ਕਾਨੂੰਨੀ ਜ਼ਾਬਤਾਵਾਂ ਤੇ ਸਾਹਿਤ ਮੈਸੋਪੋਟੇਮੀਆ ਵਿਚ ਪੈਦਾ ਹੋਏ ਅਤੇ ਲੋਕਤੰਤਰ ਦਾ ਸੰਕਲਪ ਭਾਰਤ ਤੋਂ ਯੂਨਾਨ ਪੁੱਜਾ ਨਾ ਕਿ ਯੂਨਾਨ ਤੋਂ ਭਾਰਤ ’ਚ। ਡਾ. ਕੁਇੰਨ ਅਨੁਸਾਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਹਾਕਮਾਂ ਦੀ ਚੋਣ, ਨਾਗਰਿਕ ਸਭਾ ਵੱਲੋਂ ਹੱਥ ਖੜ੍ਹੇ ਕਰ ਕੇ ਕੀਤੀ ਜਾਣ ਦੀ ਪ੍ਰਥਾ ਏਥਨਜ਼ (ਯੂਨਾਨ) ਜਾਂ ਰੋਮ ਵਿਚ ਲਾਟਰੀ ਰਾਹੀਂ ਚੋਣ ਦੀ ਵਿਧੀ ਤੋਂ ਕਿਤੇ ਬਿਹਤਰ ਸੀ।
* ਕਿਤਾਬ ਦਾ ਇਕ ਪੂਰਾ ਅਧਿਆਇ ਮੈਸੋਪੋਟੇਮੀਆ (ਅਜੋਕੇ ਇਰਾਕ ਤੇ ਆਸਪਾਸ ਦੇ ਇਲਾਕੇ) ਬਾਰੇ ਹੈ। ਇਹ ਦੱਸਦਾ ਹੈ ਕਿ ਸਿਕੰਦਰ ਦੇ ਇਰਾਨ ਤੇ ਭਾਰਤ ਉੱਤੇ ਹਮਲੇ ਤੋਂ ਹਜ਼ਾਰ ਸਾਲ ਪਹਿਲਾਂ ਮੈਸੋਪੋਟੇਮੀਆ ਦੇ ਊਰ ਹੁਕਮਰਾਨਾਂ ਨੇ ਸਨਅਤਬਾਜ਼ੀ, ਕਾਰੋਬਾਰ ਵਿਚ ਪੂੰਜੀਕਾਰੀ, ਕਾਨੂੰਨੀ ਵਿਵਸਥਾਵਾਂ, ਵਿਗਿਆਨ ਤੇ ਸਾਹਿਤ ਵਰਗੀਆਂ ਵਿਧਾਵਾਂ ਨਾ ਸਿਰਫ਼ ਵਿਕਸਤ ਕਰ ਲਈਆਂ ਸਨ ਬਲਕਿ ਲਗਤਾਰ ਅਜ਼ਮਾਇਸ਼ ਰਾਹੀਂ ਇਨ੍ਹਾਂ ਅੰਦਰਲੀਆਂ ਕਮੀਆਂ ਦੂਰ ਕਰਨ ਦੀ ਪ੍ਰਥਾ ਵੀ ਕਾਇਮ ਕਰ ਦਿੱਤੀ ਸੀ। ਏਸ਼ੀਆ ਅੰਦਰਲੀ ਅਜਿਹੀ ਖੁਸ਼ਹਾਲੀ ਤੇ ਅਮਨਪਸੰਦੀ ਕਾਰਨ ਹੀ ਸਿਕੰਦਰ ਇਸ ਮਹਾਂਦੀਪ ’ਤੇ ਚੜ੍ਹਾਈ ਕਰਨ ਆਇਆ, ਯੂਰੋਪ ਜਿੱਤਣ ਵੱਲ ਨਹੀਂ ਗਿਆ।
* ਕਿਤਾਬ ਮੁਤਾਬਿਕ ਪੱਛਮੀ ਏਸ਼ੀਆ (ਜਿਸ ਨੂੰ ਪੱਛਮ ਹੁਣ ਵੀ ਜਾਹਿਲਾਂ ਤੇ ਜਾਬਰਾਂ ਦੀ ਧਰਤੀ ਮੰਨਦਾ ਹੈ) ਆਪਣੀ ਪ੍ਰਗਤੀ ਵਾਸਤੇ ਇਰਾਨ, ਭਾਰਤ ਤੇ ਚੀਨ ਉੱਪਰ ਵੱਡੀ ਹੱਦ ਤਕ ਨਿਰਭਰ ਸੀ। ਰੇਸ਼ਮੀ ਕੱਪੜਾ, ਕਾਗਜ਼ ਤੇ ਵਿਸਫੋਟਕ ਸਮੱਗਰੀ ਚੀਨ ਤੋਂ ਪੱਛਮੀ ਏਸ਼ੀਆ ਪਹੁੰਚਦੀ ਸੀ। ਭਾਰਤ ਨੇ ਉਸ ਖੇਤਰ ਨੂੰ ਗਣਿਤ ਤੇ ਨਛੱਤਰ ਵਿਗਿਆਨ ਦਾ ਗਿਆਨ ਬਖ਼ਸ਼ਿਆ। ਯੁੱਧਨੀਤਕ ਹੁਨਰਮੰਦੀ ਇਰਾਨ ਦੀ ਦੇਣ ਸੀ। ਗਿਲਗਿਮੇਸ਼, ਇਲੀਅਡ, ਦਿ ਓਡਿਸੀ, ਇਕ ਹਜ਼ਾਰ ਇਕ ਰਾਤਾਂ ਵਰਗੀਆਂ ਅਦਬੀ ਰਚਨਾਵਾਂ ਪੱਛਮੀ ਏਸ਼ੀਆ ਜਾਂ ਦੱਖਣੀ ਏਸ਼ੀਆ ਵਿਚਲੀਆਂ ਦੰਦ-ਕਥਾਵਾਂ ਜਾਂ ਰਹੱਸਵਾਦੀ ਧਾਰਾਵਾਂ ਦੀ ਪੈਦਾਇਸ਼ ਸਨ।
* ਕਿਤਾਬ ਦਾ ਇਕ ਅਧਿਆਇ ‘ਅਨੁਵਾਦ ਦੇ ਦੌਰ’ ਬਾਰੇ ਹੈ। ਇਹ ਦੱਸਦਾ ਹੈ ਕਿ ਅੱਬਾਸੀ ਖ਼ਿਲਾਫ਼ਤ (ਅੱਬਾਸੀ ਖ਼ਲੀਫ਼ਿਆਂ ਦੇ ਰਾਜਕਾਲ, 750 ਤੋਂ 1258 ਈਸਵੀ) ਦੌਰਾਨ ਮੁਸਲਿਮ ਵਿਦਵਾਨਾਂ ਨੇ ਯੂਨਾਨੀ, ਭਾਰਤੀ, ਇਰਾਨੀ ਤੇ ਚੀਨੀ ਗਰੰਥਾਂ ਤੇ ਖਰੜਿਆਂ ਦਾ ਅਨੁਵਾਦ ਕੀਤਾ। ਇਹੋ ਅਨੁਵਾਦ ਅਗਲੇਰੀਆਂ ਸਦੀਆਂ ਦੌਰਾਨ ਯੂਰੋਪੀਅਨ ਵਿਦਵਾਨਾਂ ਵਾਸਤੇ ਏਸ਼ੀਆ ਬਾਰੇ ਗਿਆਨ ਦਾ ਦਰ ਖੋਲ੍ਹਣ ਦਾ ਸਾਧਨ ਸਿੱਧ ਹੋਇਆ।
* ਏਸ਼ੀਆ ਤੋਂ ਵਸਤਾਂ ਤੇ ਗਿਆਨ ਦੇ ਯੂਰੋਪ ਵੱਲ ਤਬਾਦਲੇ ਉੱਤੇ ਰੋਕ ਇਸਲਾਮਪ੍ਰਸਤਾਂ ਤੇ ਕੈਥੋਲਿਕਾਂ ਦਰਮਿਆਨ 1095 ਤੋਂ 1291 ਤਕ ਚੱਲਦੇ ਧਰਮ-ਯੁੱਧਾਂ ਕਾਰਨ ਨਹੀਂ ਲੱਗੀ, ਬਲਕਿ ਯੂਰੋਪ ਵਿਚ 1346 ਤੋਂ 1353 ਫੈਲੇ ਰਹੇ ‘ਕਾਲੇ ਪਲੇਗ’ ਕਾਰਨ ਲਾਗੂ ਹੋਈ। ਇਸ ਮਹਾਂਮਾਰੀ ਦੌਰਾਨ ਇਕ ਕਰੋੜ ਯੂਰੋਪੀਅਨ ਮੌਤ ਦਾ ਸ਼ਿਕਾਰ ਹੋਏ (ਕਈ ਸਰੋਤ ਤਾਂ ਇਹ ਗਿਣਤੀ 10 ਕਰੋੜ ਵੀ ਦੱਸਦੇ ਹਨ)। ਉਸ ਸਮੇਂ ਏਸ਼ੀਅਨਾਂ ਵਿਚ ਇਹ ਰਾਇ ਆਮ ਸੀ ਕਿ ਯੂਰੋਪ ਮਹਾਂਰੋਗਾਂ ਦਾ ਘਰ ਹੈ। ਉਸ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਹੀਂ ਰੱਖੀ ਜਾਣੀ ਚਾਹੀਦੀ। ਇਸ ਸੋਚ ਦਾ ਅਸਰ ਤਕਰੀਬਨ ਇਕ ਸਦੀ ਤਕ ਰਿਹਾ।
ਇਕ ਪੱਛਮੀ ਵਿਦਵਾਨ ਵੱਲੋਂ ਵਿਗਿਆਨਕ ਤੇ ਇਤਿਹਾਸਕ ਸਬੂਤਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਇਹ ਕਿਤਾਬ, ਪੱਛਮੀ ਹੈਂਕੜਬਾਜ਼ਾਂ ਨੂੰ ਪੂਰੀ ਤਰ੍ਹਾਂ ਮਾਯੂਸ ਕਰਨ ਵਾਲੀ ਹੈ। ਇਸੇ ਲਈ ਇਸ ਦੀ ਨੁਕਤਾਚੀਨੀ ਕਈ ਪਾਸਿਆਂ ਤੋਂ ਸ਼ੁਰੂ ਹੋ ਗਈ ਹੈ। ਡਾ. ਕੁਇੰਨ ਦਾ ਕਹਿਣਾ ਹੈ ਕਿ ਉਹ ਅਜਿਹੀ ਚੁਣੌਤੀ ਲਈ ਪਹਿਲਾਂ ਹੀ ਤਿਆਰ ਹੈ। ਉਸ ਕੋਲ ਦਲੀਲ ਦਾ ਜਵਾਬ ਦਲੀਲ ਨਾਲ ਦੇਣ ਵਾਲੀ ਸਮੱਗਰੀ ਅਤੇ ਸਬੂਤ ਮੌਜੂਦ ਹਨ। ਉਹ ਤਾਂ ਇਹ ਪਰਖਣਾ ਚਾਹੁੰਦੀ ਹੈ ਕਿ ਉਸ ਦੇ ਨੁਕਤਾਚੀਨ ਉਸ ਦੀਆਂ ਧਾਰਨਾਵਾਂ ਦੇ ਖ਼ਿਲਾਫ਼ ਕੀ-ਕੀ ਪੇਸ਼ ਕਰਦੇ ਹਨ। ਕਿਤਾਬ, ਸਚਮੁੱਚ, ਪੜ੍ਹਨਯੋਗ ਹੈ।

Advertisement

Advertisement
Author Image

Advertisement