‘ਸਨੁੱਖੀ ਪੰਜਾਬਣ’ ਮੁਕਾਬਲੇ ਦਾ ਤਾਜ ਦਿੱਲੀ ਦੀ ਚਰਨਕਮਲ ਦੇ ਸਿਰ
ਕੁਲਦੀਪ ਸਿੰਘ
ਨਵੀਂ ਦਿੱਲੀ, 7 ਅਕਤੂਬਰ
ਇੱਥੇ ਕਰੋਲ ਬਾਗ ਸਥਿਤ ਭਾਈ ਜੋਗਾ ਸਿੰਘ ਸਕੂਲ ਵਿੱਚ ਸੁਨੱਖੀ ਪੰਜਾਬਣ ਮੁਕਾਬਲੇ ਦਾ 6ਵਾਂ ਸੀਜ਼ਨ ਅੱਜ ਸਮਾਪਤ ਹੋ ਗਿਆ। ਸੁਨੱਖੀ ਪੰਜਾਬਣ ਮੁਕਾਬਲੇ ਦੀ ਪ੍ਰਬੰਧਕ ਡਾ. ਅਵਨੀਤ ਕੌਰ ਭਾਟੀਆ ਵਲੋਂ ਜਾਰੀ ਇਹ ਸ਼ਲਾਘਾਯੋਗ ਪਹਿਲਕਦਮੀ ਪੰਜਾਬੀ ਔਰਤਾਂ ਨੂੰ ਉਨ੍ਹਾਂ ਦੀ ਵਿਆਹੁਤਾ ਸਥਿਤੀ, ਕੱਦ ਜਾਂ ਭਾਰ ਦੀ ਪਰਵਾਹ ਕੀਤੇ ਬਿਨਾਂ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਮੰਚ ਮੁਹੱਈਆ ਕਰਾਉਣਾ ਹੈ। ਗ੍ਰੈਂਡ ਫਿਨਾਲੇ ਵਿੱਚ ਮੁੱਖ ਮਹਿਮਾਨਾਂ ਵਜੋਂ ਅਦਾਕਾਰ ਤੇ ਵਿਰਾਸਤ ਫਿਲਮਜ਼ ਦੇ ਮਾਲਕ ਜਰਨੈਲ ਸਿੰਘ ਅਤੇ ਸਹਾਇਕ ਨਿਰਦੇਸ਼ਕ ਜੱਸੀ ਸੰਘਾ ਨੇ ਹਾਜ਼ਰੀ ਭਰੀ। ਜੱਜਮੈਂਟ ਦੀ ਭੂਮਿਕਾ ਅਦਾਕਾਰ ਅੰਕਿਤ ਹੰਸ, ਜੀਤ ਮਠਾਰੂ, ਹਰਪ੍ਰੀਤ ਕੌਰ, ਐਸ਼ਲੇ ਕੌਰ ਅਤੇ ਪੁਨੀਤ ਕੋਚਰ ਨੇ ਨਿਭਾਈ। ਇਨ੍ਹਾਂ ਤੋਂ ਇਲਾਵਾ ਜਸਲੀਨ ਕੌਰ ਮੋਂਗਾ (ਬੀਬੀ ਰਜਨੀ ਦੀ ਗਾਇਕਾ), ਪ੍ਰਿਅੰਕਾ ਸੇਠੀ, ਡਾ. ਹਰੀਸ਼ ਭਾਟੀਆ, ਸ਼ੀਨਾ ਵਾਲੀਆ-ਮਾਂ ਪ੍ਰਭਾਵਕ ਅਤੇ ਰੋਪੜ ਤੋਂ ਸੀਜ਼ਨ-5 ਦੀ ਜੇਤੂ ਹਰਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦਿੱਲੀ ਦੇ ਵਿਦਿਆਰਥੀ ਵੱਲੋਂ ਕੀਰਤਨ ਨਾਲ ਕੀਤੀ ਗਈ। ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਮਾਤਾ ਸੁੰਦਰੀ ਕਾਲਜ ਫ਼ਾਰ ਵਿਮੈੱਨ) ਅਤੇ ਸ੍ਰੀ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਦੀਆਂ ਟੀਮਾਂ ਨੇ ਭੰਗੜਾ ਤੇ ਗਿੱਧਾ ਪੇਸ਼ ਕੀਤਾ। ਬਾਬਾ ਫਤਹਿ ਸਿੰਘ ਸਪੈਸ਼ਲ ਸਕੂਲ ਦੁਆਰਾ ਇੱਕ ਬੇਮਿਸਾਲ ਅਤੇ ਦਿਲ ਨੂੰ ਛੋਹਣ ਵਾਲਾ ਪ੍ਰਦਰਸ਼ਨ ਕੀਤਾ ਗਿਆ। ਸੁਨੱਖੀ ਪੰਜਾਬਣ ਦੀ ਪ੍ਰਬੰਧਕ ਡਾ. ਅਵਨੀਤ ਕੌਰ ਭਾਟੀਆ ਨੇ ਕਿਹਾ ਕਿ ਮੁਕਾਬਲੇ ਵਿੱਚ ਦਿੱਲੀ, ਮੁੰਬਈ, ਮਥੁਰਾ, ਆਗਰਾ, ਕੁਰਕਸ਼ੇਤਰ, ਸਿਰਸਾ, ਫ਼ਿਰੋਜ਼ਪੁਰ, ਗਿੱਦੜਬਾਹਾ, ਮਾਨਸਾ, ਸੰਗਰੂਰ ਆਦਿ ਵੱਖ ਵੱਖ ਸ਼ਹਿਰਾਂ ਤੋਂ ਭਾਗ ਲੈਣ ਵਾਲੇ 25 ਭਾਗੀਦਾਰਾਂ ਨੇ ਸਮਾਜਿਕ ਸੰਦੇਸ਼ ਦੇਣ ਵਾਲੇ ਮੋਨੋ ਐਕਟਿੰਗ, ਐਥਲੈਟਿਕਸ, ਭੰਗੜਾ, ਗਿੱਧਾ ਅਤੇ ਗਾਇਨ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਗ੍ਰੈਂਡ ਫਿਨਾਲੇ ਵਿੱਚ ਦਿੱਲੀ ਦੀ ਚਰਨਕਮਲ ਨੂੰ ਸੁਨੱਖੀ ਪੰਜਾਬਣ ਸੀਜ਼ਨ-6 ਦੀ ਜੇਤੂ ਕਰਾਰ ਦਿੱਤਾ। ਅੰਮ੍ਰਿਤਸਰ ਦੀ ਰਾਧਿਕਾ ਸ਼ਰਮਾ ਨੂੰ ਫਸਟ ਰਨਰਅੱਪ, ਗਿੱਦੜਬਾਹਾ ਦੀ ਰਿਤੂ ਕੌਰ ਅਤੇ ਮਾਨਸਾ ਦੀ ਸੁਮਨਦੀਪ ਕੌਰ ਨੂੰ ਸੈਕਿੰਡ ਰਨਰਅੱਪ ਚੁਣਿਆ ਗਿਆ। ਜਿਸ ਅਨੁਸਾਰ ਪਹਿਲੇ ਇਨਾਮ ਜੇਤੂ ਨੂੰ ਉੱਤਰਾਖੰਡ ਵੈਂਚਰਸ ਦੁਆਰਾ ਜਿਮ ਕਾਰਬੇਟ ਵਿੱਚ 3 ਦਿਨ ਅਤੇ 2 ਰਾਤਾਂ ਠਹਿਰ ਅਤੇ 21 ਹਜ਼ਾਰ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਤਿੰਨੇ ਜੇਤੂਆਂ ਨੂੰ ਪੰਜਾਬੀ ਵਿਰਸੇ ਦਾ ਪ੍ਰਤੀਕ ਗੋਲਡ ਪਲੇਟਿਡ ਸੱਗੀ ਫੁੱਲ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਹਰੇਕ ਪ੍ਰਤੀਯੋਗੀ ਨੂੰ 11 ਹਜ਼ਾਰ ਦਾ ਇਨਾਮ ਦਿੱਤਾ ਗਿਆ।