ਕਈ ਪਿੰਡਾਂ ਦੀਆਂ ਫ਼ਸਲਾਂ ਨੂੰ ਪਈ ਯਮੁਨਾ ਦੀ ਮਾਰ
ਪੱਤਰ ਪ੍ਰੇਰਕ
ਫਰੀਦਾਬਾਦ, 17 ਜੁਲਾਈ
ਯਮੁਨਾ ਨਦੀ ਵਿੱਚ ਆਏ ਹੜ੍ਹ ਕਾਰਨ ਜ਼ਿਲ੍ਹਾ ਫਰੀਦਾਬਾਦ ਵਿੱਚ ਸੈਂਕੜੇ ਏਕੜ ਫਸਲ ਬਰਬਾਦ ਹੋ ਗਈ ਹੈ। ਹਥਨੀਕੁੰਡ ਬੈਰਾਜ ਤੋਂ ਛੱਡੇ ਪਾਣੀ ਦਾ ਪੱਧਰ ਥੋੜ੍ਹਾ ਹੇਠਾਂ ਆਇਆ ਹੈ ਪਰ 5 ਦਨਿਾਂ ਤੋਂ ਲਗਾਤਾਰ ਖੇਤਾਂ ਵਿੱਚ ਖੜ੍ਹੇ ਪਾਣੀ ਨਾਲ ਝੋਨੇ ਦੀ ਫਸਲ ਸਮੇਤ ਸਬਜ਼ੀਆਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਬੱਲਭਗੜ੍ਹ ਤਹਿਸੀਲ ਸਮੇਤ ਪਲਵਲ ਜ਼ਿਲ੍ਹੇ ਦੇ ਯਮੁਨਾ ਦੇ ਨਾਲ ਲੱਗਦੇ ਇਲਾਕੇ ਦੇ ਖੇਤਾਂ ਵਿੱਚ ਹੜ੍ਹ ਦਾ ਪਾਣੀ ਹਾਲੇ ਤੱਕ ਖੜ੍ਹਿਆ ਹੈ। ਜ਼ਿਲ੍ਹੇ ਦੇ ਬਸੰਤਪੁਰ, ਡਡਸੀਆ, ਕਿਦਵਾਲੀ, ਲਾਲਪੁਰ, ਮੌਜਮਾਬਾਦ ਤੇ ਦੁੱਲੇਪਰ ਸਣੇ
ਦਰਜਨ ਦੇ ਕਰੀਬ ਪਿੰਡਾਂ ਵਿੱਚ ਫ਼ਸਲ ਖਰਾਬ ਹੋਈ ਹੈ। ਪਾਣੀ ਨੇ ਅੱਗੇ ਮਥੁਰਾ ਤੱਕ ਮਾਰ ਕੀਤੀ ਹੈ। ਜੱਟ ਸਿੱਖ ਸਭਾ ਦੇ ਸਾਬਕਾ ਪ੍ਰਧਾਨ ਮੰਗਲ ਸਿੰਘ ਔਜਲਾ ਨੇ ਕਿਹਾ ਕਿ ਇਸ ਵਾਰ ਪਏ ਮੀਂਹਾਂ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸ੍ਰੀ ਔਜਲਾ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਪਸ਼ੂਆਂ ਦਾ ਵੀ ਨੁਕਸਾਨ ਹੋਇਆ ਹੈ ਇਸ ਲਈ ਪਸ਼ੂ ਪਾਲਣ ਮਹਿਕਮਾ ਮੁਆਵਜ਼ਾ ਤੈਅ ਕਰਕੇ ਛੇਤੀ ਭੁਗਤਾਨ ਕਰੇ।
ਸਮਾਜ ਸੇਵੀ ਸੁਖਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ ਛਾਂਸਾ ਪਿੰਡ ਵਿੱਚੋਂ ਐਨਡੀਆਰਐੱਫ ਟੀਮ ਨੇ 10 ਲੋਕਾਂ ਨੂੰ ਹੜ੍ਹ ਵਾਲੇ ਖੇਤਰ ਤੋਂ ਸੁਰੱਖਿਅਤ ਕੱਢਿਆ ਜਿਸ ਵਿੱਚ ਕਈ ਸਿੱਖ ਕਿਸਾਨ ਪਰਿਵਾਰ ਦੇ ਲੋਕ ਵੀ ਸ਼ਾਮਲ ਸਨ। ਸਿੰਘ ਸਭਾ ਸੈਕਟਰ-15 ਦੀ ਪ੍ਰਧਾਨ ਰਾਣਾ ਕੌਰ ਭੱਟੀ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਸੈਕਟਰ-91 ਦੀ ਸਿੰਘ ਸਭਾ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਉਧਰ ਪ੍ਰਸ਼ਾਸਨ ਵੱਲੋਂ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਲਈ 22 ਟੀਮਾਂ ਲਾਈਆਂ ਗਈਆਂ ਹਨ ਤੇ ਵਿਸ਼ੇਸ਼ ਟੀਕਾ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਪੀੜਤ ਕਿਸਾਨਾਂ ਲਈ 75 ਏਕੜ ਵਿੱਚ ਪਨੀਰੀ ਬੀਜੀ
ਰਤੀਆ (ਪੱਤਰ ਪ੍ਰੇਰਕ): ਹੜ੍ਹ ਕਾਰਨ ਫਤਿਹਾਬਾਦ ਜ਼ਿਲ੍ਹੇ ’ਚ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ। ਪੀੜਤ ਕਿਸਾਨਾਂ ਦੀ ਮਦਦ ਲਈ ਜਿੱਥੇ ਕਈ ਜਥੇਬੰਦੀਆਂ ਵੱਲੋਂ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ, ਉਥੇ ਹੀ ਭਾਰਤੀ ਕਿਸਾਨ ਯੂਨੀਅਨ ਖੇਤੀ ਬਚਾਓ ਹਰਿਆਣਾ ਨੇ ਪਨੀਰੀ ਦੇ ਲੰਗਰ ਲਗਾਉਣ ਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਪਨੀਰੀ ਰਸੂਲਪੁਰ, ਭੂੰਦੜ, ਸੁੰਦਰਨਗਰ, ਹਮਜ਼ਾਪੁਰ, ਤਾਮਸਪੁਰਾ, ਰੋਝਾਂਵਾਲੀ, ਜੱਲੋਪੁਰ ਭਰਪੂਰ ਅਤੇ ਨੱਥਵਾਨ ਆਦਿ ਪਿੰਡਾਂ ਵਿਚ ਕਰੀਬ 75 ਏਕੜ ਰਕਬੇ ਵਿਚ ਪਨੀਰੀ ਦੀ ਬਿਜਾਈ ਕੀਤੀ ਜਾ ਰਹੀ ਹੈ, ਜੋ ਪ੍ਰਭਾਵਿਤ ਕਿਸਾਨਾਂ ਲਈ ਬਿਲਕੁਲ ਮੁਫਤ ਉਪਲਬਧ ਹੋਵੇਗੀ। ਸੂਬਾ ਪ੍ਰਧਾਨ ਜਰਨੈਲ ਸਿੰਘ ਮੱਲਾਂਵਾਲਾ, ਜਨਰਲ ਸਕੱਤਰ ਰਾਕੇਸ਼ ਕੰਬੋਜ ਤੇ ਖਜ਼ਾਨਚੀ ਇਕਬਾਲ ਸਿੰਘ ਖੋਖਰ ਨੇ ਪ੍ਰਭਾਵਿਤ ਖੇਤਰ ਦੇ ਪਿੰਡਾਂ ਲਾਂਬਾ, ਘਾਸਵਾ, ਤੇਲੀਬਾੜਾ ਅਤੇ ਚਿੰਮੋ ਦਾ ਦੌਰਾ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਸੇਵਾ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਬਲਵਿੰਦਰ ਸਿੰਘ ਥਿੰਦ, ਗੁਰਨਾਮ ਸਿੰਘ ਧਾਲੀਵਾਲ, ਤੇਜਿੰਦਰ ਸਿੰਘ ਔਜਲਾ ਤੇ ਮਾਨ ਸਿੰਘ, ਬੇਗ ਰਾਜ ਫੁਲਾਂ, ਬੰਸੀ ਲਾਲ ਸਿਹਾਗ ਤੇ ਸਾਬਕਾ ਸਰਪੰਚ ਸੁਰੇਸ਼ ਝਾਮ ਆਦਿ ਮੈਂਬਰ ਹਾਜ਼ਰ ਸਨ।